ਦੀਵਾਲੀ ਤੇ ਛੱਠ ਪੂਜਾ ਸਬੰਧੀ ਯੂ. ਪੀ.-ਬਿਹਾਰ ਜਾਣ ਵਾਲੀਆਂ ਟਰੇਨਾਂ ''ਚ 100 ਤੋਂ ਜ਼ਿਆਦਾ ਦੀ ਵੇਟਿੰਗ

09/16/2019 6:39:53 PM

ਜਲੰਧਰ (ਗੁਲਸ਼ਨ)— ਤਿਉਹਾਰਾਂ ਦਾ ਸੀਜ਼ਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਨਰਾਤਿਆਂ ਤੋਂ ਬਾਅਦ ਦੁਸਹਿਰਾ, ਦੀਵਾਲੀ ਅਤੇ ਛੱਠ ਪੂਜਾ ਦਾ ਤਿਉਹਾਰ ਪੂਰੇ ਦੇਸ਼ 'ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਦੀਵਾਲੀ 27 ਅਕਤੂਬਰ੍ਹ ਨੂੰ ਮਨਾਈ ਜਾਵੇਗੀ ਪਰ ਆਪਣੇ ਪਿੰਡ ਜਾ ਕੇ ਦੀਵਾਲੀ ਅਤੇ ਛੱਠ ਪੂਜਾ ਮਨਾਉਣ ਲਈ ਜਾਣ ਵਾਲੇ ਪ੍ਰਵਾਸੀ ਮੁਸਾਫਰਾਂ ਲਈ ਨਿਰਾਸ਼ਾਜਨਕ ਖਬਰ ਹੈ ਕਿ ਅਜੇ ਦੀਵਾਲੀ ਨੂੰ ਡੇਢ ਮਹੀਨਾ ਬਾਕੀ ਹੈ ਪਰ ਦੀਵਾਲੀ ਤੱਕ ਯੂ. ਪੀ.-ਬਿਹਾਰ ਵੱਲ ਜਾਣ ਵਾਲੀਆਂ ਲਗਭਗ ਸਾਰੀਆਂ ਟਰੇਨਾਂ 'ਚ ਲੰਮੀ ਵੇਟਿੰਗ ਚੱਲ ਰਹੀ ਹੈ।

ਸਾਰੀਆਂ ਮੁੱਖ ਟਰੇਨਾਂ 'ਚ 100 ਤੋਂ ਜ਼ਿਆਦਾ ਦੀ ਵੇਟਿੰਗ ਹੈ। ਸਲੀਪਰ ਅਤੇ ਥਰਡ ਏ. ਸੀ. ਕੋਚ ਵੀ ਪੂਰੀ ਤਰ੍ਹਾਂ ਨਾਲ ਫੁਲ ਹੋ ਚੁੱਕੇ ਹਨ। ਸਰਿਊਯਮੁਨਾ ਐਕਸਪ੍ਰੈੱਸ, ਗਰੀਬ ਰੱਥ ਐਕਸਪ੍ਰੈੱਸ, ਕਟਿਹਾਰ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ, ਅਕਾਲ ਤਖਤ ਐਕਸਪ੍ਰੈੱਸ, ਹਾਵੜਾ ਮੇਲ, ਅਮਰਨਾਥ ਐਕਸਪ੍ਰੈੱਸ, ਮੋਰਧਵਜ ਐਕਸਪ੍ਰੈੱਸ ਵਰਗੀਆਂ ਟਰੇਨਾਂ ਪੂਰੀ ਤਰ੍ਹਾਂ ਫੁੱਲ ਹਨ। ਅਜਿਹੇ ਮੁਸਾਫਰਾਂ ਲਈ ਤਿਉਹਾਰਾਂ ਦਾ ਮਜ਼ਾ ਕਿਰਕਿਰਾ ਹੋ ਸਕਦਾ ਹੈ, ਜਿਨ੍ਹਾਂ ਨੇ ਅਜੇ ਤੱਕ ਰਿਜ਼ਰਵੇਸ਼ਨ ਨਹੀਂ ਕਾਰਵਾਈ ਹੈ।

ਜ਼ਿਕਰਯੋਗ ਹੈ ਕਿ ਪ੍ਰਵਾਸੀ ਯਾਤਰੀ ਸਫਰ ਲੰਮਾ ਹੋਣ ਕਾਰਣ ਟਰੇਨਾਂ 'ਚ ਸਫਰ ਕਰਨ ਨੂੰ ਪਹਿਲ ਦਿੰਦੇ ਹਨ। ਅਜਿਹੇ 'ਚ ਮੁਸਾਫਰਾਂ ਕੋਲ ਇਕ ਸਿਰਫ ਤਤਕਾਲ ਬੁਕਿੰਗ ਦਾ ਹੀ ਸਹਾਰਾ ਰਹਿ ਜਾਂਦਾ ਹੈ ਪਰ ਤਿਉਹਾਰਾਂ ਦੇ ਸੀਜ਼ਨ 'ਚ ਤਤਕਾਲ ਬੁਕਿੰਗ ਕਰਵਾਉਣਾ ਵੀ ਆਸਾਨ ਨਹੀਂ ਹੈ। ਇਸ ਲਈ ਕਨਫਰਮ ਟਿਕਟ ਨਾ ਮਿਲਣ 'ਤੇ ਜ਼ਿਆਦਾਤਰ ਮੁਸਾਫਰਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ।

ਅੰਮ੍ਰਿਤਸਰ ਰੂਟ ਤੋਂ ਅਜੇ ਕੋਈ ਸਪੇਸ਼ਲ ਟਰੇਨ ਚਲਾਉਣ ਦਾ ਨਹੀਂ ਹੋਇਆ ਐਲਾਨ
ਜਾਣਕਾਰੀ ਮੁਤਾਬਕ ਰੇਲ ਮੰਤਰਾਲਾ ਨੇ ਤਿਉਹਾਰਾਂ ਦੇ ਮੱਦੇਨਜ਼ਰ ਫਿਲਹਾਲ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੋਂ ਅਜੇ ਕੋਈ ਸਪੈਸ਼ਲ ਟਰੇਨ ਚਲਾਉਣ ਦਾ ਐਲਾਨ ਨਹੀਂ ਕੀਤਾ ਹੈ। ਰੇਲ ਯਾਤਰੀ ਦੀਪਕ, ਵਿਪਨ ਯਾਦਵ, ਲੱਲਨ ਅਤੇ ਹੋਰਨਾਂ ਨੇ ਕਿਹਾ ਕਿ ਰੇਲਵੇ ਵਿਭਾਗ ਵਲੋਂ ਮੁਸਾਫਰਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਯੂ. ਪੀ.-ਬਿਹਾਰ ਲਈ ਸਪੈਸ਼ਲ ਟਰੇਨਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਮੁਸਾਫਰਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ ਅਤੇ ਉਹ ਆਪਣੇ ਪਰਿਵਾਰ ਨਾਲ ਤਿਉਹਾਰਾਂ ਆਨੰਦ ਲੈ ਸਕਣ।

ਦਰਭੰਗਾ ਲਈ ਏ. ਸੀ. ਟਰੇਨ ਚਲਾਉਣ ਦੀ ਹੋ ਰਹੀ ਮੰਗ
ਪ੍ਰਵਾਸੀ ਮੁਸਾਫਰਾਂ ਵੱਲੋਂ ਅੰਮ੍ਰਿਤਸਰ ਜਾਂ ਜਲੰਧਰ ਸਿਟੀ ਤੋਂ ਦਰਭੰਗਾ ਲਈ ਸਪੈਸ਼ਲ ਏ. ਸੀ. ਟਰੇਨ ਚਲਾਉਣ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਮੁਸਾਫਰਾਂ ਨੇ ਕਿਹਾ ਕਿ ਜੋ ਇਸ ਰੂਟ 'ਤੇ ਕੁਝ ਟਰੇਨਾਂ ਚੱਲ ਰਹੀਆਂ ਹਨ ਉਨ੍ਹਾਂ ਟਰੇਨਾਂ 'ਚ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਮਿਲਦੀ। ਐਤਵਾਰ ਨੂੰ ਚੱਲਣ ਵਾਲੀ ਅੰਨਤੋਦਿਆ ਐਕਸਪ੍ਰੈੱਸ ਪੂਰੀ ਤਰ੍ਹਾਂ ਜਨਰਲ ਹੈ, ਨਾ ਤਾਂ ਇਸ 'ਚ ਰਿਜ਼ਰਵੇਸ਼ਨ ਹੈ ਅਤੇ ਨਾ ਹੀ ਕੋਈ ਏ. ਸੀ. ਕ੍ਹੋਚ ਹੈ, ਜਿਸ ਕਾਰਣ ਇਸ ਟਰੇਨ 'ਚ ਸਫਰ ਕਰਨਾ ਕਾਫੀ ਮੁਸ਼ਕਲ ਹੈ।
ਰੇਲ ਯਾਤਰੀ ਉਮੇਸ਼੍ਹ ਕੁਮਾਰ ਨੇ ਕਿਹਾ ਕਿ ਰੇਲਵੇ ਨੇ ਗੋਰਖਪੁਰ-ਆਨੰਦ ਵਿਹਾਰ 'ਚ ਹਮਸਫਰ ਐਕਸਪ੍ਰੈੱਸ ਟਰੇਨ ਚਲਾਈ ਹੈ, ਜਿਸ 'ਚ ਜ਼ਿਆਦਾਤਰ ਸੀਟਾਂ ਖਾਲੀ ਹੀ ਰਹਿੰਦੀਆਂ ਹਨ। ਉਨ੍ਹਾਂ ਨੇ ਅਜਿਹੀ ਟਰੇਨ ਨੂੰ ਅੰਮ੍ਰਿਤਸਰ ਜਾਂ ਜਲੰਧਰ ਤੋਂ ਦਰਭੰਗਾ ਲਈ ਚਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੁਸਾਫਰਾਂ ਤੋਂ ਇਲਾਵਾ ਰੇਲਵੇ ਨੂੰ ਵੀ ਕਾਫੀ ਮੁਨਾਫਾ ਹੋਵੇਗਾ।


shivani attri

Content Editor

Related News