ਵਰਕਸ਼ਾਪ ਚੌਂਕ ’ਤੇ ਕਰਵਾਏ ਕਰੋੜਾਂ ਰੁਪਏ ਦੇ ਕੰਮ ਗਾਇਬ ਹੋ ਗਏ, ਹੁਣ ਨਿਗਮ ਆਪਣੇ ਪੈਸੇ ਖ਼ਰਚ ਕਰਕੇ ਸੁੰਦਰ ਬਣਾ ਰਿਹੈ ਚੌਂਕ
Wednesday, Apr 30, 2025 - 01:44 PM (IST)

ਜਲੰਧਰ (ਖੁਰਾਣਾ)–ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕਰਨ ਦਾ ਸੁਫ਼ਨਾ ਵਿਖਾਇਆ ਗਿਆ ਸੀ ਪਰ ਅੱਜ ਸ਼ਹਿਰ ਦੇ ਹਾਲਾਤ ਖ਼ਾਸ ਕਰਕੇ ਨਾਰਥ ਵਿਧਾਨ ਸਭਾ ਹਲਕੇ ਤਹਿਤ ਆਉਂਦੇ ਵਰਕਸ਼ਾਪ ਚੌਂਕ ਦੀ ਸਥਿਤੀ ਇਸ ਦੇ ਉਲਟ ਬਿਆਨ ਕਰ ਰਹੀ ਹੈ। ਕਦੇ ਸ਼ਹਿਰ ਦਾ ਸਭ ਤੋਂ ਸੁੰਦਰ ਅਤੇ ਰੁਝੇਵਿਆਂ ਭਰਿਆ ਚੌਂਕ ਰਿਹਾ ਵਰਕਸ਼ਾਪ ਚੌਂਕ ਅੱਜ ਭ੍ਰਿਸ਼ਟਾਚਾਰ ਅਤੇ ਲਾਪ੍ਰਵਾਹੀ ਦਾ ਨਮੂਨਾ ਬਣ ਚੁੱਕਾ ਹੈ। ਸਮਾਰਟ ਸਿਟੀ ਪ੍ਰਾਜੈਕਟ ਦੇ ਨਾਂ ’ਤੇ ਕਰੋੜਾਂ ਰੁਪਏ ਖ਼ਰਚ ਹੋਣ ਦੇ ਬਾਵਜੂਦ ਚੌਂਕ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ, ਜਿਸ ਨਾਲ ਲੋਕਾਂ ਵਿਚ ਗੁੱਸਾ ਅਤੇ ਸਵਾਲ ਬੁਲੰਦ ਹੋ ਰਹੇ ਹਨ।
ਪਿਛਲੇ ਕੁਝ ਸਾਲਾਂ ਵਿਚ ਵਰਕਸ਼ਾਪ ਚੌਕ ਦਾ ਸੁੰਦਰੀਕਰਨ ਅਤੇ ਵਿਕਾਸ ਦੇ ਨਾਂ ’ਤੇ ਸਮਾਰਟ ਸਿਟੀ ਮਿਸ਼ਨ ਤਹਿਤ ਭਾਰੀ-ਭਰਕਮ ਰਾਸ਼ੀ ਖ਼ਰਚ ਕੀਤੀ ਗਈ। ਪਹਿਲੇ ਪੜਾਅ ਵਿਚ 21 ਕਰੋੜ ਦੀ ਲਾਗਤ ਵਾਲੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਲਗਭਗ 1 ਕਰੋੜ ਰੁਪਏ ਦੀ ਲਾਗਤ ਨਾਲ ਵਰਕਸ਼ਾਪ ਚੌਂਕ ਦਾ ਸੁੰਦਰੀਕਰਨ ਸ਼ੁਰੂ ਹੋਇਆ, ਜਿਸ ਤਹਿਤ ਚੌਂਕ ਨੂੰ ਪੂਰੀ ਤਰ੍ਹਾਂ ਤੋੜ ਕੇ ਛੋਟਾ ਕਰ ਦਿੱਤਾ ਗਿਆ। ਕਾਂਗਰਸੀ ਨੇਤਾਵਾਂ ਨੇ ਇਸ ’ਤੇ ਇਤਰਾਜ਼ ਜਤਾਇਆ ਪਰ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਵੇਰਕਾ ਮਿਲਕ ਪਲਾਂਟ ਦਾ ਸਹਾਇਕ ਮੈਨੇਜਰ ਰੰਗੇ ਹੱਥੀਂ ਗ੍ਰਿਫ਼ਤਾਰ, ਕਾਰਾ ਕਰ ਦੇਵੇਗਾ ਹੈਰਾਨ
ਇੰਨੇ ਪੈਸੇ ਖ਼ਰਚ ਕਰਨ ਦੇ ਬਾਵਜੂਦ ਇਥੇ ਫਿਰ ਵੀ ਸੁੰਦਰੀਕਰਨ ਦਾ ਕੋਈ ਪ੍ਰਭਾਵ ਨਹੀਂ ਦਿਸਿਆ। ਇਸ ਤੋਂ ਬਾਅਦ ਇਥੇ ਸਮਾਰਟ ਸਿਟੀ ਨੇ ਸਰਫੇਸ ਵਾਟਰ ਪ੍ਰਾਜੈਕਟ ਲਾਂਚ ਕੀਤਾ, ਜਿਸ ਵਿਚ ਵੱਡੇ ਪਾਈਪ ਪਾਉਣ ਲਈ ਚੌਕ ਨੂੰ ਫਿਰ ਪੁੱਟਿਆ ਗਿਆ। ਇੰਨਾ ਹੀ ਨਹੀਂ ਅਗਲੇ ਪੜਾਅ ਵਿਚ 50 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਰੋਡ ਪ੍ਰਾਜੈਕਟ ਸ਼ੁਰੂ ਹੋਇਆ, ਜਿਸ ਵਿਚ ਵਰਕਸ਼ਾਪ ਚੌਕ ’ਤੇ ਲੱਗਭਗ 1 ਕਰੋੜ ਰੁਪਏ ਫਿਰ ਖਰਚ ਕੀਤੇ ਗਏ। ਕੁੱਲ੍ਹ ਮਿਲਾ ਕੇ 21 ਕਰੋੜ ਰੁਪਏ ਦੇ ਸੁੰਦਰੀਕਰਨ ਪ੍ਰਾਜੈਕਟ ਅਤੇ 50 ਕਰੋੜ ਰੁਪਏ ਦੇ ਸਮਾਰਟ ਰੋਡਜ਼ ਪ੍ਰਾਜੈਕਟ ਦੇ ਬਾਵਜੂਦ ਚੌਂਕ ਦੀ ਹਾਲਤ ਉਸੇ ਤਰ੍ਹਾਂ ਬਣੀ ਹੋਈ ਹੈ। ਸਵਾਲ ਇਹ ਹੈ ਕਿ ਇੰਨੀ ਵੱਡੀ ਰਾਸ਼ੀ ਖ਼ਰਚ ਹੋਣ ਦੇ ਬਾਅਦ ਵੀ ਚੌਂਕ ਵਿਚ ਸੁੰਦਰੀਕਰਨ ਦਾ ਕੋਈ ਨਿਸ਼ਾਨ ਨਹੀਂ ਦਿਸਦਾ।
ਨਗਰ ਨਿਗਮ ਨੂੰ ਇਸੇ ਚੌਕ ’ਤੇ ਫਿਰ ਲਗਾਉਣਾ ਪੈ ਰਿਹਾ ਪੈਸਾ
ਸਮਾਰਟ ਸਿਟੀ ਦੇ ਪ੍ਰਾਜੈਕਟ ਤਹਿਤ ਵਰਕਸ਼ਾਪ ਚੌਂਕ ’ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ। ਇਸ ਦੇ ਬਾਵਜੂਦ ਹੁਣ ਜਲੰਧਰ ਨਗਰ ਨਿਗਮ ਨੂੰ ਆਪਣੇ ਖਜ਼ਾਨੇ ਵਿਚੋਂ ਵਰਕਸ਼ਾਪ ਚੌਂਕ ਦੀ ਦਸ਼ਾ ਸੁਧਾਰਨ ਲਈ ਕਦਮ ਚੁੱਕਣਾ ਪੈ ਰਿਹਾ ਹੈ। ਨਿਗਮ ਕਮਿਸ਼ਨਰ ਦੇ ਨਿਰਦੇਸ਼ ’ਤੇ ਅਸਿਸਟੈਂਟ ਕਮਿਸ਼ਨਰ ਵਿਕ੍ਰਾਂਤ ਵਰਮਾ ਨੇ ਚੌਕ ’ਤੇ ਸਾਫ਼-ਸਫ਼ਾਈ ਅਤੇ ਸਿਵਲ ਵਰਕ ਸ਼ੁਰੂ ਕਰਵਾਇਆ ਹੈ ਪਰ ਇਹ ਸਵਾਲ ਹਰ ਕਿਸੇ ਦੇ ਮਨ ਵਿਚ ਹੈ ਕਿ ਜਦੋਂ ਸਮਾਰਟ ਸਿਟੀ ਦੇ ਖਾਤੇ ਵਿਚੋਂ ਕਰੋੜਾਂ ਰੁਪਏ ਖਰਚ ਹੋ ਚੁੱਕੇ ਹਨ ਤਾਂ ਨਿਗਮ ਨੂੰ ਦੁਬਾਰਾ ਪੈਸਾ ਕਿਉਂ ਲਗਾਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਅਟਾਰੀ ਬਾਰਡਰ ਦਾ ਗੇਟ ਆਵਾਜਾਈ ਲਈ ਬੰਦ, ਅਖ਼ੀਰਲੇ ਦਿਨ 104 ਪਾਕਿ ਨਾਗਰਿਕ ਆਪਣੇ ਦੇਸ਼ ਪਰਤੇ
ਵਰਕਸ਼ਾਪ ਚੌਂਕ ’ਤੇ ਹੋਏ ਕਰੋੜਾਂ ਰੁਪਏ ਦੇ ਕੰਮ ਕਿਵੇਂ ਗਾਇਬ ਹੋਏ, ਜਾਂਚ ਦੀ ਮੰਗ ਉੱਠੀ
ਵਰਕਸ਼ਾਪ ਚੌਂਕ ਦੇ ਮਾਮਲੇ ਨੇ ਸਮਾਰਟ ਸਿਟੀ ਮਿਸ਼ਨ ਵਿਚ ਹੋਏ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕਾਂ ਦੀ ਮੰਗ ਹੈ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਕਿ 21 ਕਰੋੜ ਰੁਪਏ ਦੇ ਸੁੰਦਰੀਕਰਨ ਪ੍ਰਾਜੈਕਟ ਅਤੇ 50 ਕਰੋੜ ਰੁਪਏ ਦੇ ਸਮਾਰਟ ਰੋਡਜ਼ ਪ੍ਰਾਜੈਕਟ ਤਹਿਤ ਵਰਕਸ਼ਾਪ ਚੌਕ ’ਤੇ ਕੀਤਾ ਗਿਆ ਕੰਮ ਕਿਥੇ ਹੈ? ਇਨ੍ਹਾਂ ਪ੍ਰਾਜੈਕਟਾਂ ਤਹਿਤ ਹੋਏ ਕੰਮਾਂ ਦੀ ਪੇਮੈਂਟ ਸਮਾਰਟ ਸਿਟੀ ਦੇ ਖ਼ਾਤੇ ਵਿਚੋਂ ਹੋਈ ਤਾਂ ਕਿਨ੍ਹਾਂ ਨਿਗਮ ਅਧਿਕਾਰੀਆਂ ਨੇ ਇਨ੍ਹਾਂ ਦੇ ਕੰਮ ਨੂੰ ਜਾਂਚਿਆ ਅਤੇ ਮਨਜ਼ੂਰੀ ਦਿੱਤੀ। ਕੀਤੇ ਗਏ ਕੰਮ ਇੰਨੀ ਜਲਦੀ ਗਾਇਬ ਕਿਵੇਂ ਹੋ ਗਏ ਅਤੇ ਨਿਗਮ ਨੂੰ ਦੋਬਾਰਾ ਪੈਸਾ ਖ਼ਰਚ ਕਰਨ ਦੀ ਲੋੜ ਕਿਉਂ ਪੈ ਰਹੀ ਹੈ? ਖ਼ਾਸ ਗੱਲ ਇਹ ਹੈ ਕਿ ‘ਆਪ’ ਵਿਧਾਇਕ ਰਮਨ ਅਰੋੜਾ ਨੇ ਵੀ ਲੱਗਭਗ 2 ਸਾਲ ਪਹਿਲਾਂ ਵਰਕਸ਼ਾਪ ਚੌਕ ਆ ਕੇ ਸਮਾਰਟ ਸਿਟੀ ਦੇ ਕੰਮਾਂ ਬਾਰੇ ਪਤਾ ਕੀਤਾ ਸੀ ਪਰ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ। ਦੂਜੇ ਪਾਸੇ ਇਹ ਵੀ ਇਕ ਤੱਥ ਹੈ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਵਿਚ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਪੰਜਾਬ ਵਿਜੀਲੈਂਸ ਨੂੰ ਸੌਂਪੀ ਗਈ ਹੈ। ਵਿਜੀਲੈਂਸ ਜਾਂਚ ਦੀ ਰਫ਼ਤਾਰ ਹੌਲੀ ਹੋਣ ਕਾਰਨ ਕਾਰਵਾਈ ਵਿਚ ਦੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ: ਨਸ਼ੇ ਦੇ ਖ਼ਾਤਮੇ ਨੂੰ ਲੈ ਕੇ ਪੰਜਾਬ DGP ਸਖ਼ਤ, ਨਵੇਂ ਹੁਕਮ ਜਾਰੀ, ਅਧਿਕਾਰੀਆਂ 'ਤੇ ਵੀ ਡਿੱਗ ਸਕਦੀ ਹੈ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e