''ਪੂਰੀ ਤਰ੍ਹਾਂ ਸਦਮੇ ''ਚ ਹਾਂ''; ਅਦਨਾਨ ਸਾਮੀ ਨੇ ਹਾਲੀਵੁੱਡ ਫਿਲਮ ਨਿਰਮਾਤਾ ਰੌਬ ਰੇਨਰ ਦੇ ਦਿਹਾਂਤ ''ਤੇ ਪ੍ਰਗਟਾਇਆ ਦੁੱਖ
Tuesday, Dec 16, 2025 - 02:29 PM (IST)
ਮੁੰਬਈ (ਏਜੰਸੀ)- ਪਲੇਬੈਕ ਗਾਇਕ ਅਦਨਾਨ ਸਾਮੀ ਨੇ ਹਾਲੀਵੁੱਡ ਫਿਲਮ ਨਿਰਮਾਤਾ ਰੌਬ ਰੇਨਰ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ। ਦੱਸ ਦੇਈਏ ਕਿ ਮਸ਼ਹੂਰ ਹਾਲੀਵੁੱਡ ਫਿਲਮ ਨਿਰਦੇਸ਼ਕ ਰੌਬ ਰੇਨਰ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਸਿੰਗਰ ਰੇਨਰ 14 ਦਸੰਬਰ 2025 ਨੂੰ ਲਾਸ ਏਂਜਲਸ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ।
ਅਦਨਾਨ ਸਾਮੀ ਨੇ ਪ੍ਰਗਟਾਇਆ ਦੁੱਖ
ਸਾਮੀ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ ਉਹ "ਮਹਾਨ ਫਿਲਮ ਨਿਰਦੇਸ਼ਕ ਰੌਬ ਰੇਨਰ ਅਤੇ ਉਨ੍ਹਾਂ ਦੀ ਪਤਨੀ ਦੀ ਦੁਖਦਾਈ ਮੌਤ ਬਾਰੇ ਸੁਣ ਕੇ ਪੂਰੀ ਤਰ੍ਹਾਂ ਸਦਮੇ ਵਿੱਚ ਹਨ"। ਉਨ੍ਹਾਂ ਨੇ ਰੇਨਰ ਨੂੰ ਆਪਣੇ ਮਨਪਸੰਦ ਨਿਰਦੇਸ਼ਕਾਂ ਵਿੱਚੋਂ ਇੱਕ ਦੱਸਿਆ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਰੌਬ ਰੇਨਰ ਦੀ ਫਿਲਮੀ ਵਿਰਾਸਤ
78 ਸਾਲਾ ਰੌਬ ਰੇਨਰ ਨੂੰ ਅਮਰੀਕੀ ਫਿਲਮ ਅਤੇ ਟੈਲੀਵਿਜ਼ਨ ਦੇ ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਜਿਨ੍ਹਾਂ ਨੇ ਅਦਾਕਾਰੀ ਅਤੇ ਨਿਰਦੇਸ਼ਨ ਦੋਵਾਂ ਖੇਤਰਾਂ ਵਿੱਚ ਸ਼ਾਨਦਾਰ ਕੰਮ ਕੀਤਾ। ਉਨ੍ਹਾਂ ਨੇ ਕਈ ਆਈਕਾਨਿਕ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ, ਜਿਨ੍ਹਾਂ ਵਿੱਚ ‘When Harry Met Sally’, ‘This Is Spinal Tap’, ‘A Few Good Men’, ‘Misery’, ‘The Princess Bride’, ਅਤੇ ‘Stand by Me’ ਸ਼ਾਮਲ ਹਨ। ਉਨ੍ਹਾਂ ਦੇ ਕੰਮ ਦੀ ਖਾਸ ਗੱਲ ਇਹ ਸੀ ਕਿ ਉਹ ਫਿਲਮਾਂ ਵਿਚ ਤਮਾਸ਼ੇ ਦੀ ਬਜਾਏ ਪਾਤਰ, ਸੰਵਾਦ ਅਤੇ ਭਾਵਨਾਤਮਕ ਸੱਚਾਈ ਨੂੰ ਤਰਜੀਹ ਦਿੰਦੇ ਸਨ। ਨਿਰਦੇਸ਼ਨ ਤੋਂ ਪਹਿਲਾਂ, ਉਨ੍ਹਾਂ ਨੇ 'All in the Family' ਵਿੱਚ ਮਾਈਕਲ “ਮੀਟਹੈੱਡ” ਸਟੀਵਿਕ ਦੇ ਕਿਰਦਾਰ ਨਾਲ ਸਫਲਤਾ ਪ੍ਰਾਪਤ ਕੀਤੀ ਸੀ। ਫਿਲਮਾਂ ਤੋਂ ਇਲਾਵਾ, ਉਹ ਰਾਜਨੀਤਿਕ ਅਤੇ ਨਾਗਰਿਕ ਮੁੱਦਿਆਂ 'ਤੇ ਵੀ ਸਰਗਰਮ ਜਨਤਕ ਆਵਾਜ਼ ਸਨ।
ਹੱਤਿਆ ਦੇ ਐਂਗਲ ਤੋਂ ਜਾਂਚ
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਤਲ ਦੇ ਐਂਗਲ ਤੋਂ ਕਰ ਰਹੀ ਹੈ। ਲਾਸ ਏਂਜਲਸ ਪੁਲਸ ਵਿਭਾਗ ਦੀ ਰੌਬਰੀ-ਹੋਮਿਸਾਈਡ ਡਿਵੀਜ਼ਨ ਇਸ ਜਾਂਚ ਦੀ ਅਗਵਾਈ ਕਰ ਰਹੀ ਹੈ। ਪੁਲਸ ਅਨੁਸਾਰ, ਦੋਵਾਂ ਨੂੰ ਚਾਕੂ ਦੇ ਜ਼ਖਮਾਂ ਵਰਗੀਆਂ ਜਾਨਲੇਵਾ ਸੱਟਾਂ ਲੱਗੀਆਂ ਸਨ।
