ਤੂੜੀ ਦੇ ਰੇਟ ਘੱਟ ਮਿਲਣ ਕਾਰਨ ਕਿਸਾਨਾਂ ''ਚ ਨਿਰਾਸ਼ਾ ਦਾ ਆਲਮ

04/30/2018 12:09:03 PM

ਸੁਲਤਾਨਪੁਰ ਲੋਧੀ (ਧੀਰ)— ਪਹਿਲਾਂ ਹੀ ਖੇਤੀ ਦੇ ਧੰਦੇ 'ਚ ਆਰਥਿਕ ਸਥਿਤੀ ਮਾੜੀ ਹੋਣ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਇਸ ਵਾਰ ਕਣਕ ਦੀ ਫਸਲ ਤੋਂ ਬਾਅਦ ਰਹਿੰਦ-ਖੂੰਹਦ ਲਈ ਬਣਾਈ ਜਾਂਦੀ ਤੂੜੀ ਦੇ ਰੇਟ ਘੱਟ ਹੋਣ ਕਾਰਨ ਪਰੇਸ਼ਾਨੀ ਦਾ ਆਲਮ ਹੈ, ਜਿਸ ਕਾਰਨ ਕਿਸਾਨਾਂ 'ਚ ਮਾਯੂਸੀ ਪਾਈ ਜਾ ਰਹੀ ਹੈ। ਤੂੜੀ ਦਾ ਰੇਟ ਘੱਟ ਹੋਣ ਕਾਰਨ ਹੁਣ ਕਿਸਾਨ ਤੂੜੀ ਸਟੋਰ ਕਰਨ ਨੂੰ ਪਹਿਲ ਦੇ ਰਹੇ ਹਨ। 
ਗੌਰਤਲਬ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਜੋ ਰਹਿੰਦ-ਖੂੰਹਦ ਬਚ ਜਾਂਦੀ ਸੀ ਉਸ ਨੂੰ ਕਿਸਾਨ ਮਸ਼ੀਨ ਰਾਹੀਂ ਤੂੜੀ ਬਣਵਾ ਲੈਂਦੇ ਸਨ ਅਤੇ ਉਹ ਚੰਗੇ ਰੇਟਾਂ 'ਤੇ ਅੱਗੇ ਵਿੱਕ ਜਾਂਦੀ ਸੀ, ਜਿਸ ਨਾਲ ਕਿਸਾਨ ਨੂੰ ਆਮਦਨ ਵੀ ਚੰਗੀ ਹੋ ਜਾਂਦੀ ਸੀ ਅਤੇ ਉਸ ਦਾ ਲੇਬਰ ਦਾ ਖਰਚਾ ਵੀ ਨਿਕਲ ਜਾਂਦਾ ਸੀ। ਤੂੜੀ ਦੇ ਰੇਟ ਘੱਟ ਹੋਣ ਕਾਰਨ ਜਿਹੜੇ ਕਿਸਾਨਾਂ ਕੋਲ ਤੂੜੀ ਸਟੋਰ ਕਰਨ ਲਈ ਘਰਾਂ 'ਚ ਥਾਂ ਨਹੀਂ ਉਹ ਖੇਤਾਂ 'ਚ ਤੂੜੀ ਦੇ ਕੁੱਪ ਪਾਉਣ ਲਈ ਮਜਬੂਰ ਹਨ। ਉੱਧਰ ਤੂੜੀ ਸਾਂਭਣ ਲਈ ਤੂੜੀ ਦੇ ਕੁੱਪ ਬੰਨ੍ਹਣ ਵਾਲੇ ਮਜ਼ਦੂਰਾਂ, ਛੋਟੇ ਕਿਸਾਨਾਂ, ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਵਾਲਿਆਂ ਨੂੰ ਕੰਮ ਮਿਲਣ ਲੱਗਾ ਹੈ। ਤੂੜੀ ਦਾ ਰੇਟ ਘੱਟ ਹੋਣ ਕਾਰਨ ਕਿਸਾਨਾਂ ਨੂੰ ਤੂੜੀ ਤਿਆਰ ਕਰਨ ਲਈ ਖਰਚਾ ਕਰਨਾ ਪੈ ਰਿਹਾ ਹੈ। 
ਕਿਸਾਨ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਕਣਕ ਦੀ ਕੰਬਾਈਨ ਨਾਲ ਕਟਾਈ ਮਗਰੋਂ ਮਸ਼ੀਨ ਨਾਲ ਤੂੜੀ ਬਣਾਉਣ 'ਚ 800 ਰੁਪਏ ਪ੍ਰਤੀ ਟਰਾਲੀ ਖਰਚਾ ਆਉਂਦਾ ਹੈ ਜਦਕਿ ਇਕ ਏਕੜ 'ਚ ਢਾਈ ਟਰਾਲੀਆਂ ਨਿਕਲਦੀਆਂ ਹਨ ਅਤੇ ਇਕ ਟਰਾਲੀ ਤੂੜੀ ਦੀ 1500, 1600 ਰੁਪਏ ਦੀ ਵਿਕਦੀ ਹੈ। ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੱਥਾਂ ਨਾਲ ਕਣਕ ਦੀ ਕਟਾਈ ਤੇ ਹੜੰਬੇ ਨਾਲ ਕੱਢੀ ਤੂੜੀ 425 ਰੁਪਏ ਪ੍ਰਤੀ ਕੁਇੰਟਲ ਮਿਲਦੀ ਹੈ ਜਦਕਿ ਮਸ਼ੀਨ ਨਾਲ ਰੇਟ ਘੱਟ ਮਿਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਕਿਸੇ ਸਮੇਂ ਥਰੈਸ਼ਰ ਨਾਲ ਤੂੜੀ ਬਣਾਉਂਦੇ ਸੀ ਤਾਂ ਕਣਕ ਦੇ ਬਰਾਬਰ ਤੂੜੀ ਨਿਕਲ ਆਉਂਦੀ ਸੀ ਅਤੇ ਤੂੜੀ ਦੇ ਕੁੱਪ ਬਣਾ ਕੇ ਉਸ ਨੂੰ ਪਹਿਲਾਂ ਸਾਂਭਦੇ ਸੀ ਅਤੇ ਫਿਰ ਮਹਿੰਗੇ ਭਾਅ 'ਚ ਵੇਚਦੇ ਸਨ।
ਕਿਸਾਨ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪਿਛਲੇ ਸਾਲ ਤੂੜੀ ਵਾਲੀ ਮਸ਼ੀਨ ਚਲਾ ਕੇ ਚੰਗੀ ਕਮਾਈ ਕੀਤੀ ਸੀ ਪਰ ਇਸ ਵਾਰ ਤੂੜੀ ਬਣਾਉਣ ਦੇ 800 ਰੁਪਏ ਪ੍ਰਤੀ ਏਕੜ ਲੈਣ ਦੇ ਬਾਵਜੂਦ ਮਸ਼ੀਨਰੀ ਦਾ ਖਰਚ ਵੀ ਪੱਲੇ ਨਹੀਂ ਪਿਆ।


Related News