ਭੇਦਭਰੇ ਹਾਲਤ ’ਚ ਨੌਜਵਾਨ ਦੀ ਮੌਤ

11/02/2018 2:23:45 AM

ਫਗਵਾਡ਼ਾ,  (ਹਰਜੋਤ)-  ਅੱਜ  ਹਰਦਾਸਪੁਰ ਰੋਡ ਤੋਂ ਇਕ ਨੌਜਵਾਨ ਦੀ ਭੇਦਭਰੀ ਹਾਲਤ ’ਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਉਰਫ਼ ਜੱਸੂ (24) ਹਰਮਿੰਦਰ ਸਿੰਘ ਵਾਸੀ ਗੁਰਾਇਆ ਵਜੋਂ ਹੋਈ ਹੈ।
 ਜਾਣਕਾਰੀ ਮੁਤਾਬਕ ਮ੍ਰਿਤਕ ਦੇ ਭਰਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਕਰਨ ਸਿੰਘ 31 ਅਕਤੂਬਰ ਨੂੰ ਆਪਣੇ ਘਰੋਂ ਦੁਪਹਿਰ 3 ਵਜੇ ਇਹ ਕਹਿ ਕੇ ਗਿਆ ਸੀ ਕਿ ਉਸ ਦੇ ਦੋਸਤ ਦੀ ਮਾਤਾ ਬੀਮਾਰ ਹੈ, ਜਿਸ ਨੂੰ ਦੇਖਣ ਉਹ ਜਾ ਰਿਹਾ ਹੈ ਪਰ ਉਹ ਰਾਤ ਤਕ ਘਰ ਨਹੀਂ ਪਰਤਿਆ। ਉਸ ਨਾਲ ਫ਼ੋਨ ’ਤੇ ਵੀ ਸੰਪਰਕ ਕੀਤਾ ਪਰ ਉਸ ਦਾ ਫ਼ੋਨ ਬੰਦ ਆ ਰਿਹਾ ਹੈ ਪਰ ਅੱਜ ਸਵੇਰੇ 8.30 ਵਜੇ ਉਸ ਨੂੰ ਫ਼ੋਨ ਆਇਆ ਕਿ ਤੁਹਾਡੀ ਗੱਡੀ  ਹਰਦਾਸਪੁਰ ਰੋਡ ’ਤੇ ਖਡ਼੍ਹੀ ਹੈ, ਜਦੋਂ ਸ਼ਰਨਜੀਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਉੱਥੇ ਪੁੱਜਿਆ ਤਾਂ ਰਿਟਜ਼ ਗੱਡੀ ’ਚ ਜਸਕਰਨ ਸਿੰਘ ਦੀ ਪਿਛਲੀ ਸੀਟ ’ਤੇ ਲਾਸ਼ ਪਈ ਸੀ ਅਤੇ ਮੂੰਹ ’ਚੋਂ ਝੱਗ ਅਤੇ ਅੱਖਾਂ ’ਚੋਂ ਖੂਨ ਨਿਕਲ ਰਿਹਾ ਸੀ। 
ਘਟਨਾ ਦੀ ਸੂਚਨਾ ਮਿਲਦੇ ਸਾਰ ਫਗਵਾਡ਼ਾ ਐੱਸ. ਪੀ. ਮਨਦੀਪ ਸਿੰਘ, ਏ. ਐੱਸ. ਪੀ. ਸੰਦੀਪ ਮਲਿਕ, ਐੱਸ. ਐੱਚ. ਓ . ਸਤਨਾਮਪੁਰਾ, ਸੁਰਜੀਤ ਸਿੰਘ ਪੱਤਡ਼ ਅਤੇ ਐੱਸ. ਐੱਚ. ਓ. ਸਦਰ ਸ਼ਿਵਕਮਲ ਸਿੰਘ ਮੌਕੇ ’ਤੇ ਪੁੱਜੇ। ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਪਡ਼ਤਾਲ ਕਰ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਗਵਾਡ਼ਾ ਵਿਖੇ ਭੇਜ ਦਿੱਤਾ ਹੈ। ਐੱਸ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਜਾਂਚ ਅਤੇ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪੱਤਾ ਲੱਗ ਸਕੇਗਾ। ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਮਗਰੋਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਪਰਿਵਾਰ ਨੇ ਇਸ ਸਬੰਧੀ ਕੋਈ ਵੀ ਸ਼ੰਕਾ ਜ਼ਾਹਿਰ ਨਹੀਂ ਕੀਤੀ ਹੈ। ਪੁਲਸ ਨੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਦੋ ਭਰਾ ਹਨ। ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਮ੍ਰਿਤਕ ਗੁਰਾਇਆ ਵਿਖੇ ਸਥਿਤ ਆਪਣੀ ਖਰਾਦੀਆਂ ਤੇ ਪਾਰਟਸ ਦੀ ਫ਼ੈਕਟਰੀ ਚਲਾਉਂਦਾ ਸੀ। 
 


Related News