ਰੇਲਵੇ ਸਟੇਸ਼ਨ ’ਤੇ ਵਾਟਰ ਵੈਂਡਿੰਗ ਮਸ਼ੀਨਾਂ 2 ਸਾਲਾਂ ਤੋਂ ਨੇ ਬੰਦ, ਪੀਣ ਵਾਲੇ ਪਾਣੀ ਨੂੰ ਤਰਸ ਰਹੇ ਯਾਤਰੀ

Tuesday, Mar 22, 2022 - 04:33 PM (IST)

ਰੇਲਵੇ ਸਟੇਸ਼ਨ ’ਤੇ ਵਾਟਰ ਵੈਂਡਿੰਗ ਮਸ਼ੀਨਾਂ 2 ਸਾਲਾਂ ਤੋਂ ਨੇ ਬੰਦ, ਪੀਣ ਵਾਲੇ ਪਾਣੀ ਨੂੰ ਤਰਸ ਰਹੇ ਯਾਤਰੀ

ਜਲੰਧਰ (ਗੁਲਸ਼ਨ)–ਮਾਰਚ ਮਹੀਨੇ ’ਚ ਹੀ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਾ 33 ਡਿਗਰੀ ਤੋਂ ਪਾਰ ਹੋ ਚੁੱਕਾ ਹੈ। ਸਰਦੀ ਤੋਂ ਬਾਅਦ ਅਚਾਨਕ ਆਏ ਮੌਸਮ ਦੇ ਬਦਲਾਅ ਨਾਲ ਲੋਕਾਂ ਦੇ ਪਸੀਨੇ ਛੁੱਟਣ ਲੱਗੇ ਹਨ। ਅਜਿਹੇ ਮੌਸਮ ’ਚ ਸਾਫ਼ ਤੇ ਠੰਡੇ ਪਾਣੀ ਦੀ ਡਿਮਾਂਡ ਕਾਫੀ ਵਧ ਗਈ ਹੈ ਪਰ ਸਿਟੀ ਰੇਲਵੇ ਸਟੇਸ਼ਨ ’ਤੇ ਇਨ੍ਹੀਂ ਦਿਨੀਂ ਪੀਣ ਵਾਲੇ ਪਾਣੀ ਦੀ ਕਾਫ਼ੀ ਕਿੱਲਤ ਚੱਲ ਰਹੀ ਹੈ। ਸਟੇਸ਼ਨ ’ਤੇ ਲੱਗੀਆਂ ਵਾਟਰ ਵੈਂਡਿੰਗ ਮਸ਼ੀਨਾਂ ਿਪਛਲੇ 2 ਸਾਲਾਂ ਤੋਂ ਬੰਦ ਪਈਆਂ ਹਨ। ਸੋਮਵਾਰ ਨੂੰ ਪਲੇਟਫਾਰਮ ਨੰਬਰ 1 ’ਤੇ ਲੱਗੀਆਂ ਟੂਟੀਆਂ ਵਿਚ ਵੀ ਪਾਣੀ ਨਹੀਂ ਆ ਰਿਹਾ ਸੀ। ਟਰੇਨਾਂ ਤੋਂ ਉਤਰ ਕੇ ਯਾਤਰੀ ਬੋਤਲਾਂ ਭਰਨ ਲਈ ਵਾਟਰ ਬੂਥ ’ਤੇ ਆ ਰਹੇ ਸਨ ਪਰ ਟੂਟੀਆਂ ਵਿਚ ਪਾਣੀ ਨਹੀਂ ਆ ਰਿਹਾ ਸੀ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੁਝ ਯਾਤਰੀਆਂ ਨੂੰ ਮਜਬੂਰਨ ਬੋਤਲ ਬੰਦ ਪਾਣੀ ਖਰੀਦ ਕੇ ਆਪਣੀ ਪਿਆਸ ਬੁਝਾਉਣੀ ਪਈ। ਯਾਤਰੀਆਂ ਨੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਟੇਸ਼ਨ ’ਤੇ ਜਲਦ ਪੀਣ ਵਾਲੇ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਤਾਂ ਕਿ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ।

ਇਹ ਵੀ ਪੜ੍ਹੋ : PM ਮੋਦੀ ਨਾਲ 24 ਮਾਰਚ ਨੂੰ ਮੁਲਾਕਾਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ, ਅਹਿਮ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ

ਵਰਣਨਯੋਗ ਹੈ ਕਿ ਰੇਲਵੇ ਹੈੱਡਕੁਆਰਟਰ ਨੇ ਫਿਰੋਜ਼ਪੁਰ ਮੰਡਲ ਦੇ ਸਾਰੇ ਵੱਡੇ ਰੇਲਵੇ ਸਟੇਸ਼ਨਾਂ ’ਤੇ ਵਾਟਰ ਵੈਂਡਿੰਗ ਮਸ਼ੀਨਾਂ ਲਾਉਣ ਦਾ ਕੰਮ ਆਈ. ਆਰ. ਸੀ. ਟੀ. ਸੀ. ਨੂੰ ਸੌਂਪਿਆ ਸੀ ਪਰ ਉਸ ਨੇ ਜਿਸ ਠੇਕੇਦਾਰ ਨੂੰ ਇਸਦਾ ਕੰਮ ਦਿੱਤਾ, ਉਹ ਰੇਲਵੇ ਦੇ ਨਿਯਮਾਂ ’ਤੇ ਖਰਾ ਨਹੀਂ ਉਤਰ ਸਕਿਆ। ਠੇਕੇਦਾਰ ਨੇ ਰੇਲਵੇ ਨੂੰ ਬਿਜਲੀ ਬਿੱਲ ਅਤੇ ਜਗ੍ਹਾ ਦਾ ਕਿਰਾਇਆ ਜਮ੍ਹਾ ਨਹੀਂ ਕਰਵਾਇਆ। ਲੰਮੇ ਸਮੇਂ ਤੱਕ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਰਕਮ ਵਧਦੀ ਗਈ। ਮਸ਼ੀਨਾਂ ’ਤੇ ਬੈਠੇ ਕਰਮਚਾਰੀਆਂ ਨੂੰ ਵੀ ਤਨਖਾਹ ਨਹੀਂ ਦਿੱਤੀ ਜਾ ਰਹੀ ਸੀ। ਆਖਿਰਕਾਰ ਉਹ ਕੰਮ ਵਿਚਾਲੇ ਹੀ ਛੱਡ ਕੇ ਭੱਜ ਗਿਆ। ਸੂਤਰਾਂ ਮੁਤਾਬਕ ਆਈ. ਆਰ. ਸੀ. ਟੀ. ਸੀ. ਨੇ ਉਕਤ ਠੇਕੇਦਾਰ ਨੂੰ ਬਲੈਕਲਿਸਟ ਕਰ ਦਿੱਤਾ।

ਜ਼ਿਕਰਯੋਗ ਹੈ ਿਕ ਕੋਵਿਡ-19 ਦਾ ਕਹਿਰ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਉਕਤ ਮਸ਼ੀਨਾਂ ਬੰਦ ਪਈਆਂ ਹਨ। ਜਲੰਧਰ ਤੋਂ ਇਲਾਵਾ ਲੁਧਿਆਣਾ, ਅੰਮ੍ਰਿਤਸਰ, ਬਿਆਸ, ਜੰਮੂਤਵੀ ਵਰਗੇ ਕਈ ਸਟੇਸ਼ਨਾਂ ’ਤੇ ਲੱਗੀਆਂ ਵਾਟਰ ਵੈਂਡਿੰਗ ਮਸ਼ੀਨਾਂ ਵੀ ਬੰਦ ਪਈਆਂ ਹਨ। ਹੁਣ ਗਰਮੀ ਵਧਣ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਤਰਸਣ ਲੱਗੇ ਹਨ। ਇਸ ਬਾਰੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈ. ਆਰ. ਸੀ. ਟੀ. ਸੀ. ਵੱਲੋਂ ਵਾਟਰ ਵੈਂਡਿੰਗ ਮਸ਼ੀਨਾਂ ਲਈ ਦੁਬਾਰਾ ਠੇਕਾ ਅਲਾਟ ਕੀਤਾ ਜਾ ਰਿਹਾ ਹੈ। ਅਗਲੇ ਕੁਝ ਦਿਨਾਂ ਵਿਚ ਮਸ਼ੀਨਾਂ ਚਾਲੂ ਹੋ ਜਾਣ ਦੀ ਉਮੀਦ ਹੈ।

ਸਟੇਸ਼ਨ ’ਤੇ ਰੇਲ ਨੀਰ ਦੀ ਬਜਾਏ ਵਿਕ ਰਿਹੈ ਹੋਰ ਕੰਪਨੀਆਂ ਦਾ ਪਾਣੀ
ਦੂਜੇ ਪਾਸੇ ਰੇਲਵੇ ਹੈੱਡਕੁਆਰਟਰ ਦੇ ਹੁਕਮਾਂ ਮੁਤਾਬਕ ਸਟੇਸ਼ਨਾਂ ’ਤੇ ਸਿਰਫ ਰੇਲ ਨੀਰ ਪਾਣੀ ਹੀ ਵੇਚਿਆ ਜਾ ਸਕਦਾ ਹੈ ਪਰ ਵੈਂਡਰ ਵਧੇਰੇ ਮੁਨਾਫਾ ਕਮਾਉਣ ਲਈ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਕੇ ਦੂਜੀਆਂ ਕੰਪਨੀਆਂ ਦਾ ਪਾਣੀ ਵੇਚ ਰਹੇ ਹਨ। ਵੈਂਡਰਾਂ ਨੇ ਰੇਲਵੇ ਅਧਿਕਾਰੀਆਂ ਨੂੰ ਦਿਖਾਉਣ ਲਈ ਸਾਹਮਣੇ ਰੇਲ ਨੀਰ ਦੀਆਂ ਬੋਤਲਾਂ ਰੱਖੀਆਂ ਹੁੰਦੀਆਂ ਹਨ। ਜਦੋਂ ਗਾਹਕ ਪਾਣੀ ਦੀ ਬੋਤਲ ਮੰਗਦਾ ਹੈ, ਉਸਨੂੰ ਹੇਠਾਂ ਰੱਖੀ ਦੂਜੀ ਕੰਪਨੀ ਦੀ ਬੋਤਲ ਦੇ ਦਿੱਤੀ ਜਾਂਦੀ ਹੈ।

 


author

Manoj

Content Editor

Related News