ਵਿਜੀਲੈਂਸ ਬਿਊਰੋ ਨੇ ਨਾਇਬ ਤਹਿਸੀਲਦਾਰ ਨੂੰ ਕੀਤਾ ਦੋਸ਼-ਮੁਕਤ, 22 ਨਵੰਬਰ ਤੋਂ ਚੱਲ ਰਹੀ ਹੜਤਾਲ ਖ਼ਤਮ
Sunday, Dec 12, 2021 - 12:09 PM (IST)
ਜਲੰਧਰ (ਚੋਪੜਾ)– ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ, ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ, ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਅਤੇ ਰੈਵੇਨਿਊ ਪਟਵਾਰ ਐਸੋਸੀਏਸ਼ਨਾਂ ਵੱਲੋਂ ਹੁਸ਼ਿਆਰਪੁਰ ਦੇ ਮਾਹਿਲਪੁਰ ਵਿਚ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਰਜਿਸਟਰੀ ਕਲਰਕ ਮਨਜੀਤ ਸਿੰਘ ’ਤੇ ਭ੍ਰਿਸ਼ਟਾਚਾਰ ਐਕਟ ਤਹਿਤ ਦਰਜ ਕੀਤੇ ਕੇਸ ਨੂੰ ਰੱਦ ਕਰਵਾਉਣ ਲਈ ਬੀਤੀ 22 ਨਵੰਬਰ ਤੋਂ ਕੀਤੇ ਜਾ ਰਹੇ ਸੰਘਰਸ਼ ਅੱਗੇ ਆਖਿਰਕਾਰ ਚੰਨੀ ਸਰਕਾਰ ਅਤੇ ਵਿਜੀਲੈਂਸ ਬਿਊਰੋ ਨੂੰ ਬੈਕਫੁੱਟ ਆਉਣ ਨੂੰ ਮਜਬੂਰ ਹੋਣਾ ਹੀ ਪਿਆ। ਵਿਜੀਲੈਂਸ ਬਿਊਰੋ ਨੇ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਖ਼ਿਲਾਫ਼ ਦਰਜ ਕੀਤੇ ਕੇਸ ਦੀ ਜਾਂਚ ਉਪਰੰਤ ਦੋਵਾਂ ਨੂੰ ਦੋਸ਼-ਮੁਕਤ ਕਰਾਰ ਦੇ ਦਿੱਤਾ।
ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਆਕਾਸ਼ਦੀਪ ਔਲਖ ਨੇ ਐੱਸ. ਐੱਸ. ਪੀ. ਜਲੰਧਰ ਰੇਂਜ ਨੂੰ ਲਿਖੀ ਚਿੱਠੀ ਵਿਚ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਵਿਚ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਨੂੰ ਦੋਸ਼-ਮੁਕਤ ਕਰਦਿਆਂ ਅਦਾਲਤ ਵਿਚ ਪੇਸ਼ ਹੋਣ ਜਾ ਰਹੇ ਚਲਾਨ ਵਿਚ ਖਾਨਾ ਨੰਬਰ 2 ਵਿਚ ਰੱਖਿਆ ਗਿਆ ਹੈ, ਜਦੋਂ ਕਿ ਹੋਰ ਮੁਲਜ਼ਮ ਖ਼ਿਲਾਫ਼ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਵਿਜੀਲੈਂਸ ਬਿਊਰੋ ਦੀ ਇਹ ਚਿੱਠੀ ਮਿਲਣ ਉਪਰੰਤ ਪੰਜਾਬ ਰੈਵੇਨਿਊ ਅਧਿਕਾਰੀਆਂ ਨੇ ਸੰਤੁਸ਼ਟੀ ਪ੍ਰਗਟ ਕਰਦਿਆਂ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਹੁਣ ਸੋਮਵਾਰ ਤੋਂ ਸੂਬੇ ਭਰ ਦੇ ਡੀ. ਸੀ. ਦਫਤਰਾਂ ਵਿਚ ਰੁਟੀਨ ਵਾਂਗ ਕੰਮਕਾਜ ਸ਼ੁਰੂ ਹੋ ਜਾਵੇਗਾ। ਇਸ ਨਾਲ ਪਿਛਲੇ 22 ਦਿਨਾਂ ਤੋਂ ਵੱਖ-ਵੱਖ ਕੰਮਾਂ ਨੂੰ ਲੈ ਕੇ ਪ੍ਰੇਸ਼ਾਨ ਜਨਤਾ ਨੂੰ ਵੱਡੀ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ: 'ਰਾਜਨੀਤੀ ਇਕ ਸੇਵਾ, ਕਾਰੋਬਾਰ ਨਹੀਂ', ਪੜ੍ਹੋ ਮੁਹੰਮਦ ਸਦੀਕ ਨਾਲ 2022 ਚੋਣਾਂ ਨੂੰ ਲੈ ਕੇ ਕੀਤੀ ਵਿਸ਼ੇਸ਼ ਗੱਲਬਾਤ
ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਤਿੱਖੇ ਹੋ ਰਹੇ ਪ੍ਰਦਰਸ਼ਨ ਦੇ ਪੰਜਾਬ ਸਰਕਾਰ ’ਤੇ ਲਗਾਤਾਰ ਵਧਦੇ ਦਬਾਅ ਨੂੰ ਦੇਖਦਿਆਂ ਵਿਜੀਲੈਂਸ ਨੇ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਨੂੰ ਇਸ ਕੇਸ ਵਿਚ ਦੋਸ਼-ਮੁਕਤ ਕਰਾਰ ਦੇ ਦਿੱਤਾ। ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਜਾਰੀ ਚਿੱਠੀ ਤੋਂ ਬਾਅਦ ਐਸੋਸੀਏਸ਼ਨ ਨੇ ਸੋਮਵਾਰ ਤੋਂ ਦੁਬਾਰਾ ਕੰਮ ’ਤੇ ਪਰਤਣ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਪੂਰੇ ਸੂਬੇ ਦੇ ਸਾਰੇ ਡੀ. ਸੀ. ਦਫ਼ਤਰਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਕੰਮਕਾਜ ਸ਼ੁਰੂ ਹੋਵੇਗਾ।
ਧੰਮ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਹਿਲਪੁਰ ਵਿਚ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਵਿਜੀਲੈਂਸ ਬਿਊਰੋ ਦੇ ਡੀ. ਐੱਸ. ਪੀ. ਨਿਰੰਜਣ ਸਿੰਘ ਅਤੇ ਸਬ-ਇੰਸਪੈਕਟਰ ਅਜੈਪਾਲ ਸਿੰਘ ਦਾ ਪਹਿਲਾਂ ਹੀ ਤਬਾਦਲਾ ਕਰ ਦਿੱਤਾ ਹੈ। ਸੰਦੀਪ ਕੁਮਾਰ ਅਤੇ ਮਨਜੀਤ ਸਿੰਘ ਨੂੰ ਸਸਪੈਂਡ ਕਰਨ ਦੇ ਹੁਕਮ ਵਾਪਸ ਲੈ ਲਏ ਗਏ ਹਨ। ਹੁਣ ਸੰਦੀਪ ਅਤੇ ਮਨਜੀਤ ਵੀ ਬਾਕੀ ਕਰਮਚਾਰੀਆਂ ਵਾਂਗ ਸੋਮਵਾਰ ਤੋਂ ਦੁਬਾਰਾ ਮਾਹਿਲਪੁਰ ਵਿਚ ਆਪਣੀ ਡਿਊਟੀ ਜੁਆਇਨ ਕਰਨਗੇ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਬਸਪਾ ਕੋਟੇ ਤੋਂ ਹੋਵੇਗਾ ਇਕ ਡਿਪਟੀ ਸੀ.ਐੱਮ.
ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਕਜੁੱਟਤਾ ਦੀ ਹੋਈ ਜਿੱਤ : ਤਜਿੰਦਰ ਸਿੰਘ, ਬੂਟਾ ਸਿੰਘ, ਸਾਲਿਗ ਰਾਮ
ਡੀ. ਸੀ. ਆਫ਼ਿਸ ਇੰਪਲਾਈਜ਼ ਯੂਨੀਅਨ ਦੇ ਚੇਅਰਮੈਨ ਤਜਿੰਦਰ ਸਿੰਘ, ਪ੍ਰਧਾਨ ਪਵਨ ਕੁਮਾਰ ਵਰਮਾ, ਰੈਵੇਨਿਊ ਕਾਨੂੰਨਗੋ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਅਤੇ ਰੈਵੇਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਸਾਲਿਗ ਰਾਮ ਨੇ ਵੀ ਹੜਤਾਲ ਖਤਮ ਕਰ ਕੇ ਸੋਮਵਾਰ ਤੋਂ ਕੰਮ ’ਤੇ ਪਰਤਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਕਜੁੱਟਤਾ ਦੀ ਜਿੱਤ ਹੈ। ਤਜਿੰਦਰ, ਪਵਨ, ਬੂਟਾ ਸਿੰਘ ਅਤੇ ਸਾਲਿਗ ਰਾਮ ਨੇ ਕਿਹਾ ਕਿ ਹੁਣ ਸਾਰੇ ਅਧਿਕਾਰੀ ਅਤੇ ਕਰਮਚਾਰੀ ਇਕ ਮੰਚ ’ਤੇ ਆ ਖੜ੍ਹੇ ਹੋਏ ਹਨ ਅਤੇ ਅੱਗੇ ਤੋਂ ਕਦੀ ਵੀ ਸਰਕਾਰ ਨੇ ਕਿਸੇ ਕਰਮਚਾਰੀ ਨਾਲ ਧੱਕੇਸ਼ਾਹੀ ਕੀਤੀ ਤਾਂ ਹਰੇਕ ਕਾਰਵਾਈ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ’ਚ ਦਿੱਲੀ ਦੇ ਮੁਕਾਬਲੇ ਸਿਹਤ ਸਹੂਲਤਾਂ ਬਿਹਤਰ, ‘ਆਪ’ ਨੂੰ ਬਹਿਸ ਦੀ ਚੁਣੌਤੀ : ਓ. ਪੀ. ਸੋਨੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ