ਲਾਈਵ ਸ਼ੋਅ ਦੌਰਾਨ ਅਦਾਕਾਰਾ ਮਿਮੀ ਚੱਕਰਵਰਤੀ ਨਾਲ ਹੋਈ ਬਦਸਲੂਕੀ, FIR ਦਰਜ
Tuesday, Jan 27, 2026 - 01:31 PM (IST)
ਮਨੋਰੰਜਨ ਡੈਸਕ - ਬੰਗਾਲੀ ਅਦਾਕਾਰਾ ਅਤੇ ਸਾਬਕਾ ਟੀ.ਐਮ.ਸੀ. (TMC) ਸੰਸਦ ਮੈਂਬਰ ਮਿਮੀ ਚੱਕਰਵਰਤੀ ਉੱਤਰੀ 24 ਪਰਗਨਾ ਦੇ ਬੋਂਗਾਂਓ ’ਚ ਇਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਹੋਏ ਵਿਵਾਦ ਕਾਰਨ ਸੁਰਖੀਆਂ ਵਿਚ ਹਨ। ਮਿਮੀ ਨੇ ਇਲਜ਼ਾਮ ਲਾਇਆ ਹੈ ਕਿ ਇੱਕ ਲਾਈਵ ਸ਼ੋਅ ਦੌਰਾਨ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਬਦਸਲੂਕੀ ਅਤੇ ਅਪਮਾਨਜਨਕ ਵਿਹਾਰ ਕੀਤਾ। ਉਨ੍ਹਾਂ ਅਨੁਸਾਰ, ਪ੍ਰਬੰਧਕਾਂ ਵਿਚੋਂ ਇਕ ਨੇ ਜ਼ਬਰਦਸਤੀ ਉਨ੍ਹਾਂ ਦਾ ਪ੍ਰੋਗਰਾਮ ਰੁਕਵਾ ਦਿੱਤਾ ਅਤੇ ਅੱਧੀ ਰਾਤ ਨੂੰ ਉਨ੍ਹਾਂ ਨੂੰ ਸਟੇਜ ਛੱਡਣ ਲਈ ਕਿਹਾ ਗਿਆ। ਇਸ ਘਟਨਾ ਤੋਂ ਬਾਅਦ ਅਦਾਕਾਰਾ ਨੇ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਦੌਰਾਨ ਦੂਜੇ ਪਾਸੇ, ਪ੍ਰਬੰਧਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਿਮੀ ਪ੍ਰੋਗਰਾਮ 'ਚ ਇੱਕ ਘੰਟਾ ਦੇਰੀ ਨਾਲ ਪਹੁੰਚੀ ਸੀ ਅਤੇ ਪੁਲਸ ਵੱਲੋਂ ਸਿਰਫ਼ ਰਾਤ 12 ਵਜੇ ਤੱਕ ਦੀ ਹੀ ਇਜਾਜ਼ਤ ਹੋਣ ਕਾਰਨ ਪ੍ਰੋਗਰਾਮ ਰੋਕਣਾ ਪਿਆ। ਪ੍ਰਬੰਧਕਾਂ ਨੇ ਮਿਮੀ ਦੇ ਬਾਊਂਸਰਾਂ 'ਤੇ ਮਹਿਲਾ ਮੈਂਬਰਾਂ ਨਾਲ ਧੱਕਾਮੁੱਕੀ ਕਰਨ ਦੇ ਇਲਜ਼ਾਮ ਵੀ ਲਗਾਏ ਹਨ। ਫਿਲਹਾਲ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
