ਕਾਂਗਰਸੀਆਂ ਵੱਲੋਂ ਖ਼ੇਤੀ ਆਰਡੀਨੈਂਸਾਂ ਖਿਲਾਫ ਕੀਤਾ ਗਿਆ ਜ਼ੋਰਦਾਰ ਪ੍ਰਦਰਸ਼ਨ

Monday, Sep 21, 2020 - 05:01 PM (IST)

ਕਾਂਗਰਸੀਆਂ ਵੱਲੋਂ ਖ਼ੇਤੀ ਆਰਡੀਨੈਂਸਾਂ ਖਿਲਾਫ ਕੀਤਾ ਗਿਆ ਜ਼ੋਰਦਾਰ ਪ੍ਰਦਰਸ਼ਨ

ਭੁਲੱਥ (ਰਜਿੰਦਰ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਹਾਲ ਵਿਚ ਹੀ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਪੰਜਾਬ ਕਾਂਗਰਸ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਹਲਕਾ ਭੁਲੱਥ ਵਿਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਵਿਚ ਕਾਂਗਰਸੀ ਵਰਕਰਾਂ ਦੇ ਨਾਲ-ਨਾਲ ਕਿਸਾਨਾਂ ਦੇ ਵੀ ਸ਼ਮੂਲੀਅਤ ਕੀਤੀ । ਇਸ ਦੌਰਾਨ ਦੋ ਥਾਵਾਂ 'ਤੇ ਬੇਗੋਵਾਲ ਅਤੇ ਢਿੱਲਵਾਂ ਵਿਚ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਫੂਕੇ ਗਏ ਅਤੇ ਭੁਲੱਥ ਤੇ ਨਡਾਲਾ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ । ਇਸ ਮੌਕੇ ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਆਰਡੀਨੈਂਸਾਂ ਨੂੰ ਪਾਸ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ । ਖੇਤੀ ਆਰਡੀਨੈਂਸਾਂ ਦੇ ਲਾਗੂ ਹੋਣ ਤੋਂ ਬਾਅਦ ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਨਹੀਂ ਮਿਲੇਗਾ । ਜਿਸ ਕਰਕੇ ਕਿਸਾਨ ਤਬਾਹੀ ਵੱਲੋਂ ਵਧੇਗਾ । ਉਨ੍ਹਾਂ ਕਿਹਾ ਕਿ ਜਿਸ ਵੇਲੇ ਇਸ ਕਾਲੇ ਕਾਨੂੰਨ ਨੂੰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਵਿਚ ਭਾਜਪਾ ਦੇ ਨਾਲ ਬੈਠਾ ਸੀ ਅਤੇ ਜਦੋਂ ਹੁਣ ਕਾਨੂੰਨ ਬਣ ਚੁੱਕਾ ਹੈ ਤੇ ਇਸ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ।

PunjabKesari

ਆਪਣੇ ਵੋਟ ਬੈਂਕ ਨੂੰ ਵੇਖਦਿਆਂ ਹੀ ਬੀਬਾ ਹਰਸਿਮਰਤ ਕੌਰ ਨੇ ਕੇਂਦਰ ਦੇ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ । ੳੁਨ੍ਹਾਂ ਕਿਹਾ ਕਿ ਇਸ ਕਾਲੇ ਕਾਨੂੰਨ ਦੇ ਬਣਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਖੁਦ ਕਿਸਾਨਾਂ ਨੂੰ  ਸਮਝਾਉਂਦੇ ਰਹੇ ਹਨ ਕਿ ਖੇਤੀ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿਚ ਹੈ।  ਗੋਰਾ ਗਿੱਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਤੇ ਭਾਜਪਾ ਨੇਤਾ ਸੋਮ ਪ੍ਰਕਾਸ਼ ਦੀ ਫਗਵਾੜਾ ਵਿਖੇ ਰਿਹਾਇਸ਼ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਧਰਨਾ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਜੇਕਰ ਹਾਈਵੇ ਅਤੇ ਰੇਲਾਂ ਵੀ ਰੋਕਣੀਆਂ ਪਈਆਂ ਤੇ ਅਸੀਂ ਪਿਛਾਂਹ ਨਹੀਂ ਹਟਾਂਗੇ । ਅੱਜ ਭੁਲੱਥ ਵਿਚ ਸਤਵਿੰਦਰ ਸਿੰਘ ਨਸੀਬ ਪ੍ਰਧਾਨ ਸਰਪੰਚ ਯੂਨੀਅਨ, ਬੇਗੋਵਾਲ ਵਿਚ ਚੇਅਰਮੈਨ ਮਾਰਕੀਟ ਕਮੇਟੀ ਭੁਲੱਥ ਰਛਪਾਲ ਸਿੰਘ ਬੱਚਾਜੀਵੀ, ਨਡਾਲਾ ਵਿਚ ਸਟੀਫਨ ਕਾਲਾ, ਢਿਲਵਾਂ ਵਿਚ ਸ਼ਰਨਜੀਤ ਸਿੰਘ ਪੱਡਾ ਤੇ ਬਲਾਕ ਪ੍ਰਧਾਨ ਢਿਲਵਾਂ ਲਖਵਿੰਦਰ ਸਿੰਘ ਹਮੀਰਾ ਨੇ  ਇਹਨਾਂ ਧਰਨਿਆਂ ਦੀ ਅਗਵਾਈ ਕੀਤੀ।


author

Harinder Kaur

Content Editor

Related News