ਜਲੰਧਰ ਦੇ ਟਰਾਂਸਪੋਰਟ ਨਗਰ ਦਾ ਹਾਲ ਬੇਹਾਲ, ਨਾ ਨਿਗਮ ਕੋਲ ਕੋਈ ਯੋਜਨਾ, ਨਾ ਸਰਕਾਰ ਕੋਲ ਵਿਜ਼ਨ
Friday, Jul 04, 2025 - 11:32 AM (IST)

ਜਲੰਧਰ (ਖੁਰਾਣਾ)–ਲਗਭਗ 25-26 ਸਾਲ ਪਹਿਲਾਂ ਜਲੰਧਰ ਦੇ ਟਰਾਂਸਪੋਰਟ ਕਾਰੋਬਾਰੀਆਂ ਲਈ ਇੰਪਰੂਵਮੈਂਟ ਟਰੱਸਟ ਵੱਲੋਂ ਹਾਈਵੇਅ ਕੰਢੇ ਵਿਕਸਿਤ ਕੀਤਾ ਗਿਆ ਟਰਾਂਸਪੋਰਟ ਨਗਰ ਅੱਜ ਆਪਣੀ ਬਦਹਾਲੀ ’ਤੇ ਹੰਝੂ ਵਹਾਅ ਰਿਹਾ ਹੈ। ਉਸ ਸਮੇਂ ਇਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਇਕ ਵਧੀਆ ਪ੍ਰਾਜੈਕਟ ਦੱਸਿਆ ਗਿਆ ਸੀ ਅਤੇ ਇਨ੍ਹਾਂ ਵਾਅਦਿਆਂ ਦੇ ਆਧਾਰ ’ਤੇ ਪਲਾਟ ਉੱਚੀਆਂ ਕੀਮਤਾਂ ’ਤੇ ਵੇਚੇ ਗਏ ਪਰ ਹਕੀਕਤ ਇਹ ਹੈ ਕਿ ਅੱਜ ਇਹ ਇਲਾਕਾ ਗੰਦਗੀ, ਚਿੱਕੜ, ਪਾਣੀ ਜਮ੍ਹਾ ਹੋਣ ਅਤੇ ਬਦਇੰਤਜ਼ਾਮੀ ਦੀ ਜਿਊਂਦੀ ਜਾਗਦੀ ਉਦਾਹਰਣ ਬਣ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ ਦਿੱਤਾ ਅਸਤੀਫ਼ਾ
ਸਾਰੀਆਂ ਸਰਕਾਰਾਂ ਰਹੀਆਂ ਅਸਫਲ, ਹੁਣ ‘ਆਪ’ ਤੋਂ ਟੁੱਟ ਰਹੀ ਉਮੀਦ
ਇਸ ਇਲਾਕੇ ਦੀ ਹਾਲਤ ਨੂੰ ਸੁਧਾਰਨ ਵਿਚ ਅਕਾਲੀ-ਭਾਜਪਾ ਸਰਕਾਰ ਵੀ ਅਸਫ਼ਲ ਰਹੀ ਅਤੇ ਕਾਂਗਰਸ ਦੇ ਕਾਰਜਕਾਲ ਵਿਚ ਤਾਂ ਟਰਾਂਸਪੋਰਟ ਨਗਰ ਦੀ ਸਥਿਤੀ ਹੋਰ ਵੀ ਬਦਤਰ ਹੋ ਗਈ। ਸਿਰਫ਼ ਕੁਝ ਸੜਕਾਂ ਦਾ ਨਾਮਾਤਰ ਨਿਰਮਾਣ ਹੋਇਆ, ਜਿਨ੍ਹਾਂ ਦਾ ਲਾਭ ਵੀ ਸਿਆਸੀ ਫਾਇਦਾ ਉਠਾਉਣ ਦੇ ਮੰਤਵ ਨਾਲ ਸੀਮਤ ਲੋਕਾਂ ਤਕ ਹੀ ਪਹੁੰਚਿਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵੀ ਇਸ ਇਲਾਕੇ ਦੇ ਸੁਧਾਰ ਲਈ ਕੋਈ ਠੋਸ ਯੋਜਨਾ ਜਾਂ ਬਜਟ ਸਾਹਮਣੇ ਨਹੀਂ ਆਇਆ, ਜਿਸ ਨਾਲ ਟਰਾਂਸਪੋਰਟਰਾਂ ਵਿਚ ਭਾਰੀ ਨਿਰਾਸ਼ਾ ਹੈ।
ਮੌਜੂਦਾ ਹਾਲਾਤ ਇਹ ਹਨ ਕਿ ਟਰਾਂਸਪੋਰਟ ਨਗਰ ਵਿਚ ਦਾਖ਼ਲ ਹੁੰਦੇ ਹੀ ਕੂੜੇ ਦੇ ਢੇਰਾਂ ਉੱਤੋਂ ਹੋ ਕੇ ਲੰਘਣਾ ਪੈਂਦਾ ਹੈ। ਅੰਦਰ ਦੀਆਂ ਸੜਕਾਂ ’ਤੇ ਮੀਂਹ ਦਾ ਪਾਣੀ ਅਤੇ ਚਿੱਕੜ ਜਮ੍ਹਾ ਹੈ ਅਤੇ ਸੀਵਰੇਜ ਸਿਸਟਮ ਵੀ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਇਥੇ ਖੜ੍ਹੇ ਭਾਰੀ ਵਾਹਨ ਗੰਦੇ ਪਾਣੀ ਵਿਚ ਖੜ੍ਹੇ ਰਹਿ ਕੇ ਜੰਗਾਲ ਖਾ ਰਹੇ ਹਨ, ਜਿਸ ਨਾਲ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ
ਟਰਾਂਸਪੋਰਟਰਾਂ ਨੇ ਖਰਚ ਕੀਤੇ ਲੱਖਾਂ, ਫਿਰ ਵੀ ਹਾਲਾਤ ਜਿਉਂ ਦੇ ਤਿਉਂ
ਕੁਝ ਟਰਾਂਸਪੋਰਟ ਕੰਪਨੀਆਂ ਨੇ ਆਪਣੇ ਵੱਲੋਂ ਲੱਖਾਂ ਰੁਪਏ ਖ਼ਰਚ ਕਰਕੇ ਸੜਕਾਂ ਦੀ ਮੁਰੰਮਤ ਅਤੇ ਸੀਵਰੇਜ ਦੀ ਸਫ਼ਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰੀ ਸਹਿਯੋਗ ਦੀ ਘਾਟ ਵਿਚ ਉਹ ਵੀ ਕਾਰਗਰ ਸਾਬਿਤ ਨਹੀਂ ਹੋਈ। ਟਰਾਂਸਪੋਰਟਰਾਂ ਨੂੰ ਆਪਣੇ ਦਫ਼ਤਰ ਤਕ ਪਹੁੰਚਣ ਲਈ ਚਿੱਕੜ ਅਤੇ ਗਾਰ ਵਿਚੋਂ ਲੰਘਣਾ ਪੈਂਦਾ ਹੈ, ਜੋ ਸ਼ਰਮਨਾਕ ਸਥਿਤੀ ਨੂੰ ਉਜਾਗਰ ਕਰਦਾ ਹੈ। ਸਥਾਨਕ ਕਾਰੋਬਾਰੀਆਂ ਦਾ ਦੋਸ਼ ਹੈ ਕਿ ਟਰਾਂਸਪੋਰਟ ਨਗਰ ਦੀ ਦੁਰਦਸ਼ਾ ਲਈ ਨਗਰ ਨਿਗਮ, ਇੰਪਰੂਵਮੈਂਟ ਟਰੱਸਟ ਅਤੇ ਸਥਾਨਕ ਆਗੂਆਂ ਦੀ ਅਣਦੇਖੀ ਜ਼ਿੰਮੇਵਾਰ ਹੈ। ਹੁਣ ਜਦੋਂ ਕਿ ਟਰਾਂਸਪੋਰਟ ਨਗਰ ਵਿਚ ਸੈਂਕੜੇ ਕੰਪਨੀਆਂ ਅਤੇ ਹਜ਼ਾਰਾਂ ਕਰਮਚਾਰੀ ਕੰਮ ਕਰ ਰਹੇ ਹਨ, ਸਰਕਾਰ ਦੀ ਕੋਈ ਠੋਸ ਯੋਜਨਾ ਸਾਹਮਣੇ ਨਾ ਆਉਣੀ ਬੇਹੱਦ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ: ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e