ਰਿਹਾਨਾ ਦੇ ਟਵੀਟ ਤੋਂ ਬਾਅਦ ਜਾਗੇ ਪੰਜਾਬੀਆਂ ਨੂੰ ਦੇਖੋ ਅੰਬਰ ਧਾਲੀਵਾਲ ਨੇ ਕੀ ਕਿਹਾ (ਵੀਡੀਓ)
Sunday, Feb 07, 2021 - 02:06 PM (IST)
ਚੰਡੀਗੜ੍ਹ (ਬਿਊਰੋ)– ਅੰਬਰ ਧਾਲੀਵਾਲ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਜ਼ ਦੀ ਵਰਤੋਂ ਪਿਛਲੇ ਕਾਫੀ ਮਹੀਨਿਆਂ ਤੋਂ ਕਿਸਾਨੀ ਅੰਦੋਲਨ ਦੇ ਸਮਰਥਨ ਲਈ ਕਰ ਰਹੀ ਹੈ। ਅੰਬਰ ਧਾਲੀਵਾਲ ਨਿੱਤ ਦਿਨ ਕਿਸਾਨੀ ਅੰਦੋਲਨ ਨਾਲ ਸਬੰਧਤ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ। ਕੁਝ ਘੰਟੇ ਪਹਿਲਾਂ ਹੀ ਅੰਬਰ ਨੇ ਇਕ ਲਾਈਵ ਵੀਡੀਓ ਆਪਣੇ ਯੂਟਿਊਬ ਚੈਨਲ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਰਿਹਾਨਾ ਦੇ ਟਵੀਟ ਤੋਂ ਬਾਅਦ ਜਾਗੇ ਪੰਜਾਬੀਆਂ ਬਾਰੇ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ।
ਅੰਬਰ ਧਾਲੀਵਾਲ ਨੇ ਲਾਈਵ ਦੀ ਸ਼ੁਰੂਆਤ ’ਚ ਕਿਹਾ ਕਿ ਜਿਨ੍ਹਾਂ ਕੋਲ ਵੱਡੇ ਪਲੇਟਫਾਰਮਜ਼ ਹਨ ਤੇ ਉਨ੍ਹਾਂ ਦੀ ਵਰਤੋਂ ਜੇਕਰ ਉਹ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਨਹੀਂ ਕਰ ਰਹੇ ਤਾਂ ਇਹ ਉਨ੍ਹਾਂ ਲਈ ਮਾੜੀ ਗੱਲ ਹੈ। ਸੋਸ਼ਲ ਮੀਡੀਆ ਕਰਕੇ ਹੀ ਅੱਜ ਕਿਸਾਨੀ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ’ਤੇ ਸੁਰਖ਼ੀਆਂ ’ਚ ਆਇਆ ਹੈ।
ਰਿਹਾਨਾ ਦੇ ਟਵੀਟ ਦਾ ਜ਼ਿਕਰ ਕਰਦਿਆਂ ਅੰਬਰ ਧਾਲੀਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਸੈਲੇਬ੍ਰਿਟੀਜ਼ ਦੇ ਟਵੀਟਸ ਨਾਲ ਕਿਸਾਨੀ ਅੰਦੋਲਨ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਪਰ ਜਿਹੜੇ ਪੰਜਾਬੀ ਪੰਜਾਬ ’ਚ ਹੁੰਦੇ ਹੋਏ ਤੇ ਕਿਸਾਨੀ ਅੰਦੋਲਨ ਨੂੰ ਜਾਣਦੇ ਹੋਏ ਵੀ ਇਨ੍ਹਾਂ ਅੰਤਰਰਾਸ਼ਟਰੀ ਸੈਲੇਬ੍ਰਿਟੀਜ਼ ਦੇ ਟਵੀਟਸ ਤੋਂ ਬਾਅਦ ਜਾਗੇ ਹਨ, ਉਨ੍ਹਾਂ ਲਈ ਇਹ ਸ਼ਰਮ ਵਾਲੀ ਗੱਲ ਹੈ।
ਅੰਬਰ ਨੇ ਕਿਹਾ ਕਿ ਅਸੀਂ ਜਿੱਤ ਦੇ ਬਹੁਤ ਨਜ਼ਦੀਕ ਹਾਂ ਤੇ ਸਾਨੂੰ ਕਿਸਾਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਅੰਬਰ ਆਪਣੇ ਨਿੱਜੀ ਪ੍ਰਾਜੈਕਟਾਂ ਦਾ ਜ਼ਿਕਰ ਵੀ ਇਨ੍ਹੀਂ ਦਿਨੀਂ ਆਪਣੇ ਪ੍ਰਸ਼ੰਸਕਾਂ ਨਾਲ ਨਹੀਂ ਕਰ ਰਹੀ ਕਿਉਂਕਿ ਉਸ ਲਈ ਕਿਸਾਨੀ ਅੰਦੋਲਨ ਮਹੱਤਵਪੂਰਨ ਮੁੱਦਾ ਹੈ। ਇਸ ਦੌਰਾਨ ਅੰਬਰ ਧਾਲੀਵਾਲ ਨੇ ਏਕਤਾ ਬਣਾਈ ਰੱਖਣ ਦੀ ਗੱਲ ਵੀ ਕੀਤੀ।
ਨੋਟ– ਅੰਬਰ ਧਾਲੀਵਾਲ ਦੀ ਇਹ ਲਾਈਵ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।