ਪਾਰਸ ਅਸਟੇਟ ਦੀਆਂ ਕੋਠੀਆਂ ਨਾਲ ਜੁੜੇ ਹੋਏ ਨਗਰ ਨਿਗਮ ’ਚ ਵਿਜੀਲੈਂਸ ਦੀ ਛਾਪੇਮਾਰੀ ਦੇ ਤਾਰ
Friday, May 16, 2025 - 04:33 PM (IST)

ਜਲੰਧਰ (ਖੁਰਾਣਾ)–ਪੰਜਾਬ ਸਟੇਟ ਵਿਜੀਲੈਂਸ ਦੀ ਸਪੈਸ਼ਲ ਟੀਮ ਨੇ ਬੀਤੇ ਦਿਨੀਂ ਜਲੰਧਰ ਨਗਰ ਨਿਗਮ ਵਿਚ ਛਾਪੇਮਾਰੀ ਕਰਕੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੂੰ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਦੇ ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਹੁਣ ਤਕ ਦੀ ਜਾਂਚ ਤੋਂ ਖ਼ੁਲਾਸਾ ਹੋਇਆ ਹੈ ਕਿ ਜਲੰਧਰ ਪੱਛਮੀ ਤਹਿਤ ਆਉਂਦੀ ਬਸਤੀ ਪੀਰ ਦਾਦ ਵਿਚ ਐੱਮ. ਐੱਸ. ਫਾਰਮ ਦੇ ਸਾਹਮਣੇ ਸਥਿਤ ਪਾਰਸ ਅਸਟੇਟ ਕਾਲੋਨੀ ਦੀਆਂ ਕੋਠੀਆਂ ਨਾਲ ਜੁੜੀ ਸ਼ਿਕਾਇਤ ਇਸ ਕਾਰਵਾਈ ਦਾ ਆਧਾਰ ਬਣੀ। ਦੋਸ਼ ਹੈ ਕਿ ਸੁਖਦੇਵ ਵਸ਼ਿਸ਼ਟ ਵੱਲੋਂ ਪਾਰਸ ਅਸਟੇਟ ਦੀਆਂ ਕੁਝ ਕੋਠੀਆਂ ਦੇ ਨਕਸ਼ੇ ਪਾਸ ਕਰਨ ਵਿਚ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਸੀ, ਜਦਕਿ ਉਸ ਕਾਲੋਨੀ ਦੀਆਂ ਕੁਝ ਕੋਠੀਆਂ ਦੇ ਨਕਸ਼ੇ ਪਹਿਲਾਂ ਹੀ ਪਾਸ ਹੋ ਚੁੱਕੇ ਸਨ। ਜਾਣਕਾਰੀ ਮੁਤਾਬਕ ਲਗਭਗ 8 ਕੋਠੀਆਂ ਦੇ ਰਿਹਾਇਸ਼ੀ ਨਕਸ਼ੇ ਕਈ ਹਫ਼ਤਿਆਂ ਤੋਂ ਸੁਖਦੇਵ ਵਸ਼ਿਸ਼ਟ ਦੇ ਪੋਰਟਲ ’ਤੇ ਪੈਂਡਿੰਗ ਸਨ। ਨਕਸ਼ੇ ਅਪਲੋਡ ਕਰਨ ਵਾਲੇ ਆਰਕੀਟੈਕਟ ਇਸ ਮਾਮਲੇ ਵਿਚ ਐਡੀਸ਼ਨਲ ਕਮਿਸ਼ਨਰ ਅਤੇ ਮੇਅਰ ਤਕ ਨੂੰ ਮਿਲ ਚੁੱਕੇ ਸਨ ਪਰ ਏ. ਟੀ. ਪੀ. ਵੱਲੋਂ ਨਕਸ਼ਿਆਂ ਨੂੰ ਪਾਸ ਕਰਨ ਤੋਂ ਟਾਲ-ਮਟੋਲ ਕੀਤਾ ਜਾ ਰਿਹਾ ਸੀ। ਸ਼ਿਕਾਇਤਕਰਤਾਵਾਂ ਦਾ ਦਾਅਵਾ ਹੈ ਕਿ ਜੇਕਰ ਕੁਝ ਕੋਠੀਆਂ ਦੇ ਨਕਸ਼ੇ ਪਾਸ ਹੋ ਸਕਦੇ ਹਨ ਤਾਂ ਆਲੇ-ਦੁਆਲੇ ਦੇ ਪਲਾਟਾਂ ਦੇ ਨਕਸ਼ਿਆਂ ਵਿਚ ਦੇਰੀ ਸਿਰਫ਼ ਪੈਸੇ ਵਸੂਲਣ ਦੀ ਮਨਸ਼ਾ ਨਾਲ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: ਵਿਜੀਲੈਂਸ ਦੇ ਸ਼ਿਕੰਜੇ 'ਚ ਫਸ ਸਕਦੇ ਨੇ ਕਈ ਸਿਆਸੀ ਆਗੂ, ਡਿੱਗ ਸਕਦੀ ਹੈ ਗਾਜ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੁਖਦੇਵ ਵਸ਼ਿਸ਼ਟ ਨੇ ਪਾਰਸ ਅਸਟੇਟ ਵਿਚ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਢੰਗ ਨਾਲ ਬਣੀਆਂ ਕੋਠੀਆਂ ’ਤੇ ਨੋਟਿਸ ਚਿਪਕਾ ਦਿੱਤੇ ਸਨ। ਉਨ੍ਹਾਂ ਦਾ ਤਰਕ ਸੀ ਕਿ ਕਾਲੋਨੀ ਵਿਚ ਸੈਂਕੜੇ ਕੋਠੀਆਂ ਨੇ ਹਾਊਸ ਲੇਨ ਨੂੰ ਕਵਰ ਕੀਤਾ ਹੋਇਆ ਹੈ। ਇਸ ਦੇ ਇਲਾਵਾ ਉਨ੍ਹਾਂ ਦੋਸ਼ ਲਾਇਆ ਕਿ ਪਾਰਸ ਅਸਟੇਟ, ਜਿਹੜੀ ਇਕ ਪੁਰਾਣੀ ਕਾਲੋਨੀ ਹੈ, ਵਿਚ ਹੁਣ ਐਕਸਟੈਨਸ਼ਨ ਜੋੜ ਕੇ ਨਵੀਆਂ ਕੋਠੀਆਂ ਬਣਾਈਆਂ ਜਾ ਰਹੀਆਂ ਹਨ, ਜਿਸ ਨਾਲ ਇਸ ਪੁਰਾਣੀ ਕਾਲੋਨੀ ਨੂੰ ਸ਼ੇਰ ਸਿੰਘ ਕਾਲੋਨੀ ਅਤੇ ਸਵਰਨ ਐਨਕਲੇਵ ਤਕ ਜੋੜਿਆ ਜਾ ਰਿਹਾ ਹੈ। ਸੁਖਦੇਵ ਦਾ ਤਰਕ ਸੀ ਕਿ ਇਸ ਐਕਸਟੈਨਸ਼ਨ ਨਾਲ ਨਗਰ ਨਿਗਮ ਦੇ ਰੈਵੇਨਿਊ ਨੂੰ ਨੁਕਸਾਨ ਹੋ ਰਿਹਾ ਹੈ, ਇਸ ਲਈ ਉਨ੍ਹਾਂ ਨੇ ਕਈ ਪਲਾਟਾਂ ਦੇ ਨਕਸ਼ੇ ਰੋਕੇ ਹੋਏ ਸਨ। ਪਤਾ ਲੱਗਾ ਹੈ ਕਿ ਵਿਜੀਲੈਂਸ ਨੇ ਪਾਰਸ ਅਸਟੇਟ ਦੇ ਅਪਲੋਡ ਕੀਤੇ ਗਏ ਨਕਸ਼ਿਆਂ ਅਤੇ ਕੋਠੀਆਂ ਨਾਲ ਸਬੰਧਤ ਰਿਕਾਰਡ ਜ਼ਬਤ ਕਰ ਲਿਆ ਹੈ, ਜਿਨ੍ਹਾਂ ਦੀ ਜਾਂਚ ਜਾਰੀ ਹੈ, ਨਾਲ ਹੀ ਇਸ ਮਾਮਲੇ ਵਿਚ ਕਿਸੇ ਸਿਆਸੀ ਕੁਨੈਕਸ਼ਨ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਖੇਤਾਂ 'ਚ ਲੱਗੀ ਅੱਗ ਨੇ ਤਬਾਹ ਕਰ ਦਿੱਤੇ ਗ਼ਰੀਬਾਂ ਦੇ ਆਸ਼ਿਆਨੇ, ਸਾਮਾਨ ਸੜ ਕੇ ਹੋਇਆ ਸੁਆਹ
ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੇ ਮੈਂਬਰ ਵਿਜੀਲੈਂਸ ਆਫਿਸ ਬੁਲਾਏ ਗਏ, ਬਿਆਨ ਦਰਜ
ਵਿਜੀਲੈਂਸ ਨੇ ਸਰਕਾਰੀ ਪੋਰਟਲ ’ਤੇ ਨਕਸ਼ੇ ਅਪਲੋਡ ਕਰਨ ਵਾਲੇ ਇੰਜੀਨੀਅਰ ਅਤੇ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਦੁਪਹਿਰੇ ਲਗਭਗ 20 ਇੰਜੀਨੀਅਰ ਅਤੇ ਡਿਜ਼ਾਈਨਰ ਵਿਜੀਲੈਂਸ ਦਫਤਰ ਪੁੱਜੇ ਅਤੇ ਲਿਖਤੀ ਰੂਪ ਵਿਚ ਦੱਸਿਆ ਕਿ ਸੁਖਦੇਵ ਵਸ਼ਿਸ਼ਟ ਪਾਰਸ ਅਸਟੇਟ ਦੀਆਂ ਕੋਠੀਆਂ ਦੇ ਨਕਸ਼ੇ ਮਨਜ਼ੂਰ ਕਰਨ ਤੋਂ ਆਨਾਕਾਨੀ ਕਰ ਰਹੇ ਸਨ ਅਤੇ ਕਥਿਤ ਤੌਰ ’ਤੇ ਪੈਸਿਆਂ ਦੀ ਮੰਗ ਕਰ ਕੇ ਦਬਾਅ ਬਣਾ ਰਹੇ ਸਨ। ਵਿਜੀਲੈਂਸ ਵੈਸਟ ਵਿਧਾਨ ਸਭਾ ਹਲਕੇ ਦੇ ਨਾਲ-ਨਾਲ ਸੈਂਟਰਲ ਅਤੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ ਗੈਰ-ਕਾਨੂੰਨੀ ਉਸਾਰੀਆਂ ਨਾਲ ਜੁੜਿਆ ਰਿਕਾਰਡ ਵੀ ਜੁਟਾ ਰਹੀ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਏ. ਟੀ. ਪੀ. ਪਾਰਸ ਅਸਟੇਟ ਕਾਲੋਨੀ ਕੱਟਣ ਵਾਲੇ ਕਾਲੋਨਾਈਜ਼ਰ ਅਤੇ ਡਿਵੈੱਲਪਰ ’ਤੇ ਦਬਾਅ ਬਣਾਉਣ ਲਈ ਉਨ੍ਹਾਂ ਨੂੰ ਕਹਿ ਰਿਹਾ ਸੀ। ਫਿਲਹਾਲ ਨਗਰ ਨਿਗਮ ਪ੍ਰਸ਼ਾਸਨ ਨੇ ਸੁਖਦੇਵ ਵਸ਼ਿਸ਼ਟ ਦੀ ਆਈ. ਡੀ. ਬੰਦ ਕਰਕੇ ਇਸ ਸੈਕਟਰ ਦਾ ਚਾਰਜ ਕਿਸੇ ਹੋਰ ਅਧਿਕਾਰੀ ਨੂੰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਵੱਲੋਂ ਨਵਾਂਸ਼ਹਿਰ 'ਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ, ਕੀਤਾ ਵੱਡਾ ਐਲਾਨ
ਸੀਲਿੰਗ ਅਤੇ ਨੋਟਿਸਾਂ ਦੀ ਜਾਂਚ ਵੀ ਹੋਵੇਗੀ
ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਸੀਲਿੰਗ ਦੀ ਆੜ ਵਿਚ ਲੰਮੇ ਸਮੇਂ ਤੋਂ ਬੇਨਿਯਮੀਆਂ ਦੀ ਖੇਡ ਚੱਲਣ ਦੇ ਦੋਸ਼ ਹਨ। ਪਹਿਲਾਂ ਸਿਆਸੀ ਦਬਾਅ ਵਿਚ ਕੁਝ ਬਿਲਡਿੰਗਾਂ ਨੂੰ ਸੀਲ ਕੀਤਾ ਜਾਂਦਾ ਹੈ, ਫਿਰ ਇਕ ਰਸਮੀ ਐਫੀਡੇਵਿਟ ਲੈ ਕੇ ਸੀਲ ਖੋਲ੍ਹ ਦਿੱਤੀ ਜਾਂਦੀ ਹੈ ਪਰ ਐਫੀਡੇਵਿਟ ਦੀਆਂ ਸ਼ਰਤਾਂ ਦਾ ਪਾਲਣ ਨਹੀਂ ਹੁੰਦਾ। ਨਿਗਮ ਦੀਆਂ ਫਾਈਲਾਂ ਵਿਚ ਸੈਂਕੜੇ ਅਜਿਹੇ ਐਫੀਡੇਵਿਟ ਹਨ, ਜਿਨ੍ਹਾਂ ਦੇ ਆਧਾਰ ’ਤੇ ਕੋਈ ਕਾਰਵਾਈ ਨਹੀਂ ਹੋਈ। ਕੁਝ ਮਾਮਲਿਆਂ ਵਿਚ ਬਿਨਾਂ ਐਫੀਡੇਵਿਟ ਦੇ ਵੀ ਸੀਲ ਖੋਲ੍ਹੀ ਗਈ ਹੈ। ਵਿਜੀਲੈਂਸ ਇਹ ਵੀ ਜਾਂਚ ਕਰੇਗੀ ਕਿ ਕੀ ਨਿਗਮ ਅਧਿਕਾਰੀ ਜਾਅਲੀ ਨੋਟਿਸਾਂ ਦੀ ਵਰਤੋਂ ਕਰਕੇ ਲੋਕਾਂ ’ਤੇ ਦਬਾਅ ਬਣਾ ਰਹੇ ਹਨ। ਸੂਤਰਾਂ ਦੇ ਮੁਤਾਬਕ ਵਿਜੀਲੈਂਸ ਨੇ ਨਿਗਮ ਦੇ ਡਿਸਪੈਚ ਰਜਿਸਟਰ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ, ਜਿਨ੍ਹਾਂ ਵਿਚ ਵੱਡੀਆਂ ਗੜਬੜੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਿਦਨਾਂ ਵਿਚ ਬਿਲਡਿੰਗ ਵਿਭਾਗ ਦੇ ਹੋਰ ਅਧਿਕਾਰੀ ਵੀ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ। ਫਿਲਹਾਲ ਬਾਕੀ ਅਧਿਕਾਰੀ ਡਰੇ ਹੋਏ ਹਨ ਅਤੇ ਫਟਾਫਟ ਪੈਂਡੈਂਸੀ ਕਲੀਅਰ ਕਰਨ ਵਿਚ ਲੱਗੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਨ ਵਾਲਾ ਮਾਮਲਾ, ਸਾਹਮਣੇ ਆਇਆ ਵੱਡਾ ਫਰਾਡ, ਬਿਹਾਰ ਵਾਸੀ ਕਰਦਾ ਰਿਹਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e