ਅਜੇ ਤੱਕ ਨਹੀਂ ਮਿਲ ਸਕਿਆ ਯੂਥ ਅਕਾਲੀ ਦਲ ਦੀ ਜਲੰਧਰ ਸ਼ਹਿਰੀ ਇਕਾਈ ਨੂੰ ਪ੍ਰਧਾਨ

04/24/2019 12:27:16 PM

ਜਲੰਧਰ (ਬੁਲੰਦ)— ਅਕਾਲੀ ਦਲ ਦੇ ਹਰਿਆਵਲ ਦਸਤੇ ਭਾਵ ਯੂਥ ਅਕਾਲੀ ਦਲ ਦੀ ਜਲੰਧਰ ਸ਼ਹਿਰੀ ਇਕਾਈ ਨੂੰ ਅਜੇ ਤੱਕ ਆਪਣਾ ਪ੍ਰਧਾਨ ਨਹੀਂ ਮਿਲ ਸਕਿਆ। ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਪਾਰਟੀ ਨੇ ਜਲੰਧਰ ਸ਼ਹਿਰੀ ਦੇ ਯੂਥ ਵਿੰਗ ਨੂੰ ਪਾਰਟੀ ਹਾਈਕਮਾਨ ਵੱਲੋਂ ਕਾਫੀ ਭਜਾਇਆ ਜਾ ਰਿਹਾ ਸੀ ਕਿ ਜਲਦੀ ਹੀ ਸ਼ਹਿਰੀ ਪ੍ਰਧਾਨ ਅਨਾਊਂਸ ਕੀਤਾ ਜਾਵੇਗਾ। ਪਾਰਟੀ ਹਾਈਕਮਾਨ ਨੌਜਵਾਨਾਂ ਦਾ ਕਰੰਟ ਚੈੱਕ ਕਰਨ 'ਚ ਲੱਗੀ ਸੀ ਪਰ ਹਾਲ ਇਹ ਰਿਹਾ ਕਿ ਕਰੰਟ ਚੈੱਕ ਕਰਨ ਦੇ ਚੱਕਰ 'ਚ ਕਈ ਯੂਥ ਆਗੂਆਂ ਦੇ ਫਿਊਜ਼ ਹੀ ਉਡ ਚੁੱਕੇ ਹਨ।
ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਸਭ ਨੂੰ ਲੱਗਦਾ ਸੀ ਕਿ ਹੁਣ ਤਾਂ ਬਸ ਜਲਦੀ ਹੀ ਯੂਥ ਪ੍ਰਧਾਨ ਦਾ ਨਾਂ ਸਾਹਮਣੇ ਆ ਆ ਜਾਵੇਗਾ ਪਰ ਹਾਲਾਤ ਇਹ ਹਨ ਕਿ ਇਸ ਪ੍ਰਧਾਨਗੀ ਦੇ ਦਾਅਵੇਦਾਰਾਂ ਦੀ ਸੂਚੀ 'ਚ ਜਿੱਥੇ ਦਰਜਨ ਦੇ ਕਰੀਬ ਨਾਂ ਸਨ, ਹੁਣ ਸਿਰਫ ਤਿੰਨ ਨਾਂ ਹੀ ਇਸ ਸੂਚੀ 'ਚ ਰਹਿ ਗਏ ਹਨ। ਇਨ੍ਹਾਂ ਤਿੰਨ ਨਾਵਾਂ 'ਚੋਂ ਇਕ ਦੀ ਤਾਂ ਪਾਰਟੀ ਨੇ ਲੋਕ ਸਭਾ ਚੋਣਾਂ 'ਚ ਡਿਊਟੀ ਹੀ ਬਠਿੰਡਾ 'ਚ ਲਗਾ ਦਿੱਤੀ ਹੈ। ਬਾਕੀ ਬਚੇ ਦੋਵਾਂ ਦੇ ਚਿਹਰੇ ਵੀ ਮੁਰਝਾਏ ਨਜ਼ਰ ਆ ਰਹੇ ਹਨ ਕਿਉਂਕਿ ਪਾਰਟੀ ਦੇ ਸੀਨੀਅਰ ਆਗੂਆਂ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਹੁਣ ਜਲੰਧਰ ਸ਼ਹਿਰੀ ਪ੍ਰਧਾਨ ਦਾ ਐਲਾਨ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਵੇਗਾ। ਬਚੇ ਤਿੰਨਾਂ ਨੌਜਵਾਨ ਚਿਹਰਿਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਤੁਸੀਂ ਆਪਣਾ ਜ਼ੋਰ ਲਾਓ, ਚੋਣਾਂ ਤੋਂ ਬਾਅਦ ਦੇਖਾਂਗੇ ਕਿ ਕੌਣ ਕਿੰਨੇ ਪਾਣੀ 'ਚ ਹੈ। ਉਸ ਤੋਂ ਬਾਅਦ ਹੀ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ। ਅਜਿਹੇ 'ਚ ਯੂਥ ਆਗੂਆਂ ਦੀਆਂ ਜੇਬਾਂ ਵੀ ਢਿੱਲੀਆਂ ਕਰਵਾਈਆਂ ਜਾ ਰਹੀਆਂ ਹਨ।
ਮਾਮਲੇ ਬਾਰੇ ਕੁਝ ਯੂਥ ਵਰਕਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਲਾਲੀਪੌਪ ਪਾਲਿਸੀ ਨੇ ਸ਼ਹਿਰੀ ਪ੍ਰਧਾਨਗੀ ਦਾ ਚਾਅ ਹੀ ਠੰਡਾ ਕਰ ਦਿੱਤਾ ਹੈ। ਪ੍ਰਧਾਨਗੀ ਦੀ ਦੌੜ ਤੋਂ ਬਾਹਰ ਹੋਏ ਇਕ ਯੂਥ ਆਗੂ ਨੇ ਕਿਹਾ ਕਿ ਅਜਿਹੀ ਪ੍ਰਧਾਨਗੀ ਦਾ ਕੀ ਫਾਇਦਾ ਜੋ ਸੌ ਨਾਰਾਜ਼ਗੀਆਂ ਮੁੱਲ ਲੈ ਕੇ ਮਿਲੇ। ਉਸ ਦਾ ਇਹ ਵੀ ਕਹਿਣਾ ਸੀ ਕਿ ਜਿਸ ਤਰ੍ਹਾਂ ਪਾਰਟੀ ਨੇ ਜਲੰਧਰ ਸ਼ਹਿਰੀ ਸੀਟ 'ਤੇ ਯੂਥ ਵਿੰਗ ਦੀ ਪ੍ਰਧਾਨਗੀ ਦਾ ਤਮਾਸ਼ਾ ਬਣਾ ਦਿੱਤਾ ਹੈ ਉਸ ਨਾਲ ਨੌਜਵਾਨਾਂ ਦੇ ਮਨੋਬਲ 'ਤੇ ਅਸਰ ਪੈਣਾ ਸੁਭਾਵਿਕ ਹੈ ਅਤੇ ਇਸ ਦਾ ਪਾਰਟੀ ਦੇ ਚੋਣ ਪ੍ਰਚਾਰ 'ਤੇ ਵੀ ਅਸਰ ਪੈ ਸਕਦਾ ਹੈ।


shivani attri

Content Editor

Related News