ਜ਼ਮੀਨ ਦੇ ਲਾਲਚ ’ਚ ਪਤਨੀ ਨੇ ਕਰਵਾਇਆ ਸੀ ਪੁੱਤਰ ਤੋਂ ਪਤੀ ਦਾ ਕਤਲ, ਮਾਸਟਰਮਾਈਂਡ ਪਤਨੀ ਗ੍ਰਿਫ਼ਤਾਰ
Tuesday, Mar 24, 2026 - 10:14 PM (IST)
ਸਿੱਧਵਾਂ ਬੇਟ, (ਚਾਹਲ)- ਪਿੰਡ ਜੰਡੀ ਵਿਖੇ 17 ਮਾਰਚ ਦੀ ਅੱਧੀ ਰਾਤ ਨੂੰ ਹੋਏ ਕਿਸਾਨ ਹਰਜਿੰਦਰ ਸਿੰਘ ਦੇ ਕਤਲ ਕਾਂਡ ਮਾਮਲੇ ਵਿਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਜ਼ਮੀਨ-ਜਾਇਦਾਦ ਦੇ ਲਾਲਚ ਵਿਚ ਪਤਨੀ ਨੇ ਆਪਣੇ ਹੀ ਪੁੱਤਰ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਹੈ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਸ ਨੇ ਮ੍ਰਿਤਕ ਦੀ ਪਤਨੀ ਤਰਨਜੀਤ ਕੌਰ ਉਰਫ਼ ਤਨੀ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਜਾਂਚ ਅਨੁਸਾਰ ਇਹ ਸਾਰਾ ਵਿਵਾਦ ਜ਼ਾਇਦਾਦ ਅਤੇ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਹੇ ਘਰੇਲੂ ਕਲੇਸ਼ ਦਾ ਨਤੀਜਾ ਸੀ। ਪੁਲਸ ਰਿਮਾਂਡ ਦੌਰਾਨ ਮੁੱਖ ਦੋਸ਼ੀ ਪੁੱਤਰ ਜਸਕਰਨ ਸਿੰਘ ਉਰਫ਼ ਜੱਸੂ ਨੇ ਕਬੂਲ ਕੀਤਾ ਕਿ ਉਸ ਨੇ ਆਪਣੀ ਮਾਂ ਦੀ ਸਾਜ਼ਿਸ਼ ਤਹਿਤ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਕਤਲ ਵਿਚ ਜਸਕਰਨ ਦੇ ਦੋਸਤ ਗੁਰਪ੍ਰੀਤ ਸਿੰਘ (ਕਾਕਾ) ਅਤੇ ਧਰਮਿੰਦਰ ਸਿੰਘ (ਗਿਆਨੀ) ਵਾਸੀ ਲੀਲਾ ਮੇਘ ਸਿੰਘ ਵੀ ਸਹਿ-ਦੋਸ਼ੀ ਵਜੋਂ ਸ਼ਾਮਿਲ ਸਨ। ਵਾਰਦਾਤ ਵਾਲੀ ਰਾਤ ਜਦੋਂ ਹਰਜਿੰਦਰ ਸਿੰਘ ਸੁੱਤਾ ਪਿਆ ਸੀ ਤਾਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਸ ਮੁਤਾਬਕ ਅਗਲੇ ਦਿਨ ਦੋਸ਼ੀਆਂ ਵਲੋਂ ਖੁਦ ਨੂੰ ਬੇਕਸੂਰ ਸਾਬਤ ਕਰਨ ਤੇ ਪੁਲਸ ਨੂੰ ਗੁੰਮਰਾਹ ਕਰਨ ਲਈ ਰੋਣ-ਕੁਰਲਾਉਣ ਦਾ ਡਰਾਮਾ ਵੀ ਕੀਤਾ ਗਿਆ।
ਇਸ ਘਟਨਾ ਦਾ ਖੁਲਾਸਾ ਬੁੱਧਵਾਰ ਦੁਪਹਿਰ ਨੂੰ ਉਸ ਵੇਲੇ ਹੋਇਆ ਜਦੋਂ ਹਰਜਿੰਦਰ ਸਿੰਘ ਦੇ ਘਰ ਦਾ ਦਰਵਾਜ਼ਾ ਲੰਮਾ ਸਮਾਂ ਨਹੀਂ ਖੁੱਲ੍ਹਿਆ। ਗੁਆਂਢੀਆਂ ਦੀ ਸੂਚਨਾ ’ਤੇ ਪੁੱਜੇ ਮ੍ਰਿਤਕ ਦੇ ਭਰਾ ਜਗਰਾਜ ਸਿੰਘ ਤੇ ਭਤੀਜੇ ਕੁਲਜਿੰਦਰ ਨੇ ਜਦੋਂ ਖਿੜਕੀ ਰਾਹੀਂ ਅੰਦਰ ਜਾ ਕੇ ਦੇਖਿਆ ਤਾਂ ਹਰਜਿੰਦਰ ਸਿੰਘ ਦੀ ਖੂਨ ਨਾਲ ਲੱਥਪੱਥ ਲਾਸ਼ ਬਿਸਤਰੇ ’ਤੇ ਪਈ ਸੀ।
ਇੰਸਪੈਕਟਰ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ। ਪੁਲਸ ਵੱਲੋਂ ਕਥਿਤ ਮੁਲਜ਼ਮਾਂ ਦੀ ਘਟਨਾ ਸਮੇਂ ਮੋਬਾਈਲ ਲੋਕੇਸ਼ਨ ਟਰੇਸ ਕੀਤੀ ਗਈ ਤੇ ਮਾਂ-ਪੁੱਤ ਦੇ ਬਿਆਨ ਕਲਮਬੱਧ ਕੀਤੇ ਗਏ ਜੋ ਆਪਸ ਵਿੱਚ ਮੇਲ ਨਾ ਖਾਂਦੇ ਹੋਣ ਕਰਕੇ ਪੁਲਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ।
ਪੁਲਸ ਨੇ ਜਸਕਰਨ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਜਸਕਰਨ ਸਿੰਘ ਦੀ ਨਿਸ਼ਾਨਦੇਹੀ ’ਤੇ ਕਥਿਤ ਦੋਸ਼ੀ ਪਤਨੀ ਤਰਨਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
