ਹੈਰਾਨੀਜਨਕ ! ਮੁੰਡੇ-ਕੁੜੀਆਂ ਨੇ ਵਿਦੇਸ਼ਾਂ ਵੱਲ ਘੱਤੀਆਂ ਵਹੀਰਾਂ, ਆਪਣਾ ਵਤਨ ਛੱਡਣ ਹੋ ਰਹੇ ਮਜਬੂਰ

Friday, Nov 08, 2024 - 05:14 PM (IST)

ਸੁਲਤਾਨਪੁਰ ਲੋਧੀ (ਧੀਰ)-'ਸੋਨੇ ਦੀ ਚਿੜੀ' ਕਿਹਾ ਜਾਣ ਵਾਲਾ ਭਾਰਤ ਦੇਸ਼ ਕਈ ਦਹਾਕਿਆਂ ਤੱਕ ਗੁਲਾਮੀ ਦੀਆਂ ਜੰਜ਼ੀਰਾਂ ’ਚ ਜਕੜਿਆ ਰਿਹਾ, ਜਿਸ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਉਣ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਅਤੇ ਹੋਰ ਕ੍ਰਾਂਤੀਕਾਰੀ ਸੂਰਮਿਆਂ ਸਹਿਤ ਹਜ਼ਾਰਾਂ ਲੋਕਾਂ ਨੇ ਸ਼ਹੀਦੀ ਦਾ ਜਾਮ ਪੀਤਾ ਤਾਂ ਜੋ ਆਉਣ ਵਾਲੀ ਪੀੜ੍ਹੀ ਖੁੱਲ੍ਹੀ ਫਿਜ਼ਾ ਵਿਚ ਸਾਹ ਲੈ ਸਕੇ।

ਲੰਮੇ ਸੰਘਰਸ਼ ਉਪਰੰਤ ਬੇਸ਼ੱਕ ਅੱਜ ਦੇਸ਼ ਨੂੰ ਆਜ਼ਾਦ ਹੋਏ ਕਰੀਬ 77 ਸਾਲਾਂ ਦਾ ਸਮਾਂ ਲੰਘ ਚੁੱਕਾ ਹੈ ਪਰ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਅਤੇ ਰੁਜ਼ਗਾਰ ਦੇ ਮੌਕੇ ਨਾ ਦੇਣ ਕਾਰਨ ਨੌਜਵਾਨ ਹੁਣ ਖ਼ੁਦ ਵਿਦੇਸ਼ਾਂ ’ਚ ਜਾ ਕੇ ਗੁਲਾਮੀ ਕਰਨ ਲਈ ਮਜਬੂਰ ਹੋ ਰਹੇ ਹਨ। ਬੇਰੋਜ਼ਗਾਰੀ, ਰੋਜ਼ੀ ਰੋਟੀ ਅਤੇ ਆਪਣੇ ਭਵਿੱਖ ਲਈ ਫਿਕਰਮੰਦ ਨੌਜਵਾਨ ਨਾ ਚਾਹੁੰਦੇ ਹੋਏ ਆਪਣੇ ਵਤਨ ਨੂੰ ਛੱਡ ਕੇ ਆਪਣਿਆਂ ਤੋਂ ਦੂਰ ਰਹਿਣ ਲਈ ਮਜਬੂਰ ਹਨ, ਜੋਕਿ ਸਰਕਾਰਾਂ ਦੀ ਨਾਕਾਮੀ ਦਾ ਪ੍ਰਤੱਖ ਪ੍ਰਮਾਣ ਹੈ। ਅੱਜ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰ ਸੂਬਿਆਂ ਤੋਂ ਲੱਖਾਂ ਦੀ ਤਦਾਦ ਵਿਚ ਨੌਜਵਾਨ ਅਤੇ ਵਪਾਰੀ ਵਰਗ ਆਪਣੇ ਸੂਬਿਆਂ ਨੂੰ ਛੱਡ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ, ਜੋਕਿ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ NH 'ਤੇ ਵੱਡਾ ਹਾਦਸਾ, XUV ਤੇ ਸਵਿੱਫਟ ਦੀ ਭਿਆਨਕ ਟੱਕਰ, ਉੱਡੇ ਪਰਖੱਚੇ

ਪੰਜਾਬ ’ਚ 20 ਲੱਖ ਤੋਂ ਵੱਧ ਬੇਰੁਜ਼ਗਾਰ ਹਨ ਨੌਜਵਾਨ
ਪੰਜਾਬ ਜੋ ਕਿ ਕਿਸੇ ਸਮੇਂ ਇਕ ਖ਼ੁਸ਼ਹਾਲ ਸੂਬਾ ਹੁੰਦਾ ਸੀ ਪਰ ਬਰਬਾਦ ਹੋ ਰਹੀ ਕਿਸਾਨੀ, ਠੱਪ ਹੋ ਰਹੇ ਕਾਰੋਬਾਰ ਅਤੇ ਬੇਰੁਜ਼ਗਾਰੀ ਕਾਰਨ ਅੱਜ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਹਾਲਾਤ ਹੁਣ ਇਹ ਹਨ ਕਿ ਇਕ ਅਨੁਮਾਨ ਮੁਤਾਬਕ ਪੰਜਾਬ ’ਚ 20 ਲੱਖ ਤੋਂ ਵੱਧ ਨੌਜਵਾਨ ਕਈ ਤਰ੍ਹਾਂ ਦੀਆਂ ਡਿਗਰੀਆਂ ਲੈਣ ਦੇ ਬਾਵਜੂਦ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਅਤੇ ਸਰਕਾਰੀ ਨੌਕਰੀ ਦੀ ਤਲਾਸ਼ ਵਿਚ ਉਮਰ ਦੇ ਪੜਾਅ ਵੱਲ ਵੱਧਦੇ ਜਾ ਰਹੇ ਹਨ, ਜਿਸ ਦਾ ਪ੍ਰਮੁੱਖ ਕਾਰਨ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ’ਚ ਕੋਈ ਖ਼ਾਸ ਦਿਲਚਸਪੀ ਨਾ ਵਿਖਾਉਣਾ ਹੈ। ਅਜਿਹੇ ਨੌਜਵਾਨ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਲੈ ਕੇ ਨਾ ਚਾਹੁੰਦੇ ਹੋਏ ਵੀ ਵਿਦੇਸ਼ਾਂ ’ਚ ਜਾ ਕੇ ਨੌਕਰੀ ਕਰਨ ਨੂੰ ਤਰਜੀਹ ਦੇ ਰਹੇ ਹਨ।

ਕੀ ਕਰਨ ਸਰਕਾਰਾਂ
-ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਮੌਕੇ ਮੁਹੱਈਆ ਕਰਵਾਏ ਜਾਣ।
-ਸਰਕਾਰੀ ਨੌਕਰੀਆਂ ਲਈ ਉਮਰ ਸੀਮਾ ਵਧਾਈ ਜਾਵੇ।
-ਵੱਖ-ਵੱਖ ਵਿਭਾਗਾਂ ’ਚ ਖਾਲੀ ਪੋਸਟਾਂ ਨੂੰ ਭਰਿਆ ਜਾਵੇ।
-ਸਵੈ-ਰੋਜ਼ਗਾਰ ਲਈ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ।
-ਵਪਾਰ ਨੂੰ ਪ੍ਰਫੁੱਲਿਤ ਕੀਤਾ ਜਾਵੇ ਤੇ ਰਿਆਇਤਾਂ ਦਿੱਤੀਆਂ ਜਾਵੇ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ/ਕਾਲਜਾਂ 'ਚ ਮੰਗਲਵਾਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਵਿਦੇਸ਼ਾਂ ’ਚ ਫਸ ਜਾਂਦੇ ਹਨ ਕਈ ਲੋਕ
ਕੁਝ ਨੌਜਵਾਨ ਵਿਦੇਸ਼ ਜਾਣ ਲਈ ਆਪਣੀ ਜ਼ਮੀਨ ਵੇਚ ਕੇ ਜਾਂ ਲੱਖਾਂ ਰੁਪਏ ਦਾ ਕਰਜ਼ ਲੈ ਕੇ ਗਲਤ ਏਜੰਟਾਂ ਦੇ ਹੱਥੀ ਚੜ੍ਹ ਜਾਂਦੇ ਹਨ ਵਿਦੇਸ਼ਾਂ 'ਚ ਜਾ ਕੇ ਫਸ ਜਾਂਦੇ ਹਨ, ਜਿਨ੍ਹਾਂ ਨੂੰ ਉੱਥੇ ਦੀ ਪੁਲਸ ਵੱਲੋਂ ਜੇਲ੍ਹ ਦੀਆਂ ਸਲਾਖਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਅਤੇ ਇਥੇ ਉਨ੍ਹਾਂ ਦਾ ਪਰਿਵਾਰ ਇੰਤਜ਼ਾਰ ਕਰਦਾ ਰਹਿੰਦਾ ਹੈ।
ਜਦੋਂ ਅਜਿਹੀ ਘਟਨਾ ਬਾਰੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਸਰਕਾਰਾਂ ਅਤੇ ਆਗੂਆਂ ਅੱਗੇ ਕਈ ਸਾਲਾਂ ਤੱਕ ਗੁਹਾਰ ਲਗਾਉਂਦੇ ਰਹਿੰਦੇ ਹਨ, ਜਿਸ ਤੋਂ ਬਾਅਦ ਕੁਝ ਹੀ ਨੌਜਵਾਨਾਂ ਦੀ ਵਤਨ ਵਾਪਸੀ ਹੁੰਦੀ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਅਕਸਰ ਵੇਖਣ ’ਚ ਆਉਂਦੇ ਹਨ ਪਰ ਇਸ ਦੇ ਬਾਵਜੂਦ ਵੀ ਲੋਕ ਬਾਹਰ ਜਾਣ ਦਾ ਰਿਸਕ ਚੁੱਕ ਰਹੇ ਹਨ, ਜਿਸ ਦਾ ਕਾਰਨ ਰੋਜ਼ੀ ਰੋਟੀ ਹੀ ਹੈ। ਜੇਕਰ ਸਮੇਂ ਦੀਆਂ ਸਰਕਾਰਾਂ ਚੋਣਾ ਦੋਰਾਨ ਬੇਰੋਜ਼ਗਾਰੀ ਦੂਰ ਕਰਨ ਦੇ ਆਪਣੇ ਵਾਅਦੇ ’ਤੇ ਖਰੀ ਉੱਤਰਦੀਆਂ ਤਾਂ ਅਜਿਹੀਆਂ ਘਟਨਾਵਾਂ ਦੇ ਗ੍ਰਾਫ਼ ਵਿਚ ਜ਼ਰੂਰ ਕਮੀ ਆਉਣੀ ਸੀ।

ਇਹ ਵੀ ਪੜ੍ਹੋ- ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਜਵਾਨ ਪੁੱਤ ਨੂੰ ਇਸ ਹਾਲ 'ਚ ਵੇਖ ਭੁੱਬਾਂ ਮਾਰ ਰੋਏ ਮਾਪੇ

ਵਿਦੇਸ਼ਾਂ ’ਚ ਵੱਸਦੇ ਜਾ ਰਹੇ ਹਨ ਵਪਾਰੀ
ਸਰਕਾਰਾਂ ਵੱਲੋਂ ਵਪਾਰੀ ਵਰਗ ’ਤੇ ਲਾਏ ਗਏ ਕਈ ਤਰ੍ਹਾਂ ਦੇ ਟੈਕਸਾਂ ਤੇ ਰਿਆਇਤਾਂ ਨਾ ਮਿਲਣ ਕਾਰਨ ਕਈ ਵਾਪਰੀ ਆਪਣਾ ਕਾਰੋਬਾਰ ਬੰਦ ਕਰ ਚੁੱਕੇ ਹਨ। ਜ਼ਿਲ੍ਹੇ ’ਚ ਜ਼ਿਆਦਾਤਰ ਨੌਜਵਾਨ ਲੜਕੇ-ਲੜਕੀਆਂ ਅਤੇ ਹੋਰ ਲੋਕ ਆਪਣਾ ਵਪਾਰ ਬੰਦ ਕਰਕੇ ਅਤੇ ਆਪਣੀਆਂ ਦੁਕਾਨਾਂ ਵੇਚ ਕੇ ਵਿਦੇਸ਼ਾਂ ’ਚ ਜਾ ਵਸੇ ਹਨ ਅਤੇ ਕਈ ਤਿਆਰੀ ਵਿਚ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਠੋਸ ਨੀਤੀ ਬਨਾਉਣ ਦੀ ਬਜਾਏ ਕਈ ਤਰਾਂ ਦੇ ਟੈਕਸ ਲਗਾ ਦਿੱਤੇ ਗਏ ਹਨ, ਜਿਸ ਕਾਰਨ ਅੱਜ ਪੰਜਾਬ ਦੇ ਵਪਾਰੀ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਤਰ੍ਹਾਂ ਦੇ ਉਦਯੋਗ ਅਤੇ ਵਪਾਰ ਬੰਦ ਹੋ ਚੁੱਕੇ ਹਨ। ਅਜਿਹੇ ਵਪਾਰੀ ਆਪਣੇ ਪਰਿਵਾਰ ਅਤੇ ਬੱਚਿਆਂ ਸਮੇਤ ਵਿਦੇਸ਼ਾਂ ’ਚ ਹੀ ਕੋਈ ਛੋਟਾ ਮੋਟਾ ਕਾਰੋਬਾਰ ਕਰਨ ਨੂੰ ਤਰਜੀਹ ਦੇ ਰਹੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ NH 'ਤੇ ਵੱਡਾ ਹਾਦਸਾ, XUV ਤੇ ਸਵਿੱਫਟ ਦੀ ਭਿਆਨਕ ਟੱਕਰ, ਉੱਡੇ ਪਰਖੱਚੇ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


shivani attri

Content Editor

Related News