ਮੀਂਹ ਦੇ ਵਿਚਕਾਰ ਬਿਜਲੀ ਦੀ ਖ਼ਰਾਬੀ ਬਣੀ ਪ੍ਰੇਸ਼ਾਨੀ ਦਾ ਸਬੱਬ, ਫਾਲਟ ਦੀਆਂ 3000 ਤੋਂ ਵੱਧ ਸ਼ਿਕਾਇਤਾਂ

Monday, Jun 23, 2025 - 12:44 PM (IST)

ਮੀਂਹ ਦੇ ਵਿਚਕਾਰ ਬਿਜਲੀ ਦੀ ਖ਼ਰਾਬੀ ਬਣੀ ਪ੍ਰੇਸ਼ਾਨੀ ਦਾ ਸਬੱਬ, ਫਾਲਟ ਦੀਆਂ 3000 ਤੋਂ ਵੱਧ ਸ਼ਿਕਾਇਤਾਂ

ਜਲੰਧਰ (ਪੁਨੀਤ)-ਮੀਂਹ ਨੇ ਜਿੱਥੇ ਇਕ ਪਾਸੇ ਰਾਹਤ ਦੇਣ ਦਾ ਕੰਮ ਕੀਤਾ, ਉੱਥੇ ਹੀ ਦੂਜੇ ਪਾਸੇ ਬਿਜਲੀ ਦੀ ਖਰਾਬੀ ਖ਼ਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਨਜ਼ਰ ਆਈ। ਕਈ ਇਲਾਕਿਆਂ ਵਿਚ 4-5 ਘੰਟੇ ਤੱਕ ਦੇ ਪਾਵਰਕਟ ਲੱਗੇ ਅਤੇ ਵੱਖ-ਵੱਖ ਕਾਰਨਾਂ ਕਰਕੇ ਬਿਜਲੀ ਦੀ ਖਰਾਬੀ ਦੀਆਂ 3000 ਦੇ ਲੱਗਭਗ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ।

ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜਿਆਂ ਵਿਚਾਲੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦਾ ਵੱਡਾ ਬਿਆਨ

ਸਵੇਰੇ ਮੀਂਹ ਦੇ ਬਾਅਦ ਤੋਂ ਲੈ ਕੇ ਸ਼ਾਮ ਤਕ ਵੱਖ-ਵੱਖ ਇਲਾਕਿਆਂ ਵਿਚ ਫਾਲਟ ਪੈਣ ਦੀਆਂ ਸ਼ਿਕਾਇਤਾਂ ਕ੍ਰਮਵਾਰ ਮਿਲ ਰਹੀਆਂ ਸਨ। ਬਿਜਲੀ ਦੀ ਖ਼ਰਾਬੀ ਸਮੇਂ ਸਿਰ ਨਾ ਠੀਕ ਹੋਣ ਕਾਰਨ ਖ਼ਪਤਕਾਰਾਂ ਵਿਚ ਰੋਸ ਦੇਖਣ ਨੂੰ ਮਿਲਿਆ। ਵੱਖ-ਵੱਖ ਇਲਾਕਿਆਂ ਦੇ ਖ਼ਪਤਕਾਰਾਂ ਨੇ ਦੱਸਿਆ ਕਿ ਫਾਲਟ ਦੀਆਂ ਸ਼ਿਕਾਇਤਾਂ ਕਰਨਾ ਬੇਹੱਦ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਖ਼ਰਾਬੀ ਬਾਰੇ ਪਤਾ ਲੱਗਣ ’ਤੇ ਸਖ਼ਤ ਮੁਸ਼ੱਕਤ ਕਰਦੇ ਹੋਏ ਪਾਵਰਕਾਮ ਦੇ ਹੈਲਪਲਾਈਨ ਨੰਬਰ 1912 ’'ਤੇ ਸ਼ਿਕਾਇਤ ਲਿਖਵਾਈ ਪਰ ਫੀਲਡ ਸਟਾਫ ਕਈ ਘੰਟੇ ਮੌਕੇ ’ਤੇ ਨਹੀਂ ਪਹੁੰਚਦਾ, ਜਿਸ ਕਾਰਨ ਗਰਮੀ ਵਿਚ ਬਿਜਲੀ ਦੇ ਬਿਨਾਂ ਰਹਿਣਾ ਪੈਂਦਾ ਹੈ।
ਇਸ ਦੇ ਨਾਲ ਹੀ, ਨਾਂ ਨਾ ਛਾਪਣ ਦੀ ਸੂਰਤ ਵਿਚ ਫੀਲਡ ਕਰਮਚਾਰੀਆਂ ਦਾ ਕਹਿਣਾ ਸੀ ਕਿ ਸਟਾਫ਼ ਦੀ ਘਾਟ ਹੈ, ਜਿਸ ਕਾਰਨ ਦੇਰੀ ਹੋ ਜਾਂਦੀ ਹੈ। ਪਰ ਖ਼ਪਤਕਾਰਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ, ਉਹ ਨਿਰਵਿਘਨ ਸਪਲਾਈ ਚਾਹੁੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਫਾਲਟ ਠੀਕ ਕਰਨ ਲਈ ਤੁਰੰਤ ਮੌਕੇ ’ਤੇ ਪਹੁੰਚਣਾ ਚਾਹੀਦਾ ਹੈ।

PunjabKesari

ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ ਨਤੀਜੇ: ਸ਼ਰਮਨਾਕ ਹਾਰ ਵੇਖਦਿਆਂ ਨੀਟੂ ਸ਼ਟਰਾਂ ਵਾਲੇ ਨੇ ਗੁੱਸੇ 'ਚ ਤੋੜ 'ਤਾ ਫੋਨ

ਫੀਲਡ ਸਟਾਫ਼ ਦਾ ਕਹਿਣਾ ਸੀ ਕਿ ਸਟਾਫ਼ ਦੀ ਘਾਟ ਕਾਰਨ ਉਹ ਖ਼ੁਦ ਨੂੰ ਲਾਚਾਰ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ। ਜੇਕਰ ਮੀਂਹ ਜਾਰੀ ਰਿਹਾ ਤਾਂ ਫਾਲਟਾਂ ਦੀ ਗਿਣਤੀ ਹੋਰ ਵਧ ਜਾਵੇਗੀ, ਜਿਸ ਕਾਰਨ ਅਧਿਕਾਰੀਆਂ ਨੂੰ ਫਾਲਟਾਂ ਦਾ ਹੱਲ ਕਰਵਾਉਣ ਵਿਚ ਸਖਤ ਮੁਸ਼ੱਕਤ ਕਰਨੀ ਪਵੇਗੀ। ਜਲੰਧਰ ਸਰਕਲ ਵਿਚ ਪੈਂਦੀਆਂ ਮਾਡਲ ਟਾਊਨ, ਕੈਂਟ, ਈਸਟ, ਵੈਸਟ ਤੇ ਫਗਵਾੜਾ ਡਵੀਜ਼ਨਾਂ ਵਿਚੋਂ ਮਿਲੀਆਂ ਸ਼ਿਕਾਇਤਾਂ ਕਾਰਨ ਬਿਜਲੀ ਕਰਮਚਾਰੀਆਂ ਦਾ ਵਰਕ ਲੋਡ ਬੇਹੱਦ ਵਧ ਗਿਆ ਅਤੇ ਫੀਲਡ ਸਟਾਫ ਨੂੰ ਦੇਰ ਰਾਤ ਤਕ ਮੁਸ਼ੱਕਤ ਕਰਨੀ ਪਈ।

ਹੈਲਪਲਾਈਨ ਨੰਬਰ 1912 ਦੀਆਂ ਲਾਈਨਾਂ ਵਧਾਉਣ ਦੀ ਮੰਗ
ਵੱਖ-ਵੱਖ ਡਿਵੀਜ਼ਨਾਂ ਦੇ ਲੋਕਾਂ ਨੇ ਕਿਹਾ ਕਿ 1912 ਨੰਬਰ ਦੀਆਂ ਲਾਈਨਾਂ ਆਮ ਤੌਰ ’ਤੇ ਬਿਜ਼ੀ ਰਹਿੰਦੀਆਂ ਹਨ ਅਤੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਵਾਰ-ਵਾਰ ਫੋਨ ਮਿਲਾਉਣਾ ਪੈਂਦਾ ਹੈ। ਪਾਵਰਕਾਮ ਨੂੰ ਇਸ ਨੰਬਰ ਦੀਆਂ ਲਾਈਨਾਂ ਵਧਾਉਣੀਆਂ ਚਾਹੀਦੀਆਂ ਹਨ ਕਿਉਂਕਿ ਪੂਰੇ ਪੰਜਾਬ ਤੋਂ ਲੋਕ ਇਸ ਨੰਬਰ ’ਤੇ ਫੋਨ ਮਿਲਾਉਂਦੇ ਹਨ। ਮੌਸਮ ਖਰਾਬ ਹੋਣ ’ਤੇ ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਵੱਲੋਂ ਇਹ ਨੰਬਰ ਮਿਲਾਇਆ ਜਾਂਦਾ ਹੈ, ਜਿਸ ਕਾਰਨ ਇਹ ਨੰਬਰ ਬਿਜ਼ੀ ਰਹਿੰਦਾ ਹੈ। ਇਸ ਪੂਰੇ ਘਟਨਾਕ੍ਰਮ ਕਾਰਨ ਪਾਵਰਕਾਮ ਦਾ ਫੀਲਡ ਸਟਾਫ਼ ਘੰਟਿਆਂਬੱਧੀ ਮੁਰੰਮਤ ਦੇ ਕੰਮ ਲਈ ਨਹੀਂ ਪਹੁੰਚ ਸਕਿਆ, ਜਿਸ ਕਾਰਨ ਖਪਤਕਾਰਾਂ ਵਿਚ ਗੁੱਸਾ ਵੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗੀ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV ਨੇ ਉਡਾਏ ਹੋਸ਼

ਰਿਪੇਅਰ ਕਾਰਨ ਬੰਦ ਰੱਖੀ ਗਈ ਸੀ ਬਿਜਲੀ : ਅਧਿਕਾਰੀ
ਸ਼ਾਮ ਤੱਕ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਬੰਦ ਸੀ, ਜਿਸ ਕਾਰਨ ਖਪਤਕਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੀ ਰਿਪੇਅਰ ਪਹਿਲ ਦੇ ਆਧਾਰ ’ਤੇ ਕਰਵਾਈ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਬਿਜਲੀ ਦੀ ਮੁਰੰਮਤ ਕਾਰਨ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਬੰਦ ਰੱਖੀ ਗਈ ਸੀ ਅਤੇ ਇਸ ਸਬੰਧੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News