ਮਨੀਸ਼ ਸਿਸੋਦੀਆ ਨੇ ਲਗਾਇਆ ਜਲੰਧਰ ਸ਼ਹਿਰ ਦਾ ਰਾਊਂਡ, ਨਿਗਮ ਅਫ਼ਸਰਾਂ ਨੂੰ ਲਾਈ ਫਿਟਕਾਰ
Saturday, Jun 28, 2025 - 11:46 AM (IST)

ਜਲੰਧਰ (ਖੁਰਾਣਾ)–ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਸਵੇਰੇ ਜਲੰਧਰ ਸ਼ਹਿਰ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਥਾਂ-ਥਾਂ ਫੈਲੀ ਗੰਦਗੀ ਅਤੇ ਕੂੜੇ ਦੇ ਢੇਰ ਵਿਖਾ ਕੇ ਖ਼ੂਬ ਫਿਟਕਾਰ ਲਾਈ। ਸਿਸੋਦੀਆ ਨੇ ਸਾਫ਼ ਕਿਹਾ ਕਿ ਸ਼ਹਿਰ ਦੀ ਇਹ ਹਾਲਤ ਬਰਦਾਸ਼ਤ ਤੋਂ ਬਾਹਰ ਹੈ ਅਤੇ ਇਸ ਨੂੰ 15 ਦਿਨਾਂ ਅੰਦਰ ਹਰ ਹਾਲ ਵਿਚ ਸੁਧਾਰਿਆ ਜਾਵੇ। ਇਸ ਦੌਰੇ ਦੌਰਾਨ ਉਨ੍ਹਾਂ ਨਾਲ 'ਆਪ' ਪੰਜਾਬ ਦੇ ਜਨਰਲ ਸੈਕਟਰੀ ਅਤੇ ਕਲਚਰਲ ਐਡਵਾਈਜ਼ਰ ਦੀਪਕ ਬਾਲੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਮੇਅਰ ਵਨੀਤ ਧੀਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਮਹਿਲਾ ਸਰਪੰਚ ਤੇ ਉਸ ਦੇ ਪਤੀ 'ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਮਾਮਲਾ ਕਰੇਗਾ ਹੈਰਾਨ
ਦੌਰਾ ਸ਼ੁੱਕਰਵਾਰ ਸਵੇਰੇ 6 ਵਜੇ ਸਥਾਨਕ ਸਰਕਟ ਹਾਊਸ ਤੋਂ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਇਹ ਟੀਮ ਹੋਟਲ ਸੁੱਖ ਮਹਿਲ ਨੇੜੇ ਪੁੱਜੀ, ਜਿੱਥੇ ਸੜਕ ਦੇ ਬਿਲਕੁਲ ਵਿਚਕਾਰ ਕੂੜਾ ਫੈਲਿਆ ਹੋਇਆ ਸੀ ਅਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਸਨ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਇਸ ਇਲਾਕੇ ਦੀ ਸਫਾਈ ਮਹੀਨਿਆਂ ਤੋਂ ਨਾ ਹੋਈ ਹੋਵੇ। ਸਿਸੋਦੀਆ ਇਸ ਦ੍ਰਿਸ਼ ਨੂੰ ਵੇਖ ਕੇ ਕਾਫ਼ੀ ਨਾਰਾਜ਼ ਹੋਏ। ਇਸ ਤੋਂ ਬਾਅਦ ਕਾਫਿਲਾ ਪਲਾਜ਼ਾ ਚੌਕ ਡੰਪ ’ਤੇ ਪੁੱਜਾ, ਜਿਥੇ ਭਾਰੀ ਮਾਤਰਾ ਵਿਚ ਕੂੜਾ ਦੇਖ ਕੇ ਮਨੀਸ਼ ਸਿਸੋਦੀਆ ਅਤੇ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਫਿਰ ਜੀ. ਟੀ. ਰੋਡ ਹੁੰਦੇ ਹੋਏ ਇਹ ਕਾਫਿਲਾ ਫੁੱਟਬਾਲ ਚੌਕ, ਸਪੋਰਟਸ ਮਾਰਕੀਟ ਅਤੇ 120 ਫੁੱਟੀ ਰੋਡ ’ਤੇ ਪੁੱਜਾ। ਇਥੇ ਵੀ ਸਥਿਤੀ ਤਰਸਯੋਗ ਸੀ। ਸੜਕ ਕੰਢੇ ਕੂੜੇ ਦੇ ਢੇਰ, ਬਰਸਾਤ ਦਾ ਪਾਣੀ ਅਤੇ ਉਸ ਵਿਚ ਮਿਲਿਆ ਗੰਦਾ ਕੂੜਾ ਪੂਰੇ ਇਲਾਕੇ ਨੂੰ ਨਰਕਮਈ ਬਣਾ ਰਿਹਾ ਸੀ।
ਦੌਰੇ ਦੇ ਆਖਿਰ ਵਿਚ ਕਾਫਿਲਾ ਵਰਿਆਣਾ ਡੰਪ ’ਤੇ ਪੁੱਜਾ, ਜਿੱਥੇ ਬਾਇਓ-ਮਾਈਨਿੰਗ ਪਲਾਂਟ ਆਪਣੀ ਸਮਰੱਥਾ ਦੇ ਅਨੁਸਾਰ ਕੰਮ ਨਹੀਂ ਕਰ ਰਿਹਾ ਸੀ। ਇਸ ’ਤੇ ਸਿਸੋਦੀਆ ਨੇ ਤੁਰੰਤ ਪਲਾਂਟ ਦੀ ਸਮਰੱਥਾ ਨੂੰ ਦੁੱਗਣਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਸਫ਼ਾਈ ਵਿਵਸਥਾ ’ਤੇ ਡੂੰਘੀ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਨਿਗਮ ਕਮਿਸ਼ਨਰ ਗੌਤਮ ਜੈਨ ਸਮੇਤ ਸਮੂਹ ਅਧਿਕਾਰੀਆਂ ਨੂੰ ਸਾਫ਼ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਤਸੱਲੀਬਖਸ਼ ਨਹੀਂ ਹੈ ਅਤੇ ਇਹ ਸੜਕਾਂ ਵੀ ਬੇਹੱਦ ਖ਼ਰਾਬ ਸਥਿਤੀ ਵਿਚ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਸਿਸੋਦੀਆ ਦੀ ਫਿਟਕਾਰ ਦੇ ਬਾਅਦ ਨਿਗਮ ਕਮਿਸ਼ਨਰ ਦੀ ਹੰਗਾਮੀ ਮੀਟਿੰਗ, ਕੱਢੇ ਲੰਮੇ ਚੌੜੇ ਹੁਕਮ
'ਆਪ' ਇੰਚਾਰਜ ਮਨੀਸ਼ ਸਿਸੋਦੀਆ ਦੇ ਅਚਾਨਕ ਮੁਆਇਨੇ ਤੋਂ ਬਾਅਦ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਸਫ਼ਾਈ ਵਿਵਸਥਾ ਨੂੰ ਦਰੁੱਸਤ ਕਰਨ ਲਈ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ :
-ਸ਼ਹਿਰ ਨੂੰ 4 ਜ਼ੋਨਾਂ ਵਿਚ ਵੰਡ ਕੇ ਅਧਿਕਾਰੀਆਂ ਦੀਆਂ ਡਿਊਟੀਆਂ ਤੈਅ ਕੀਤੀਆਂ ਗਈਆਂ।
-ਵਰਿਆਣਾ ਡੰਪ ਅਤੇ ਰੋਡ ਸਵੀਪਿੰਗ ਮਸ਼ੀਨਾਂ ’ਤੇ ਕੈਮਰੇ ਲਾ ਕੇ ਉਨ੍ਹਾਂ ਨੂੰ ਕਮਿਸ਼ਨਰ ਦੇ ਮੋਬਾਈਲ ਨਾਲ ਜੋੜਿਆ ਜਾਵੇਗਾ।
-ਸਫ਼ਾਈ ਦਾ ਕੰਮ ਹਰ ਰੋਜ਼ ਸਵੇਰੇ 6 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ। ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ।
-ਕੂੜੇ ਦੇ ਸਾਰੇ ਡੰਪ ਦੁਪਹਿਰ 12 ਵਜੇ ਤਕ ਸਾਫ਼ ਕਰ ਦਿੱਤੇ ਜਾਣ ਅਤੇ ਕੂੜੇ ਦੀ ਲਿਫਟਿੰਗ ਰੋਜ਼ਾਨਾ ਕੀਤੀ ਜਾਵੇ।
-ਵਾਰਡ ਵਿਚ ਕੂੜਾ ਪਾਏ ਜਾਣ ’ਤੇ ਜ਼ਿੰਮੇਵਾਰੀ ਸੈਨੇਟਰੀ ਇੰਸਪੈਕਟਰ ਦੀ ਹੋਵੇਗੀ।
-ਹਰ ਸੈਨੇਟਰੀ ਇੰਸਪੈਕਟਰ ਰੋਜ਼ਾਨਾ 25 ਚਲਾਨ ਉਨ੍ਹਾਂ ਲੋਕਾਂ ਦੇ ਕੱਟੇਗਾ, ਜੋ ਖੁੱਲ੍ਹੇ ’ਚ ਕੂੜਾ ਸੁੱਟਦੇ ਹਨ।
-ਸੈਨੇਟਰੀ ਇੰਸਪੈਕਟਰ ਨੂੰ ਹੁਣ ਜ਼ੋਨ ਆਫਿਸ ਵਿਚ ਵੀ ਰੋਜ਼ਾਨਾ ਬੈਠਣਾ ਹੋਵੇਗਾ।
-ਨਿਗਮ ਦੀ ਮਸ਼ੀਨਰੀ ਰੋਜ਼ਾਨਾ 3 ਚੱਕਰ ਕੂੜਾ ਚੁੱਕਣ ਲਈ ਲਾਵੇਗੀ। ਘੱਟ ਚੱਕਰ ਲਾਉਣ ਅਤੇ ਕੰਡੇ ਦੀ ਪਰਚੀ ਨਾ ਵਿਖਾਉਣ ’ਤੇ ਡੀਜ਼ਲ ਨਹੀਂ ਮਿਲੇਗਾ।
-ਸਾਰੇ ਜੇ. ਈਜ਼ ਜ਼ਿੰਮੇਵਾਰ ਹੋਣਗੇ ਕਿ ਸੜਕਾਂ ਕੰਢੇ ਪਏ ਮਲਬੇ ਨੂੰ ਚੁਕਵਾਉਣ ਅਤੇ ਮਲਬਾ ਸੁੱਟਣ ਵਾਲਿਆਂ ਦੇ ਚਲਾਨ ਕਰਨ।
-ਸ਼ਹਿਰ ਦੀਆਂ ਸਾਰੀਆਂ ਰੇਹੜੀਆਂ ਅਤੇ ਖੋਖਿਆਂ ’ਤੇ ਡਸਟਬਿਨ ਲਾਏ ਜਾਣਗੇ, ਜਿਸ ਦੀ ਜ਼ਿੰਮੇਵਾਰੀ ਤਹਿਬਾਜ਼ਾਰੀ ਵਿਭਾਗ ਦੀ ਹੋਵੇਗੀ।
ਇਹ ਵੀ ਪੜ੍ਹੋ: Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ
-ਪ੍ਰਾਈਵੇਟ ਠੇਕੇਦਾਰਾਂ ਦੀ ਮਸ਼ੀਨਰੀ ਦੀ ਪੂਰੀ ਲਿਸਟ ਬਣਾਈ ਜਾਵੇਗੀ ਅਤੇ ਨੰਬਰ ਦਿੱਤੇ ਜਾਣਗੇ।
-ਠੇਕੇਦਾਰਾਂ ਦੇ ਟਰੈਕਟਰ-ਟਰਾਲੀਆਂ ਨੂੰ ਸਿਰਫ ਵਰਿਆਣਾ ਡੰਪ ’ਤੇ ਹੀ ਕੂੜਾ ਸੁੱਟਣ ਦੀ ਆਗਿਆ ਹੋਵੇਗੀ। ਨਿਯਮ ਨਾ ਮੰਨਣ ’ਤੇ ਹਰ ਚੱਕਰ ’ਤੇ 25,000 ਰੁਪਏ ਜੁਰਮਾਨਾ ਲੱਗੇਗਾ।
-ਹਰ ਠੇਕੇਦਾਰ ਦੀ ਮਸ਼ੀਨਰੀ ’ਤੇ ਜੀ. ਪੀ. ਐੱਸ. ਸਿਸਟਮ ਲਾਉਣਾ ਜ਼ਰੂਰੀ ਹੋਵੇਗਾ, ਨਾ ਲਾਉਣ ’ਤੇ ਹਰ ਚੱਕਰ ’ਤੇ 25,000 ਰੁਪਏ ਜੁਰਮਾਨਾ।
-ਪ੍ਰਾਈਵੇਟ ਠੇਕੇਦਾਰ ਹਰ ਮਹੀਨੇ ਦੀ 10 ਤਰੀਕ ਤਕ ਬਿੱਲ ਜਮ੍ਹਾ ਕਰਨਗੇ ਅਤੇ ਉਨ੍ਹਾਂ ਨੂੰ 20 ਤਰੀਕ ਤਕ ਕਲੀਅਰ ਕੀਤਾ ਜਾਵੇਗਾ।
ਪੂਰਾ ਫੀਡਬੈਕ ਲੈ ਕੇ ਹੀ ਫੀਲਡ ’ਚ ਉਤਰੇ ਸਿਸੋਦੀਆ
ਸੂਤਰਾਂ ਅਨੁਸਾਰ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਸਵੇਰੇ ਦੌਰੇ ’ਤੇ ਨਿਕਲਣ ਤੋਂ ਇਕ ਰਾਤ ਪਹਿਲਾਂ ਹੀ ਸ਼ਹਿਰ ਦਾ ਮੁਆਇਨਾ ਕੀਤਾ ਸੀ। ਉਹ ਹੋਟਲ ਸੁੱਖ ਮਹਿਲ ਵਿਚ ਠਹਿਰੇ ਹੋਏ ਸਨ ਅਤੇ ਰਾਤ ਨੂੰ ਹੀ ਵੱਖ-ਵੱਖ ਹਿੱਸਿਆਂ ਦਾ ਚੱਕਰ ਲਾ ਕੇ ਜ਼ਮੀਨੀ ਹਾਲਾਤ ਦਾ ਫੀਡਬੈਕ ਲਿਆ। ਉਸੇ ਆਧਾਰ ’ਤੇ ਉਨ੍ਹਾਂ ਸ਼ੁੱਕਰਵਾਰ ਨਗਰ ਨਿਗਮ ਅਧਿਕਾਰੀਆਂ ਨੂੰ ਘੇਰਿਆ ਅਤੇ ਸਖ਼ਤ ਹੁਕਮ ਜਾਰੀ ਕੀਤੇ।
ਜਾਣਕਾਰਾਂ ਦਾ ਕਹਿਣਾ ਹੈ ਕਿ ਸਿਸੋਦੀਆ ਦਾ ਇਹ ਦੌਰਾ ਪ੍ਰਸ਼ਾਸਨ ’ਤੇ ਕੰਟਰੋਲ ਸਥਾਪਤ ਕਰਨ ਅਤੇ ਆਗਾਮੀ ਚੋਣਾਂ ਤੋਂ ਪਹਿਲਾਂ ਜਨਤਾ ਵਿਚਕਾਰ ਸਾਫ਼-ਸੁਥਰਾ ਅਕਸ ਪੇਸ਼ ਕਰਨ ਦੀ ਰਣਨੀਤੀ ਦਾ ਹਿੱਸਾ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਦੀ ਬਦਹਾਲ ਸਫ਼ਾਈ ਵਿਵਸਥਾ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਪ੍ਰਤੀ ਹੁਣ ਆਮ ਆਦਮੀ ਪਾਰਟੀ ਨੇ ਕਮਰ ਕੱਸ ਲਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਨੀਲੇ ਡਰੰਮ ਨੇ ਉਲਝਾ 'ਤੀ ਪੁਲਸ! ਅੰਦਰਲਾ ਹਾਲ ਵੇਖ ਦਹਿਲੇ ਲੋਕ, ਪੂਰਾ ਮਾਮਲਾ ਕਰੇਗਾ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e