‘ਰੱਬ ਦਾ ਰੇਡੀਓ 3’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਸਿਨੇਮਾਘਰ ਹੋਏ ਹਾਊਸਫੁੱਲ

Sunday, Apr 05, 2026 - 12:16 PM (IST)

‘ਰੱਬ ਦਾ ਰੇਡੀਓ 3’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਸਿਨੇਮਾਘਰ ਹੋਏ ਹਾਊਸਫੁੱਲ

ਮਨੋਰੰਜਨ ਡੈਸਕ - ਪੰਜਾਬੀ ਸਿਨੇਮਾ ’ਚ ਪਰਿਵਾਰਕ ਫ਼ਿਲਮਾਂ ਦੀ ਲੜੀ ਨੂੰ ਅੱਗੇ ਵਧਾਉਂਦੀ ਫ਼ਿਲਮ ‘ਰੱਬ ਦਾ ਰੇਡੀਓ 3’ ਇਨ੍ਹੀਂ ਦਿਨੀਂ ਬਾਕਸ ਆਫਿਸ ’ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਰਿਲੀਜ਼ ਤੋਂ ਬਾਅਦ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ ਤੇ ਕਈ ਸਿਨੇਮਾਘਰਾਂ ’ਚ ਇਹ ਫ਼ਿਲਮ ਲਗਾਤਾਰ ਹਾਊਸਫੁੱਲ ਚੱਲ ਰਹੀ ਹੈ। ਪਰਿਵਾਰਾਂ ਦੇ ਨਾਲ ਲੋਕ ਵੱਡੀ ਗਿਣਤੀ ’ਚ ਇਸ ਫ਼ਿਲਮ ਨੂੰ ਦੇਖਣ ਪਹੁੰਚ ਰਹੇ ਹਨ, ਜੋ ਇਸ ਦੀ ਵਧਦੀ ਲੋਕਪ੍ਰਿਯਤਾ ਦਾ ਸਾਫ਼ ਸਬੂਤ ਹੈ।

ਇਸ ਫ਼ਿਲਮ ਦੀ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਇਸ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ। ‘ਰੱਬ ਦਾ ਰੇਡੀਓ 3’ ਇਕ ਪਰਿਵਾਰਕ ਫ਼ਿਲਮ ਹੈ, ਜੋ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ, ਪਿਆਰ-ਮੁਹੱਬਤ, ਤਕਰਾਰ, ਲੜਾਈ-ਝਗੜਿਆਂ ਤੇ ਆਪਸੀ ਸਮਝੌਤੇ ਤੇ ਮੇਲ-ਮਿਲਾਪ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕਰਦੀ ਹੈ। ਅੱਜ ਦੇ ਤੇਜ਼ ਰਫ਼ਤਾਰ ਵਾਲੇ ਸਮੇਂ ’ਚ ਜਿਥੇ ਪਰਿਵਾਰਕ ਮੁੱਲ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਹਨ, ਇਹ ਫ਼ਿਲਮ ਉਨ੍ਹਾਂ ਨੂੰ ਮੁੜ ਸੁਰਜੀਤ ਕਰਦੀ ਨਜ਼ਰ ਆ ਰਹੀ ਹੈ।

ਫ਼ਿਲਮ ’ਚ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ। ਦੋਵਾਂ ਨੇ ਆਪਣੇ ਕਿਰਦਾਰਾਂ ’ਚ ਜਾਨ ਪਾ ਦਿੱਤੀ ਹੈ। ਇਸ ਤੋਂ ਇਲਾਵਾ ਸ਼ਵਿੰਦਰ ਮਾਹਲ, ਸਰਦਾਰ ਸੋਹੀ, ਸੁਨੀਤਾ ਧੀਰ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਸਤਵੰਤ ਕੌਰ, ਰੁਪਿੰਦਰ ਰੂਪੀ ਤੇ ਗੁਰਮੀਤ ਸਾਜਣ ਵਰਗੇ ਮਾਹਿਰ ਕਲਾਕਾਰਾਂ ਨੇ ਵੀ ਫ਼ਿਲਮ ਨੂੰ ਹੋਰ ਮਜ਼ਬੂਤ ਬਣਾਇਆ ਹੈ।

ਫ਼ਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਵੱਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਪਹਿਲਾਂ ਵੀ ਭਾਵਨਾਤਮਕ ਕਹਾਣੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਹੈ। ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ, ਜਿਸ ’ਚ ਪੰਜਾਬੀ ਸੱਭਿਆਚਾਰ, ਪਿੰਡਾਂ ਦੀ ਮਹਿਕ ਤੇ ਰਿਸ਼ਤਿਆਂ ਦੀ ਗਹਿਰਾਈ ਨੂੰ ਬੜੀ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਸਿੰਘ ਜੌਹਲ ਹਨ, ਜਿਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਵੱਡੇ ਪੱਧਰ ’ਤੇ ਸਫ਼ਲ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ।

 


author

Sunaina

Content Editor

Related News