ਸ਼ਰਮਨਾਕ! ਵ੍ਹੀਲਚੇਅਰ ਕਰਕੇ ''Wicked'' ਅਦਾਕਾਰਾ ਨੂੰ ਫਲਾਈਟ ''ਚੋਂ ਰੋਕਿਆ; ਅਦਾਕਾਰਾ ਨੇ ਲਗਾਏ ਗੰਭੀਰ ਇਲਜ਼ਾਮ
Sunday, Apr 26, 2026 - 12:32 PM (IST)
ਮਨੋਰੰਜਨ ਡੈਸਕ - ਫਿਲਮ 'ਵਿਕਡ' ਦੀ ਅਦਾਕਾਰਾ ਮਾਰੀਸਾ ਬੋਡੇ ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਦੀ ਵ੍ਹੀਲਚੇਅਰ ਕਾਰਨ ਉਨ੍ਹਾਂ ਨੂੰ ਫਲਾਈਟ 'ਚ ਚੜ੍ਹਨ ਤੋਂ ਮਨ੍ਹਾ ਕਰ ਦਿੱਤਾ ਗਿਆ। 25 ਸਾਲਾ ਅਦਾਕਾਰਾ ਨੇ ਇਸ ਘਟਨਾ ਨੂੰ "ਸਰਾਸਰ ਵਿਤਕਰਾ" ਕਰਾਰ ਦਿੱਤਾ ਹੈ।
ਕੀ ਹੈ ਪੂਰਾ ਮਾਮਲਾ?
ਮਾਰੀਸਾ ਬੋਡੇ, ਜੋ ਕਿ ਇਕ ਦਿਵਿਆਂਗ ਅਦਾਕਾਰਾ ਹੈ, ਨੇ ਟਿਕਟਾਕ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਆਪਣਾ ਦੁੱਖ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਗੇਟ 'ਤੇ ਪਹੁੰਚੀ, ਤਾਂ ਉੱਥੇ ਮੌਜੂਦ ਸਟਾਫ ਨੇ ਉਨ੍ਹਾਂ ਨੂੰ ਪੁੱਛਿਆ, "ਕੀ ਤੁਸੀਂ ਖੜ੍ਹੇ ਹੋ ਸਕਦੇ ਹੋ?" ਜਦੋਂ ਅਦਾਕਾਰਾ ਨੇ ਨਾਂਹ 'ਚ ਜਵਾਬ ਦਿੱਤਾ, ਤਾਂ ਸਟਾਫ ਨੇ ਇਹ ਕਹਿ ਕੇ ਬੋਰਡਿੰਗ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੇ ਸਾਰੇ ਜਹਾਜ਼ਾਂ 'ਚ ਚੜ੍ਹਨ ਲਈ ਪੌੜੀਆਂ ਦੀ ਵਰਤੋਂ ਕਰਨੀ ਪੈਂਦੀ ਹੈ।
ਪਹਿਲਾਂ ਮਿਲੀ ਸੀ ਸਹੂਲਤ ਦੀ ਗਾਰੰਟੀ
ਬੋਡੇ ਅਨੁਸਾਰ, ਉਨ੍ਹਾਂ ਦੇ ਮੈਨੇਜਰ ਨੇ ਸਫਰ ਤੋਂ ਪਹਿਲਾਂ ਸਦਰਨ ਏਅਰਵੇਜ਼ ਐਕਸਪ੍ਰੈਸ ਨਾਲ ਗੱਲ ਕੀਤੀ ਸੀ ਅਤੇ ਏਅਰਲਾਈਨ ਨੇ ਪੂਰਾ ਭਰੋਸਾ ਦਿੱਤਾ ਸੀ ਕਿ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਹਾਲਾਂਕਿ, ਏਅਰਲਾਈਨ ਦੀ ਨੀਤੀ ਮੁਤਾਬਕ 28 ਸੀਟਾਂ ਜਾਂ ਇਸ ਤੋਂ ਘੱਟ ਵਾਲੇ ਛੋਟੇ ਜਹਾਜ਼ਾਂ 'ਚ ਯਾਤਰੀਆਂ ਲਈ ਪੌੜੀਆਂ ਚੜ੍ਹਨਾ ਜ਼ਰੂਰੀ ਹੈ।
ਅਦਾਕਾਰਾ ਦਾ ਸਖ਼ਤ ਇਤਰਾਜ਼
ਅਦਾਕਾਰਾ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ, "ਦਿਵਿਆਂਗ ਲੋਕ ਕੋਈ ਬਾਅਦ ਦਾ ਵਿਚਾਰ ਨਹੀਂ ਹਨ। ਇਹ ਜਾਣਦੇ ਹੋਏ ਵੀ ਕਿ ਦਿਵਿਆਂਗ ਲੋਕ ਵੀ ਸਫਰ ਕਰਦੇ ਹਨ, ਤੁਸੀਂ ਆਪਣੇ ਜਹਾਜ਼ਾਂ ਨੂੰ ਅਪਡੇਟ ਕਿਉਂ ਨਹੀਂ ਕਰਦੇ"।
ਕੌਣ ਹੈ ਮਾਰੀਸਾ ਬੋਡੇ?
ਮਾਰੀਸਾ ਬੋਡੇ ਨੇ 2024 'ਚ ਫਿਲਮ 'ਵਿਕਡ: ਪਾਰਟ 1' ਰਾਹੀਂ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ, ਜਿਸ 'ਚ ਉਨ੍ਹਾਂ ਨੇ 'ਨੇਸਾਰੋਜ਼ ਥ੍ਰੋਪ' ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਮਸ਼ਹੂਰ ਗਾਇਕਾ ਅਰੀਆਨਾ ਗ੍ਰਾਂਡੇ ਅਤੇ ਸਿੰਥੀਆ ਏਰੀਵੋ ਨੇ ਵੀ ਕੰਮ ਕੀਤਾ ਹੈ। ਉਹ ਇਸ ਫਿਲਮ ਦੇ ਦੂਜੇ ਹਿੱਸੇ 'ਵਿਕਡ: ਪਾਰਟ ਟੂ' 'ਚ ਵੀ ਨਜ਼ਰ ਆਈ ਸੀ, ਜੋ 2025 'ਚ ਰਿਲੀਜ਼ ਹੋਇਆ ਸੀ।
