ਬਿਜਲੀ ਪਲਾਂਟਾਂ ''ਚ ਕੋਲੇ ਦੀ ਕਿੱਲਤ ਵਿਚਕਾਰ 39 ਖਣਨ ਪ੍ਰਾਜੈਕਟਾਂ ''ਚ ਦੇਰੀ!
Sunday, Sep 05, 2021 - 02:13 PM (IST)

ਨਵੀਂ ਦਿੱਲੀ, (ਭਾਸ਼ਾ)- ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿਮਟਡ (ਸੀ. ਆਈ. ਐੱਲ.) ਦੇ 39 ਕੋਲਾ ਖਣਨ ਪ੍ਰਾਜੈਕਟ ਦੇਰੀ ਨਾਲ ਚੱਲ ਰਹੇ ਹਨ। ਹਰਿਤ ਮਨਜ਼ੂਰੀ ਵਿਚ ਦੇਰੀ ਤੇ ਹੋਰ ਕਈ ਕਾਰਨਾਂ ਕਾਰਨ ਇਨ੍ਹਾਂ ਪ੍ਰਾਜੈਕਟਾਂ ਵਿਚ ਦੇਰੀ ਹੋ ਰਹੀ ਹੈ। ਖਣਨ ਪ੍ਰਾਜੈਕਟ ਵਿਚ ਦੇਰੀ ਦਾ ਮੁੱਦਾ ਇਸ ਲਈ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਦੇਸ਼ ਦੇ ਬਿਜਲੀ ਪਲਾਂਟ ਇਸ ਸਮੇਂ ਕੋਲੇ ਦੇ ਭੰਡਾਰ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਕੋਲ ਇੰਡੀਆ ਦੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ 83.64 ਕਰੋੜ ਟਨ ਸਾਲਾਨਾ ਦੇ 114 ਕੋਲਾ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਪ੍ਰਾਜੈਕਟਾਂ ਲਈ 1,19,580.62 ਕਰੋੜ ਰੁਪਏ ਦੀ ਪੂੰਜੀ ਮਨਜ਼ੂਰ ਕੀਤੀ ਗਈ ਹੈ।
ਇਨ੍ਹਾਂ 114 ਪ੍ਰਾਜੈਕਟਾਂ ਵਿਚੋਂ 75 ਆਪਣੇ ਨਿਰਧਾਰਤ ਸਮੇਂ ਅਨੁਸਾਰ ਚੱਲ ਰਹੇ ਹਨ ਪਰ 39 ਪ੍ਰਾਜੈਕਟ ਕਾਰਜਕ੍ਰਮ ਸਮੇਂ ਤੋਂ ਦੇਰੀ ਨਾਲ ਚੱਲ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁੱਖ ਤੌਰ 'ਤੇ ਵਣ ਮਨਜ਼ੂਰੀ ਅਤੇ ਜ਼ਮੀਨ 'ਤੇ ਕਬਜ਼ੇ ਵਿਚ ਦੇਰੀ ਅਤੇ ਪੁਨਰਵਾਸ ਤੇ ਪੁਨਰ-ਸਥਾਪਨ ਦੇ ਮੁੱਦਿਆਂ ਦੀ ਵਜ੍ਹਾ ਨਾਲ ਇਨ੍ਹਾਂ ਪ੍ਰਾਜੈਕਟਾਂ ਵਿਚ ਦੇਰੀ ਹੋਈ ਹੈ। ਵਿੱਤੀ ਸਾਲ 2020-21 ਦੌਰਾਨ ਕੋਲ ਇੰਡੀਆ ਦੀ 2.76 ਕਰੋੜ ਟਨ ਦੀ ਸਾਲਾਨਾ ਮਨਜ਼ੂਰਸ਼ੁਦਾ ਸਮਰੱਥਾ ਅਤੇ 1,976.59 ਕਰੋੜ ਰੁਪਏ ਦੀ ਪੂੰਜੀ ਵਾਲੇ 9 ਕੋਲਾ ਪ੍ਰਾਜੈਕਟ ਪੂਰੇ ਹੋਏ। ਇਨ੍ਹਾਂ ਪ੍ਰਾਜੈਕਟਾਂ ਨੂੰ ਕੁੱਲ 1,958.89 ਕਰੋੜ ਰੁਪਏ ਦੀ ਪੂੰਜੀ ਨਾਲ ਪੂਰਾ ਕੀਤਾ ਗਿਆ। ਇਨ੍ਹਾਂ ਵਿਚੋਂ 4 ਪ੍ਰਾਜੈਕਟ ਵੈਸਟਰਨ ਕੋਲਫੀਲਡਜ਼ ਲਿਮਟਡ, 3 ਸੈਂਟਰਲ ਕੋਲਫੀਲਡਜ਼ ਲਿਮਟਡ ਅਤੇ ਦੋ ਮਹਾਨਦੀ ਕੋਲਫੀਲਡਸ ਲਿਮ. ਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 14 ਲੱਖ ਟਨ ਦੀ ਮਨਜ਼ੂਰ ਸਮਰੱਥਾ ਅਤੇ 143.63 ਕਰੋੜ ਰੁਪਏ ਦੇ ਪੂੰਜੀ ਵਾਲੇ ਪ੍ਰਾਜੈਕਟ ਨਾਲ ਪਿਛਲੇ ਵਿੱਤੀ ਸਾਲ ਵਿਚ ਕੋਲੇ ਦਾ ਉਤਪਾਦਨ ਸ਼ੁਰੂ ਹੋਇਆ। ਸੀ. ਆਈ. ਐੱਲ. ਦੀ ਇਕਾਈ ਸਾਊਥ ਈਸਟਰਨ ਕੋਲਫੀਲਡਸ ਦੇ ਖਣਨ ਪ੍ਰਾਜੈਕਟ ਤੋਂ ਪਿਛਲੇ ਵਿੱਤੀ ਸਾਲ ਵਿਚ ਉਤਪਾਦਨ ਸ਼ੁਰੂ ਹੋਇਆ। ਘਰੇਲੂ ਕੋਲਾ ਉਤਪਾਦਨ ਵਿਚ ਕੋਲ ਇੰਡੀਆ ਦੀ ਹਿੱਸੇਦਾਰੀ 80 ਫੀਸਦੀ ਤੋਂ ਜ਼ਿਆਦਾ ਹੈ।