ਸਰਕਾਰ ਨੇ ਕੋਰੋਨਾ ਦੀ ਦਵਾ ਰੈਮਡੇਸਿਵਿਰ ਦਾ ਉਤਪਾਦਨ ਵਧਾਉਣ ''ਤੇ ਦਿੱਤਾ ਜ਼ੋਰ

04/17/2021 1:19:08 PM

ਨਵੀਂ ਦਿੱਲੀ- ਸਰਕਾਰ ਕੋਵਿਡ-19 ਦੇ ਇਲਾਜ ਵਿਚ ਕੰਮ ਆਉਣ ਵਾਲੇ ਰੈਮਡੇਸਿਵਿਰ ਟੀਕੇ ਦਾ ਉਤਪਾਦਨ ਵਧਾਉਣ ਲਈ ਸਾਰੇ ਕਦਮ ਚੁੱਕ ਰਹੀ ਹੈ ਤਾਂ ਜੋ ਦੇਸ਼ ਵਿਚ ਇਸ ਦੀ ਘਾਟ ਨਾ ਹੋਵੇ। ਰਸਾਇਣ ਤੇ ਖਾਦ ਮੰਤਰੀ ਡੀ. ਵੀ. ਸਦਾਨੰਦ ਗੌੜਾ ਨੇ ਇਹ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ ਕਿ ਬੀਤੇ 5 ਦਿਨਾਂ ਅੰਦਰ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੁੱਲ ਮਿਲਾ ਕੇ 6.69 ਲੱਖ ਰੈਮਡੇਸਿਵਿਰ ਟੀਕੇ ਦੀਆਂ ਸ਼ੀਸ਼ੀਆਂ ਉਪਲਬਧ ਕਰਾਈਆਂ ਗਈਆਂ ਹਨ।

ਗੌੜਾ ਨੇ ਟਵੀਟ ਕਰਕੇ ਕਿਹਾ ਸਰਕਾਰ ਰੈਮਡੇਸਿਵਿਰ ਦੀਆਂ ਉਤਪਾਦਨ ਸਹੂਲਤਾਂ ਦਾ ਵਿਸਥਾਰ ਕਰਨ ਅਤੇ ਉਨ੍ਹਾਂ ਦੀ ਸਮਰੱਥਾ ਤੇ ਉਪਲਬਧਤਾ ਵਧਾਉਣ ਦੇ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ।

ਇਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਰੈਮਡੇਸਿਵਿਰ ਦੇ ਪ੍ਰਮੁੱਖ ਨਿਰਮਾਤਾਵਾਂ ਨੇ ਆਪ ਹੀ 15 ਅਪ੍ਰੈਲ 2021 ਤੋਂ ਇਸ ਦੀ ਕੀਮਤ 5,400 ਰੁਪਏ ਤੋਂ ਘਟਾ ਕੇ 3,500 ਰੁਪਏ ਤੋਂ ਵੀ ਘੱਟ ਕਰ ਦਿੱਤੀ ਹੈ। ਇਸ ਨਾਲ ਕੋਰੋਨਾ ਵਾਇਰਸ ਖਿਲਾਫ਼ ਲੜਾਈ ਨੂੰ ਸਮਰਥਨ ਮਿਲੇਗਾ। ਗੌੜਾ ਨੇ ਕਿਹਾ ਕਿ ਰੈਮਡੇਸਿਵਿਰ ਦੀ ਬਰਾਮਦ ਨੂੰ 11 ਅਪ੍ਰੈਲ ਤੋਂ ਰੋਕ ਵਾਲੀ ਸ਼੍ਰੇਣੀ ਵਿਚ ਰੱਖ ਦਿੱਤਾ ਗਿਆ ਹੈ। ਇਸ ਦੀਆਂ ਚਾਰ ਲੱਖ ਬਰਾਮਦ ਕੀਤੀਆਂ ਜਾਣ ਵਾਲੀਆਂ ਦਵਾ ਸ਼ੀਸ਼ੀਆਂ ਨੂੰ ਘਰੇਲੂ ਜ਼ਰੂਰਤ ਲਈ ਜਾਰੀ ਕੀਤਾ ਗਿਆ ਹੈ।


Sanjeev

Content Editor

Related News