‘ਆਦਿਪੁਰਸ਼’ ਦੀ ਲੱਗੀ ਲੰਕਾ, 300 ਕਰੋੜ ਕੁਮਾਉਣੇ ਹੋਏ ਮੁਸ਼ਕਿਲ, ਜਾਣੋ ਹੁਣ ਤਕ ਦੀ ਕਮਾਈ
Monday, Jun 26, 2023 - 01:41 PM (IST)
ਮੁੰਬਈ (ਬਿਊਰੋ)– ਪ੍ਰਭਾਸ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ‘ਆਦਿਪੁਰਸ਼’ ਦੀ ਲੰਕਾ ਲੱਗ ਗਈ ਹੈ। ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ 500 ਕਰੋੜ ਦੇ ਵੱਡੇ ਬਜਟ ’ਚ ਬਣੀ ਫ਼ਿਲਮ ਦਾ ਅਜਿਹਾ ਹਾਲ ਹੋਵੇਗਾ। ਓਮ ਰਾਓਤ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਦੀ ਕਲੈਕਸ਼ਨ ਹਰ ਦਿਨ ਡਿੱਗ ਰਹੀ ਹੈ। ਪਹਿਲੇ ਵੀਕੈਂਡ ’ਚ ਠੋਸ ਕਮਾਈ ਕਰਨ ਵਾਲੀ ‘ਆਦਿਪੁਰਸ਼’ ਦੂਜੇ ਵੀਕੈਂਡ ’ਚ ਫੁੱਸ ਸਾਬਿਤ ਹੋਈ। ਫ਼ਿਲਮ ਨੇ 10 ਦਿਨਾਂ ’ਚ 274.55 ਕਰੋੜ ਦਾ ਕਾਰੋਬਾਰ ਕਰ ਲਿਆ ਹੈ।
‘ਆਦਿਪੁਰਸ਼’ ਨੇ ਦੂਜੇ ਸ਼ਨੀਵਾਰ ਨੂੰ 5.25 ਕਰੋੜ ਇਕੱਠੇ ਕੀਤੇ ਤੇ ਐਤਵਾਰ ਨੂੰ 6 ਕਰੋੜ ਦੀ ਕਮਾਈ ਕੀਤੀ। ਸ਼ਨੀਵਾਰ ਦੀ ਤੁਲਨਾ ’ਚ ਕਲੈਕਸ਼ਨ ’ਚ ਮਾਮੂਲੀ ਵਾਧਾ ਦੇਖਿਆ ਗਿਆ ਪਰ ਇਹ ਖ਼ੁਸ਼ ਕਰਨ ਵਾਲਾ ਨਹੀਂ ਹੈ ਕਿਉਂਕਿ ਇਹ ਉਹੀ ‘ਆਦਿਪੁਰਸ਼’ ਹੈ, ਜਿਸ ਨੇ ਭਾਰਤ ’ਚ ਪਹਿਲੇ 3 ਦਿਨਾਂ ’ਚ 220 ਕਰੋੜ ਰੁਪਏ ਕਮਾਏ ਸਨ। ਫਿਰ ਹੌਲੀ-ਹੌਲੀ ਇਸ ਫ਼ਿਲਮ ’ਤੇ ਵਿਵਾਦ ਇਸ ਤਰ੍ਹਾਂ ਹਾਵੀ ਹੋ ਗਿਆ ਕਿ 500 ਕਰੋੜ ’ਚ ਬਣੀ ਫ਼ਿਲਮ ਹਰ ਰੋਜ਼ ਡੁੱਬਣ ਲੱਗੀ। ਹੁਣ ਪ੍ਰਭਾਸ ਦੀ ਫ਼ਿਲਮ ਲਈ 300 ਕਰੋੜ ਤੱਕ ਪਹੁੰਚਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ‘ਆਦਿਪੁਰਸ਼’ 300 ਕਰੋੜ ਕਮਾਉਣ ਤੋਂ ਪਹਿਲਾਂ ਹੀ ਸਿਮਟ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ, PM ਮੋਦੀ ਸਾਹਮਣੇ ਆਖੀ ਇਹ ਗੱਲ
ਫ਼ਿਲਮ ਦੀ ਕਿਸ਼ਤੀ ਨੂੰ ਡੁੱਬਣ ਤੋਂ ਬਚਾਉਣ ਲਈ ਨਿਰਮਾਤਾਵਾਂ ਨੇ ਕੀ ਨਹੀਂ ਕੀਤਾ। ਬਜਰੰਗਬਲੀ ਦੇ ਡਾਇਲਾਗ ਬਦਲ ਦਿੱਤੇ ਗਏ ਹਨ, ਟਿਕਟਾਂ ਸਸਤੀਆਂ ਕੀਤੀਆਂ ਗਈਆਂ ਹਨ। ਇਸ ਦੇ ਬਾਵਜੂਦ ‘ਆਦਿਪੁਰਸ਼’ ਦਰਸ਼ਕ ਨਹੀਂ ਮਿਲ ਰਹੇ। ਲੱਗਦਾ ਹੈ ਕਿ ਲੋਕ ਇਸ ਫ਼ਿਲਮ ਤੋਂ ਦੂਰ ਹੋ ਗਏ ਹਨ ਤੇ ਹੁਣ ਉਨ੍ਹਾਂ ਦਾ ਵਾਪਸੀ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਹੀ ਕਾਰਨ ਹੈ ਕਿ ਫ਼ਿਲਮ ਦੂਜੇ ਹਫ਼ਤੇ ਵੀ 100 ਕਰੋੜ ਦੀ ਕਮਾਈ ਨਹੀਂ ਕਰ ਸਕੀ।
ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ 29 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਸਿਨੇਮਾਘਰਾਂ ’ਚ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ‘ਆਦਿਪੁਰਸ਼’ ਦਾ ਠੱਪ ਹੋਣਾ ਲਗਭਗ ਤੈਅ ਹੈ। ਫਿਲਹਾਲ ਵਿੱਕੀ ਕੌਸ਼ਲ ਦੀ ਫ਼ਿਲਮ ‘ਜ਼ਰਾ ਹਟਕੇ ਜ਼ਰਾ ਬਚਕੇ’ ਨੂੰ ਪ੍ਰਭਾਸ ਦੀ ‘ਆਦਿਪੁਰਸ਼’ ਨੂੰ ਦਰਸ਼ਕ ਨਾ ਮਿਲਣ ਦਾ ਫ਼ਾਇਦਾ ਹੋ ਰਿਹਾ ਹੈ। ਇਹ ਫ਼ਿਲਮ ਚੰਗੀ ਕਮਾਈ ਕਰ ਰਹੀ ਹੈ। ‘ਆਦਿਪੁਰਸ਼’ ਲਈ ਦੂਜੇ ਸੋਮਵਾਰ ’ਚ ਦਰਸ਼ਕਾਂ ਨੂੰ ਇਕੱਠਾ ਕਰਨਾ ਬੇਹੱਦ ਮੁਸ਼ਕਿਲ ਹੋਣ ਵਾਲਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।