7 ਦਿਨ ਰੇਕੀ ਕੀਤੀ, ਸਿੱਧੂ ’ਤੇ ਹਮਲਾ ਕਰਨ ਵਾਲੇ 7 ਹਮਲਾਵਰਾਂ ’ਚੋਂ 5 ਸ਼ਾਰਪ ਸ਼ੂਟਰ

Thursday, Jun 02, 2022 - 04:02 PM (IST)

7 ਦਿਨ ਰੇਕੀ ਕੀਤੀ, ਸਿੱਧੂ ’ਤੇ ਹਮਲਾ ਕਰਨ ਵਾਲੇ 7 ਹਮਲਾਵਰਾਂ ’ਚੋਂ 5 ਸ਼ਾਰਪ ਸ਼ੂਟਰ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਕਤਲ ਕੇਸ ਦੀ ਜਾਂਚ ’ਚ ਜੁਟੀ ਪੁਲਸ ਨੂੰ ਅਹਿਮ ਇਨਪੁਟ ਮਿਲੇ ਹਨ। ਪਤਾ ਲੱਗਾ ਹੈ ਕਿ ਰਾਜਸਥਾਨ ਦੇ ਸੀਕਰ ’ਚ ਕਤਲ ਦਾ ਪਲਾਨ ਤਿਆਰ ਕਰਕੇ 7 ਦਿਨਾਂ ਤਕ ਮੂਸੇ ਵਾਲਾ ਦੇ ਘਰ ਦੀ ਰੇਕੀ ਕੀਤੀ ਗਈ। 7 ਹਮਲਾਵਰਾਂ ’ਚੋਂ 5 ਸ਼ਾਰਪ ਸ਼ੂਟਰ ਸਨ। ਤਲਵੰਡੀ ਸਾਬੋ ਤੇ ਸੀਕਰ ਤੋਂ ਲਿਆਂਦੀ ਗੱਡੀ ਵਰਤੋਂ ’ਚ ਲਿਆਂਦੀ ਗਈ। ਇਕ ਕਾਤਲ ਰਾਜਸਥਾਨ ਤੇ ਬਾਕੀ ਪੰਜਾਬ ਦੇ ਹਨ।

ਪੁਲਸ ਦੀਆਂ 25 ਟੀਮਾਂ ਪੰਜਾਬ, ਦਿੱਲੀ, ਉਤਰਾਖੰਡ ਤੇ ਰਾਜਸਥਾਨ ’ਚ ਛਾਪੇਮਾਰੀ ਕਰ ਰਹੀਆਂ ਹਨ। ਸ਼ੂਟਰਾਂ ਨੂੰ 15 ਦਿਨ ਪਹਿਲਾਂ ਹਥਿਆਰ ਮਿਲੇ ਸਨ। ਬਲੈਰੋ ਸੀਕਰ ਤੋਂ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਦਵਾਈ। ਮਨਪ੍ਰੀਤ ਸਿੰਘ ਨੇ ਕੋਰੋਲਾ ਗੱਡੀ ਦੇ ਕੇ ਇਕ ਹਫ਼ਤੇ ’ਚ ਵਾਪਸ ਕਰਨ ਨੂੰ ਕਿਹਾ ਸੀ। ਮੂਸੇ ਵਾਲਾ ਦੀ ਥਾਰ ਨੂੰ ਟੱਕਰ ਮਾਰਨ ਤੋਂ ਬਾਅਦ ਹਮਲਾਵਰਾਂ ਨੇ ਬੋਨਟ ’ਤੇ ਚੜ੍ਹ ਕੇ ਗੋਲੀਆਂ ਚਲਾਈਆਂ ਸਨ।

ਇਹ ਖ਼ਬਰ ਵੀ ਪੜ੍ਹੋ : ‘ਮਾਸੀ ਦਾ ਪਤਾ ਲੈਣ ਨਿਕਲਿਆ ਸੀ ਸਿੱਧੂ, ਪੈਂਚਰ ਸੀ ਪਜੈਰੋ, ਕਹਿੰਦਾ ਥਾਰ ਕਦੇ ਲੈ ਕੇ ਨਹੀਂ ਗਏ, ਅੱਜ ਇਸ ਨੂੰ ਹੀ ਲੈ ਚੱਲਦੇ ਹਾਂ’

ਮੂਸੇ ਵਾਲਾ ਦੀ ਥਾਰ ਨਾਲ ਟੱਕਰ ਕਾਰਨ ਹਮਲਾਵਰਾਂ ਦੀ ਕੋਰੋਲਾ ਗੱਡੀ ਦਾ ਦਰਵਾਜ਼ਾ ਖ਼ਰਾਬ ਹੋ ਗਿਆ ਸੀ। ਇਸ ਲਈ ਹਮਲਾਵਰ ਰਸਤੇ ’ਚ ਗੱਡੀ ਛੱਡ ਕੇ ਧਰਮਕੋਟ ਤੋਂ ਆਲਟੋ ਖੋਹ ਕੇ ਫਰਾਰ ਹੋ ਗਏ। ਬਲੈਰੋ ’ਚ ਸਵਾਰ ਹਮਲਾਵਰ ਵੀ ਗੱਡੀ ਛੱਡ ਕੇ ਅਲੱਗ ਰਸਤੇ ਤੋਂ ਭੱਜੇ। ਹਮਲਾਵਰ ਕਈ ਦਿਨਾਂ ਤੋਂ ਸਿੱਧੂ ਮੂਸੇ ਵਾਲਾ ਦੀ ਮੂਵਮੈਂਟ ’ਤੇ ਨਜ਼ਰ ਰੱਖ ਰਹੇ ਸਨ।

ਦੱਸ ਦੇਈਏ ਕਿ ਘਟਨਾ ਵਾਲੇ ਦਿਨ ਸਿੱਧੂ ਪਹਿਲਾਂ ਪਜੈਰੋ ਗੱਡੀ ਰਾਹੀਂ ਆਪਣੀ ਮਾਸੀ ਦਾ ਪਤਾ ਲੈਣ ਜਾਣ ਵਾਲਾ ਸੀ ਪਰ ਪਜੈਰੋ ਪੈਂਚਰ ਹੋਣ ਕਾਰਨ ਉਸ ਨੇ ਥਾਰ ਗੱਡੀ ਰਾਹੀਂ ਜਾਣ ਦੀ ਸੋਚੀ। ਜਵਾਹਰ ਕੇ ਪਿੰਡ ਪਹੁੰਚਦਿਆਂ ਹੀ ਸਿੱਧੂ ਮੂਸੇ ਵਾਲਾ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News