ਫਗਵਾੜਾ ਦੀ ਸੁਧੀਰ ਸਵੀਟਸ ’ਤੇ ਗੋਲ਼ੀਆਂ ਚਲਾਉਣ ਵਾਲੇ ਸ਼ੂਟਰ ਜਲੰਧਰ ਤੋਂ ਗ੍ਰਿਫ਼ਤਾਰ, ਜੋਗਾ ਫੋਲੜੀਵਾਲ ਨਾਲ ਜੁੜੇ ਤਾਰ
Friday, Mar 20, 2026 - 11:29 AM (IST)
ਜਲੰਧਰ (ਜ. ਬ)- ਫਗਵਾੜਾ ਦੀ ਹੁਸ਼ਿਆਰਪੁਰ ਰੋਡ ’ਤੇ ਸਥਿਤ ਸੁਧੀਰ ਸਵੀਟਸ ਵਿਚ 12 ਜਨਵਰੀ ਦੀ ਸਵੇਰ ਨੂੰ ਫਾਇਰਿੰਗ ਕਰਨ ਵਾਲੇ ਸ਼ੂਟਰ ਨੂੰ ਕਮਿਸ਼ਨਰੇਟ ਪੁਲਸ ਨੇ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਸ ਦੇ ਸਾਥੀ ਨੂੰ ਵੀ ਕਾਬੂ ਕੀਤਾ ਹੈ, ਜਿਨ੍ਹਾਂ ਤੋਂ 32 ਬੋਰ ਦੇ ਦੋ ਹਥਿਆਰ ਅਤੇ ਗੋਲ਼ੀਆਂ ਬਰਾਮਦ ਹੋਈਆਂ ਹਨ। ਪੁੱਛਗਿੱਛ ਵਿਚ ਸ਼ੂਟਰ ਨੇ ਮੰਨਿਆ ਕਿ ਉਸ ਨੇ ਅਮਰੀਕਾ ਵਿਚ ਬੈਠੇ ਗੈਂਗਸਟਰ ਸੋਨੂੰ ਖੱਤਰੀ ਦੇ ਕਹਿਣ ’ਤੇ ਸਵੀਟਸ ਸ਼ਾਪ ’ਤੇ ਫਾਇਰਿੰਗ ਕੀਤੀ ਸੀ।
ਜਾਣਕਾਰੀ ਦਿੰਦੇ ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੀ. ਏ. ਵੀ. ਕਾਲਜ ਫਲਾਈਓਵਰ ਦੇ ਹੇਠਾਂ ਦੋ ਅਪਰਾਧਿਕ ਕਿਸਮ ਦੇ ਨੌਜਵਾਨ ਰੁਕੇ ਹੋਏ ਹਨ, ਜੋ ਕਿਸੇ ਦੀ ਉਡੀਕ ਕਰ ਰਹੇ ਹਨ। ਇੰਸਪੈਕਟਰ ਕੰਬੋਜ ਨੇ ਤੁਰੰਤ ਆਪਣੀ ਟੀਮ ਦੇ ਨਾਲ ਉੱਥੇ ਰੇਡ ਕਰਕੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ ਦੋਵਾਂ ਤੋਂ ਇਕ-ਇਕ 32 ਬੋਰ ਦਾ ਪਿਸਤੌਲ ਅਤੇ 2 ਗੋਲ਼ੀਆਂ ਮਿਲੀਆਂ।
ਇਹ ਵੀ ਪੜ੍ਹੋ: ਸਰਕਿਟ ਹਾਊਸ ਨੂੰ ਤਾਲੇ ਲਗਾਉਣ 'ਤੇ ਭੜਕੇ ਜਾਖੜ! ਕਿਹਾ-ਕੇਜਰੀਵਾਲ ਸਾਬ੍ਹ ਜਲਦ 'ਸ਼ੀਸ਼ ਮਹਿਲ' ਨੂੰ ਵੀ ਲੱਗਣਗੇ ਤਾਲੇ
ਮੁਲਜ਼ਮਾਂ ਨੇ ਪੁੱਛਗਿੱਛ ਵਿਚ ਆਪਣੀ ਪਛਾਣ ਸਾਜਨ ਗਿੱਲ ਉਰਫ਼ ਗੱਬਰ ਪੁੱਤਰ ਹੈਪੀ ਮਸੀਹ ਨਿਵਾਸੀ ਖਾਂਬਰਾ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਫੋਲੜੀਵਾਲ ਦੱਸੀ। ਦੋਵਾਂ ਖ਼ਿਲਾਫ਼ ਥਾਣਾ ਨੰ. 1 ਵਿਚ ਕੇਸ ਦਰਜ ਕਰਕੇ ਉਨ੍ਹਾਂ ਨੂੰ ਰਿਮਾਂਡ ’ਤੇ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਵੱਡਾ ਖ਼ੁਲਾਸਾ ਹੋਇਆ। ਸਾਜਨ ਗਿੱਲ ਗੈਂਗਸਟਰ ਜੋਗਾ ਫੋਲੜੀਵਾਲ, ਸੋਨੂੰ ਖੱਤਰੀ ਅਤੇ ਰੋਹਿਤ ਗੋਦਾਰਾ ਦਾ ਸ਼ੂਟਰ ਨਿਕਲਿਆ। ਇਥੇ ਇਹ ਵੀ ਦੱਸ ਦੇਈਏ ਕਿ ਜਲੰਧਰ ਦੇ 'ਆਪ' ਲੀਡਰ ਲੱਕੀ ਓਬਰਾਏ ਦਾ ਜੋਗਾ ਨੇ ਹੀ ਕਤਲ ਕਰਵਾਇਆ ਸੀ।
ਸਾਜਨ ਨੇ ਮੰਨਿਆ ਕਿ 12 ਜਨਵਰੀ ਦੀ ਸਵੇਰ ਉਸ ਨੇ ਆਪਣੇ ਦੋ ਸਾਥੀਆਂ ਸਮੇਤ ਫਗਵਾੜਾ ਵਿਚ ਸੁਧੀਰ ਸਵੀਟਸ ਸ਼ਾਪ ’ਤੇ ਫਾਇਰਿੰਗ ਕੀਤੀ ਸੀ। ਫਾਇਰਿੰਗ ਕਰਨ ਲਈ ਉਸ ਨੂੰ ਸੋਨੂੰ ਖੱਤਰੀ ਦਾ ਫੋਨ ਆਇਆ ਸੀ ਅਤੇ ਦੋ ਹੋਰ ਨੌਜਵਾਨ ਵੀ ਉਸੇ ਨੇ ਭੇਜੇ ਸਨ। ਸਾਜਨ ਖ਼ਿਲਾਫ਼ ਥਾਣਾ ਨੰ. 6, ਥਾਣਾ ਨੰ. 7 ਅਤੇ ਥਾਣਾ ਜ਼ੀਰਕਪੁਰ ਵਿਚ ਦੋ-ਦੋ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਵਰਗੇ ਕੇਸ ਦਰਜ ਹਨ। ਹਰਪ੍ਰੀਤ ਹੈਪੀ ਖ਼ਿਲਾਫ਼ ਕਪੂਰਥਲਾ ਵਿਚ ਇਕ ਅਪਰਾਧਿਕ ਕੇਸ ਦਰਜ ਹੈ।
ਇਹ ਵੀ ਪੜ੍ਹੋ: ਸਿਆਸਤ 'ਚ ਹੋਣ ਜਾ ਰਿਹੈ ਵੱਡਾ ਧਮਾਕਾ! ਆਦਮਪੁਰ ਹਲਕੇ 'ਚ 'ਆਪ' ਨੂੰ ਲੱਗ ਸਕਦੈ ਵੱਡਾ ਝਟਕਾ
ਦੋਵਾਂ ਨੇ ਮੰਨਿਆ ਕਿ ਉਹ ਸੋਨੂੰ ਖੱਤਰੀ, ਜੋਗਾ ਫੋਲੜੀਵਾਲ ਅਤੇ ਰੋਹਿਤ ਗੋਦਾਰਾ ਦੇ ਕਹਿਣ ’ਤੇ ਹਥਿਆਰਾਂ ਤੇ ਡਰੱਗਜ਼ ਦੀ ਸਪਲਾਈ ਕਰਦੇ ਸਨ। ਇਸ ਦੇ ਲਈ ਉਨ੍ਹਾਂ ਨੂੰ ਕਮੀਸ਼ਨ ਦਿੱਤਾ ਜਾਂਦਾ ਸੀ। ਮੁਲਜ਼ਮ ਸਾਜਨ ਨੇ ਕਿਹਾ ਕਿ ਫਗਵਾੜਾ ਵਿਚ ਫਾਇਰਿੰਗ ਕਰਨ ਤੋਂ ਬਾਅਦ ਤਿੰਨੋਂ ਨੌਜਵਾਨ ਵੱਖ-ਵੱਖ ਥਾਵਾਂ ਲਈ ਭੱਜ ਗਏ ਸਨ ਅਤੇ ਕੁਝ ਦਿਨ ਬਾਹਰ ਰਹਿ ਕੇ ਉਹ ਵਾਪਸ ਖਾਂਬਰਾ ਸਥਿਤ ਆਪਣੇ ਘਰ ਵਿਚ ਰਹਿਣ ਲੱਗਾ। ਪੁਲਸ ਨੇ ਦੋਵਾਂ ਨੂੰ ਰਿਮਾਂਡ ’ਤੇ ਲਿਆ ਹੈ। ਪੁਲਸ ਨੂੰ ਉਮੀਦ ਹੈ ਕਿ ਮੁਲਜ਼ਮਾਂ ਦੀ ਪੁੱਛਗਿੱਛ ਵਿਚ ਵੱਡੇ ਹਥਿਆਰਾਂ ਦੇ ਸਪਲਾਇਰਾਂ ਅਤੇ ਨਸ਼ਾ ਸਮੱਗਲਰਾਂ ਦੇ ਲਿੰਕ ਮਿਲ ਸਕਦੇ ਹਨ।
ਗੈਂਗਸਟਰਾਂ ਦੇ ਕਹਿਣ ’ਤੇ ਭਗੌੜਿਆਂ ਨੂੰ ਪਨਾਹ ਵੀ ਦਿੰਦਾ ਸੀ ਹਰਪ੍ਰੀਤ
ਪੁਲਸ ਦੀ ਮੰਨੀਏ ਤਾਂ ਹਰਪ੍ਰੀਤ ਨਿਵਾਸੀ ਫੋਲੜੀਵਾਲ ਅਤੇ ਜੋਗਾ ਫੋਲੜੀਵਾਲ ਇਕ ਹੀ ਪਿੰਡ ਦੇ ਹਨ। ਦੋਵੇਂ ਇਕ ਅਪਰਾਧਿਕ ਕੇਸ ਵਿਚ ਕੇਸਵਾਰ ਵੀ ਹਨ। ਪੁਲਸ ਦਾ ਦਾਅਵਾ ਹੈ ਕਿ ਸਾਜਨ ਅਤੇ ਹਰਪ੍ਰੀਤ ਜੋਗਾ ਫੋਲੜੀਵਾਲ, ਸੋਨੂੰ ਖੱਤਰੀ ਅਤੇ ਰੋਹਿਤ ਗੋਦਾਰਾ ਦੇ ਕਹਿਣ ’ਤੇ ਆਪਣੇ ਗੈਂਗ ਦੇ ਭਗੌੜੇ ਮੈਂਬਰਾਂ ਨੂੰ ਪਨਾਹ ਦਿੰਦੇ ਸਨ। ਉਹ ਦੋਵਾਂ ਗਿਰੋਹਾਂ ਦੇ ਮੈਂਬਰਾਂ ਨੂੰ ਵਾਰਦਾਤ ਲਈ ਹਥਿਆਰ ਤੱਕ ਮੁਹੱਈਆ ਕਰਵਾਉਂਦੇ ਸਨ ਅਤੇ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਨਸ਼ਾ ਵੀ ਕਰਵਾਉਂਦੇ ਸਨ। ਇਸ ਸਾਰੇ ਕੰਮ ਲਈ ਉਨ੍ਹਾਂ ਨੂੰ ਵੱਖ ਤੋਂ ਪੈਸੇ ਦਿੱਤੇ ਜਾਂਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
