ਨਿਗਮ ਕਮਿਸ਼ਨਰ ਨੇ ਸੈਨੀਟੇਸ਼ਨ ਵਿਭਾਗ ’ਤੇ ਕੱਸਿਆ ਸ਼ਿਕੰਜਾ, ਹੁਣ ਸ਼ਾਮ ਨੂੰ ਵੀ ਹੋਵੇਗੀ ਸ਼ਹਿਰ ਦੀ ਸਫ਼ਾਈ

Friday, Jul 04, 2025 - 11:06 AM (IST)

ਨਿਗਮ ਕਮਿਸ਼ਨਰ ਨੇ ਸੈਨੀਟੇਸ਼ਨ ਵਿਭਾਗ ’ਤੇ ਕੱਸਿਆ ਸ਼ਿਕੰਜਾ, ਹੁਣ ਸ਼ਾਮ ਨੂੰ ਵੀ ਹੋਵੇਗੀ ਸ਼ਹਿਰ ਦੀ ਸਫ਼ਾਈ

ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਬੀਤੇ ਦਿਨੀਂ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਅਚਾਨਕ ਦੌਰਾ ਕਰਕੇ ਸਫ਼ਾਈ ਵਿਵਸਥਾ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਨਗਰ ਨਿਗਮ ਅਧਿਕਾਰੀਆਂ ਨੂੰ ਫਿਟਕਾਰ ਲਗਾਉਣ ਤੋਂ ਬਾਅਦ ਹੁਣ ਨਗਰ ਨਿਗਮ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਇਸ ਸਬੰਧ ਵਿਚ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਸੈਨੀਟੇਸ਼ਨ ਵਿਭਾਗ ’ਤੇ ਸ਼ਿਕੰਜਾ ਕੱਸਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਸਾਫ਼ ਨਿਰਦੇਸ਼ ਦਿੱਤੇ ਹਨ ਕਿ ਹੁਣ ਸ਼ਹਿਰ ਵਿਚ ਸਫ਼ਾਈ ਦਾ ਕੰਮ 2 ਸ਼ਿਫ਼ਟਾਂ ਵਿਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ ਦਿੱਤਾ ਅਸਤੀਫ਼ਾ

ਕਮਿਸ਼ਨਰ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਨਿਗਮ ਦੇ ਸਾਰੇ ਸਫ਼ਾਈ ਸੇਵਕ ਸਵੇਰੇ 6 ਤੋਂ ਲੈ ਕੇ 11 ਵਜੇ ਤਕ ਅਤੇ ਫਿਰ ਸ਼ਾਮ 4 ਤੋਂ ਲੈ ਕੇ 7 ਵਜੇ ਤਕ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਜਲੰਧਰ ਨਗਰ ਨਿਗਮ ਦੇ ਲੱਗਭਗ 1500 ਸਫ਼ਾਈ ਸੇਵਕ ਸਿਰਫ਼ ਸਵੇਰ ਦੀ ਸ਼ਿਫ਼ਟ ਵਿਚ ਹੀ ਕੁਝ ਘੰਟੇ ਕੰਮ ਕਰਦੇ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਕਈ ਸਾਲ ਪਹਿਲਾਂ ਜਲੰਧਰ ਸ਼ਹਿਰ ਵਿਚ ਸਫਾਈ ਵਿਵਸਥਾ 2 ਸ਼ਿਫਟਾਂ ਵਿਚ ਚੱਲਦੀ ਸੀ। ਬਾਅਦ ਦੁਪਹਿਰ ਵੀ ਸਫ਼ਾਈ ਸੇਵਕ ਕੰਮ ਕਰਦੇ ਦਿਸਦੇ ਸਨ। ਹਾਲਾਂਕਿ ਨਿਗਮ ਦੇ ਅੰਦਰ ਯੂਨੀਅਨ ਦੀ ਪ੍ਰਭਾਵਸ਼ਾਲੀ ਮੌਜੂਦਗੀ ਅਤੇ ਹਰ ਕੰਮ ਵਿਚ ਉਨ੍ਹਾਂ ਦੇ ਦਖ਼ਲ ਨੂੰ ਵੇਖਦੇ ਹੋਏ ਇਸ ਗੱਲ ਨੂੰ ਲੈ ਕੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਸਫ਼ਾਈ ਸੇਵਕ ਸ਼ਾਮ ਦੀ ਸ਼ਿਫ਼ਟ ਵਿਚ ਕੰਮ ਕਰਨਗੇ ਜਾਂ ਨਹੀਂ।

ਇਹ ਵੀ ਪੜ੍ਹੋ: ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ

PunjabKesari

ਫਿਲਹਾਲ ਨਿਗਮ ਕਮਿਸ਼ਨਰ ਨੇ ਦੋਵਾਂ ਸ਼ਿਫ਼ਟਾਂ ਵਿਚ ਸਫ਼ਾਈ ਸੇਵਕਾਂ ਦੀ ਹਾਜ਼ਰੀ ਲਾਉਣ ਦੀ ਜ਼ਿੰਮੇਵਾਰੀ ਸੈਨੇਟਰੀ ਸੁਪਰਵਾਈਜ਼ਰਾਂ ਨੂੰ ਸੌਂਪ ਦਿੱਤੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਇਸ ਦਾ ਅਰਥ ਹੈ ਕਿ ਸ਼ੁੱਕਰਵਾਰ 4 ਜੁਲਾਈ ਤੋਂ ਨਗਰ ਨਿਗਮ ਦੇ ਸਫ਼ਾਈ ਸੇਵਕ ਸ਼ਹਿਰ ਦੀਆਂ ਗਲੀਆਂ, ਸੜਕਾਂ ਅਤੇ ਬਾਜ਼ਾਰਾਂ ਵਿਚ ਸਵੇਰ ਅਤੇ ਸ਼ਾਮ ਦੋਵੇਂ ਸਮੇਂ ਝਾੜੂ ਲਾਉਂਦੇ ਅਤੇ ਸਫ਼ਾਈ ਕਰਦੇ ਹੋਏ ਵਿਖਾਈ ਦੇਣਗੇ।

ਇਹ ਵੀ ਪੜ੍ਹੋ: ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ

ਹੁਣ ਨਿਗਮ ਦੀ ਕੂੜਾ ਢੋਣ ਵਾਲੀ ਹਰ ਗੱਡੀ ਤਰਪਾਲ ਨਾਲ ਢਕ ਕੇ ਜਾਵੇਗੀ
ਪਿਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਦੀਆਂ ਕੂੜਾ ਢੋਣ ਵਾਲੀਆਂ ਗੱਡੀਆਂ ਬਿਨਾਂ ਡਾਲੇ ਦੇ ਸੜਕਾਂ ’ਤੇ ਚੱਲ ਰਹੀਆਂ ਸਨ, ਜਿਸ ਨਾਲ ਉਨ੍ਹਾਂ ਦਾ ਅੱਧਾ ਕੂੜਾ ਰਸਤੇ ਵਿਚ ਹੀ ਡਿੱਗਦਾ ਚਲਿਆ ਜਾਂਦਾ ਸੀ। ਇਸ ਕਾਰਨ ਨਗਰ ਨਿਗਮ ਨੂੰ ਸੋਸ਼ਲ ਮੀਡੀਆ ’ਤੇ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਅੱਜ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ 10 ਜੁਲਾਈ ਤੋਂ ਬਾਅਦ ਨਿਗਮ ਦੀਆਂ ਸਾਰੀਆਂ ਗੱਡੀਆਂ ਕੂੜੇ ਨੂੰ ਤਰਪਾਲ ਨਾਲ ਢਕ ਕੇ ਹੀ ਲਿਜਾਣਗੀਆਂ। ਜੇਕਰ ਕਿਸੇ ਵਾਹਨ ਨੇ ਅਜਿਹਾ ਨਾ ਕੀਤਾ ਤਾਂ ਉਸ ਨੂੰ ਕੰਡੇ ’ਤੇ ਤੋਲਿਆ ਨਹੀਂ ਜਾਵੇਗਾ ਅਤੇ ਉਸ ਨੂੰ ਅਗਲੇ ਦਿਨ ਲਈ ਤੇਲ ਨਹੀਂ ਮਿਲੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਨਿਗਮ ਕਮਿਸ਼ਨਰ ਦੇ ਇਨ੍ਹਾਂ ਸਖ਼ਤ ਹੁਕਮਾਂ ’ਤੇ ਅਮਲ ਕਿੰਨਾ ਹੁੰਦਾ ਹੈ ਅਤੇ ਸਫ਼ਾਈ ਵਿਵਸਥਾ ਵਿਚ ਕਿੰਨਾ ਅਸਲ ਵਿਚ ਸੁਧਾਰ ਆਉਂਦਾ ਹੈ।

ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ ਜਲਦੀ ਹੋਵੇਗੀ ਸ਼ੁਰੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News