ਅਦਾਕਾਰ ਅਰਸ਼ਦ ਵਾਰਸੀ ਤੇ ਪਤਨੀ ਮਾਰੀਆ ਘਿਰੇ ਮੁਸ਼ਕਿਲਾਂ ''ਚ, ਲੱਗੇ ਗੰਭੀਰ ਦੋਸ਼

03/03/2023 11:41:23 AM

ਨਵੀਂ ਦਿੱਲੀ (ਬਿਊਰੋ) – ਮਸ਼ਹੂਰ ਅਦਾਕਾਰ ਅਰਸ਼ਦ ਵਾਰਸੀ ਅਤੇ ਉਨ੍ਹਾਂ ਦੀ ਪਤਨੀ ਮੁਸ਼ਕਿਲ ’ਚ ਫਸ ਗਏ ਹਨ। ਉਨ੍ਹਾਂ ’ਤੇ ਗ਼ਲਤ ਤਰੀਕੇ ਨਾਲ ਪੈਸੇ ਕਮਾਉਣ ਦੇ ਦੋਸ਼ ਲੱਗੇ ਹਨ। ਇਸ ’ਤੇ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਐਕਸ਼ਨ ’ਚ ਆਉਂਦੇ ਹੋਏ ਅਦਾਕਾਰ ਅਰਸ਼ਦ ਵਾਰਸੀ, ਉਨ੍ਹਾਂ ਦੀ ਪਤਨੀ ਮਾਰੀਆ ਗੋਰੇਟੀ ਅਤੇ ਸਾਧਨਾ ਬ੍ਰਾਡਕਾਸਟ ਦੇ ਪ੍ਰਮੋਟਰਸ ਸਮੇਤ 31 ਇਕਾਈਆਂ ਨੂੰ ਸਕਿਓਰਿਟੀਜ਼ ਮਾਰਕੀਟ ’ਚ ਕਾਰੋਬਾਰ ਕਰਨ ’ਤੇ ਰੋਕ ਲਾ ਦਿੱਤੀ ਹੈ। ਰੈਗੂਲੇਟਰ ਨੇ ਇਹ ਕਦਮ ਯੂਟਿਊਬ ਚੈਨਲ ’ਤੇ ਨਿਵੇਸ਼ਕਾਂ ਨੂੰ ਕੰਪਨੀ ਦੇ ਸ਼ੇਅਰ ਖਰੀਦਣ ਦਾ ਸੁਝਾਅ ਦੇਣ ਵਾਲੇ ਭਰਮਾਊ ਵੀਡੀਓ ਪਾਉਣ ਦੇ ਮਾਮਲੇ ’ਚ ਉਠਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸੁਸ਼ਮਿਤਾ ਸੇਨ ਨੂੰ ਪਿਆ ਦਿਲ ਦਾ ਦੌਰਾ, ਪਾਇਆ ਗਿਆ ਸਟੰਟ

ਕੰਪਨੀ ਦੇ ਜਿਨ੍ਹਾਂ ਪ੍ਰਮੋਟਰਸ ਨੂੰ ਸਕਿਓਰਿਟੀਜ਼ ਮਾਰਕੀਟ ਤੋਂ ਰੋਕਿਆ ਗਿਆ ਹੈ, ਉਨ੍ਹਾਂ ’ਚ ਸ਼੍ਰੇਆ ਗੁਪਤਾ, ਗੌਰਵ ਗੁਪਤਾ, ਸੌਰਭ ਗੁਪਤਾ, ਪੂਜਾ ਅੱਗਰਵਾਲ ਅਤੇ ਵਰੁਣ ਐੱਮ. ਸ਼ਾਮਲ ਹਨ। ਇਸ ਤੋਂ ਇਲਾਵਾ ਰੈਗੂਲੇਟਰ ਨੇ ਯੂਟਿਊਬ ਚੈਨਲ ’ਤੇ ਭਰਮਾਊ ਵੀਡੀਓ (ਮਿਸੀਡ ਕਰਨ ਵਾਲਾ ਵੀਡੀਓ) ਪਾਉਣ ਤੋਂ ਬਾਅਦ ਇਨ੍ਹਾਂ ਇਕਾਈਆਂ ਨੂੰ ਹੋਏ ਗੈਰ-ਕਾਨੂੰਨੀ ਲਾਭ ਦੇ 41.85 ਕਰੋੜ ਰੁਪਏ ਵੀ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ।

ਸੇਬੀ ਨੇ ਕਿਹਾ ਕਿ ਇਸ ਮਾਮਲੇ ’ਚ ਅਰਸ਼ਦ ਵਾਰਸੀ ਨੇ 29.43 ਲੱਖ ਰੁਪਏ ਦਾ ਲਾਭ ਕਮਾਇਆ, ਜਦੋਂਕਿ ਉਨ੍ਹਾਂ ਦੀ ਪਤਨੀ ਨੂੰ 37.56 ਲੱਖ ਰੁਪਏ ਦਾ ਲਾਭ ਹੋਇਆ ਹੈ। ਸੇਬੀ ਨੂੰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਟੀ. ਵੀ. ਚੈਨਲ ਸਾਧਨਾ ਬ੍ਰਾਡਕਾਸਟ ਦੇ ਸ਼ੇਅਰਾਂ ਦੇ ਮੁੱਲ ’ਚ ਕੁੱਝ ਇਕਾਈਆਂ ਵਲੋਂ ਹੇਰਾਫੇਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਇਕਾਈਆਂ ਕੰਪਨੀਆਂ ਦੇ ਸ਼ੇਅਰ ਕੱਢ ਵੀ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਸਤਿੰਦਰ ਸੱਤੀ ਬਣੀ ਕੈਨੇਡੀਅਨ ਵਕੀਲ, ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਸਥਾਪਿਤ ਕੀਤਾ ਮੀਲ ਪੱਥਰ

ਕੀ ਹਨ ਦੋਸ਼
ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਸੀ ਕਿ ਗੁੰਮਰਾਹ ਕਰਨ ਵਾਲੀ ਸਮੱਗਰੀ ਨਾਲ ਇਹ ਵੀਡੀਓ ਯੂਟਿਊਬ ’ਤੇ ਨਿਵੇਸ਼ਕਾਂ ਨੂੰ ‘ਲਾਲਚ’ ਦੇਣ ਲਈ ਪਾਏ ਗਏ ਸਨ। ਇਸ ਤੋਂ ਬਾਅਦ ਰੈਗੂਲੇਟਰ ਨੇ ਅਪ੍ਰੈਲ-ਸਤੰਬਰ 2022 ਦੌਰਾਨ ਇਸ ਮਾਮਲੇ ਦੀ ਜਾਂਚ ਕੀਤੀ। ਜਾਂਚ ’ਚ ਇਹ ਤੱਥ ਸਾਹਮਣੇ ਆਇਆ ਕਿ ਅਪ੍ਰੈਲ ਤੋਂ ਮਿਡ-ਜੁਲਾਈ, 2022 ਦੌਰਾਨ ਸਾਧਨਾ ਦੇ ਸ਼ੇਅਰਾਂ ਦੇ ਮੁੱਲ ਅਤੇ ਮਾਤਰਾ ’ਚ ਕਾਫ਼ੀ ਉਛਾਲ ਦੇਖਣ ਨੂੰ ਮਿਲਿਆ।
ਜੁਲਾਈ 2022 ਦੇ ਦੂਜੇ ਪੰਦਰਵਾੜੇ ਦੌਰਾਨ ਸਾਧਨਾ ਬਾਰੇ ਝੂਠੇਅਤੇ ਭਰਮਾਊ ਵੀਡੀਓ ਦੋ ਯੂਟਿਊਬ ਚੈਨਲ (‘ਦਿ ਐਡਵਾਈਜ਼ਰ’ ਅਤੇ ਮਨੀਵਾਈਜ਼’) ਉੱਤੇ ਪਾਏ ਗਏ। ਇਨ੍ਹਾਂ ਵੀਡੀਓ ਤੋਂ ਬਾਅਦ ਸਾਧਨਾ ਦੇ ਸ਼ੇਅਰ ਦੀ ਕੀਮਤ ਅਤੇ ਮਾਤਰਾ ’ਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਇਸ ਮਿਆਦ ’ਚ ਕੁੱਝ ਪ੍ਰਮੋਟਰਸ, ਸ਼ੇਅਰਧਾਰਕਾਂ, ਸਾਧਨਾ ਦੇ ਅਹਿਮ ਪ੍ਰਬੰਧਨ ਪੱਧਰ ’ਤੇ ਬੈਠੇ ਲੋਕਾਂ ਅਤੇ ਗੈਰ-ਪ੍ਰਮੋਟਰਸ ਸ਼ੇਅਰਧਾਰਕਾਂ ਨੇ ਵਧੇ ਮੁੱਲ ’ਤੇ ਸ਼ੇਅਰਾਂ ਦੀ ਵਿਕਰੀ ਕੀਤੀ ਅਤੇ ਮੁਨਾਫਾ ਕਮਾਇਆ। ਇਕ ਗੁੰਮਰਾਹ ਕਰਨ ਵਾਲੇ ਵੀਡੀਓ ’ਚ ਤਾਂ ਦਾਅਵਾ ਕੀਤਾ ਗਿਆ ਸੀ ਕਿ ਅਡਾਨੀ ਸਮੂਹ ਵਲੋਂ ਸਾਧਨਾ ਬ੍ਰਾਡਕਾਸਟ ਨੂੰ ਐਕਵਾਇਰ ਕੀਤਾ ਜਾਏਗਾ।


sunita

Content Editor

Related News