ਜਨੌਡ਼ੀ ਡੈਮ ’ਚ ਪਾਣੀ ਦੀ ਆਮਦ ਤੇਜ਼ੀ ਨਾਲ ਵਧੀ

Monday, Aug 19, 2019 - 12:15 AM (IST)

ਜਨੌਡ਼ੀ ਡੈਮ ’ਚ ਪਾਣੀ ਦੀ ਆਮਦ ਤੇਜ਼ੀ ਨਾਲ ਵਧੀ

ਹੁਸ਼ਿਆਰਪੁਰ, (ਅਮਰਿੰਦਰ)- ਬੀਤੇ ਦਿਨੀਂ ਪਏ ਮੋਹਲੇਧਾਰ ਮੀਂਹ ਕਾਰਣ ਹੁਸ਼ਿਆਰਪੁਰ ਨਾਲ ਲੱਗਦੇ ਜਨੌੜੀ ਡੈਮ ਵਿਚ ਵੀ ਪਾਣੀ ਦੀ ਆਮਦ ਤੇਜ਼ੀ ਨਾਲ ਵਧੀ ਹੈ। ਦੁਪਹਿਰ ਬਾਅਦ ਜਦੋਂ ਜਨੌਡ਼ੀ ਡੈਮ ਤੋਂ ਪਾਣੀ ਛੱਡਿਆ ਗਿਆ ਤਾਂ ਇਸ ਨਜ਼ਾਰੇ ਨੂੰ ਦੇਖਣ ਲਈ ਪਿੰਡ ਦੇ ਨਾਲ-ਨਾਲ ਨਜ਼ਦੀਕੀ ਪਿੰਡਾਂ ਤੋਂ ਵੀ ਲੋਕ ਪੁੱਜਣੇ ਸ਼ੁਰੂ ਹੋ ਗਏ। ਹਰ ਕੋਈ ਆਪਣੇ ਮੋਬਾਇਲ ਫੋਨ ’ਚ ਇਸ ਦ੍ਰਿਸ਼ ਨੂੰ ਕੈਦ ਕਰਨ ਲੱਗਾ। ਐਤਵਾਰ ਸਵੇਰ ਤੋਂ ਹੁਸ਼ਿਆਰਪੁਰ ਵਿਚ ਮੀਂਹ ਬੰਦ ਹੋਣ ਕਾਰਣ ਜਨੌਡ਼ੀ ਡੈਮ ਤੋਂ ਪਾਣੀ ਘੱਟ ਮਾਤਰਾ ਵਿਚ ਛੱਡਿਆ ਜਾ ਰਿਹਾ ਹੈ।

ਕਿੱਥੇ ਕਿੰਨਾ ਮੀਂਹ ਪਿਆ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ 10 ਵਜੇ ਤੋਂ ਲੈ ਕੇ ਐਤਵਾਰ ਸਵੇਰੇ 8 ਵਜੇ ਤੱਕ ਹੁਸ਼ਿਆਰਪੁਰ ਸ਼ਹਿਰ ਵਿਚ ਸਭ ਤੋਂ ਜ਼ਿਆਦਾ 167 ਐੱਮ.ਐੱਮ. ਮੀਂਹ ਪਿਆ, ਜਦਕਿ ਦਸੂਹਾ ਵਿਚ 80 ਐੱਮ.ਐੱਮ., ਗਡ਼੍ਹਸ਼ੰਕਰ ਵਿਚ 85 ਐੱਮ. ਐੱਮ. ਅਤੇ ਸਭ ਤੋਂ ਘੱਟ ਮੁਕੇਰੀਆਂ ਵਿਚ 37. 5 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਚਾਇਤਾਂ ਨੂੰ ਪਹਿਲਾਂ ਹੀ ਕਰ ਦਿੱਤਾ ਸੀ ਅਲਰਟ

ਇਸ ਸਬੰਧੀ ਜਨੌਡ਼ੀ ਡੈਮ ’ਤੇ ਤਾਇਨਾਤ ਐੱਸ. ਡੀ. ਓ. ਰੁਪਿੰਦਰਪਾਲ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਅਤੇ ਸਰਕਾਰ ਵੱਲੋਂ ਮਿਲੇ ਅਲਰਟ ਤੋਂ ਬਾਅਦ ਅਸੀਂ ਜਨੌਡ਼ੀ ਡੈਮ ਵਿਚੋਂ ਨਿਕਲਣ ਵਾਲੇ ਚੋਅ ਨਾਲ ਲੱਗਦੇ ਪਿੰਡਾਂ ਜਨੌਡ਼ੀ, ਸਮੇਰਪੱਤੀ, ਲਾਲਪੁਰ, ਰਾਮਨਗਰ, ਰਾਮਪੁਰ ਆਦਿ ਪਿੰਡਾਂ ਦੇ ਸਰਪੰਚਾਂ ਨੂੰ ਸੂਚਨਾ ਦੇ ਦਿੱਤੀ ਸੀ ਕਿ ਉਹ ਲੋਕਾਂ ਨੂੰ ਚੋਅ ਕੰਢੇ ਆਉਣ ਤੋਂ ਵਰਜਣ। ਐਤਵਾਰ ਨੂੰ ਮੀਂਹ ਨਾ ਪੈਣ ਕਾਰਣ ਪਾਣੀ ਘੱਟ ਮਾਤਰਾ ਵਿਚ ਛੱਡ ਰਹੇ ਹਾਂ ਪਰ ਹਿਮਾਚਲ ਪ੍ਰਦੇਸ਼ ਵਿਚ ਪੈ ਰਹੇ ਮੀਂਹ ਕਾਰਣ ਅਸੀਂ ਅਜੇ ਵੀ ਅਲਰਟ ’ਤੇ ਹਾਂ।


author

Bharat Thapa

Content Editor

Related News