ਬਰਸਾਤਾਂ ਕਾਰਨ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋਈਆਂ ਸਬਜ਼ੀਆਂ

08/26/2019 9:37:24 PM

ਹੁਸ਼ਿਆਰਪੁਰ (ਅਮਰਿੰਦਰ)-ਬਰਸਾਤਾਂ ਕਾਰਨ ਇਕ ਵਾਰ ਫਿਰ ਸਬਜ਼ੀਆਂ ਦੇ ਭਾਅ ਵਿਚ ਉਛਾਲ ਆਇਆ ਹੈ। ਪਹਾਡ਼ੀ ਸਬਜ਼ੀਆਂ ਦੇ ਭਾਅ ਆਸਮਾਨ ਨੂੰ ਛੂਹ ਰਹੇ ਹਨ। ਟਮਾਟਰ, ਪਿਆਜ਼, ਸ਼ਿਮਲਾ ਮਿਰਚ ਅਤੇ ਮਟਰਾਂ ਦੇ ਭਾਅ ਵਿਚ ਤੇਜ਼ੀ ਆਈ ਹੈ। ਜੋ ਟਮਾਟਰ ਕਿਸੇ ਸਮੇਂ 30 ਤੋਂ 40 ਰੁਪਏ ਕਿਲੋ ਵਿਕ ਰਿਹਾ ਸੀ, ਉਸ ਦਾ ਭਾਅ ਅੱਜ ਮੰਡੀ ਵਿਚ 60 ਤੋਂ 70 ਰੁਪਏ ਕਿਲੋ ਪਹੁੰਚ ਚੁੱਕਿਆ ਹੈ। ਮਟਰ ਜਿੱਥੇ 40 ਤੋਂ 60 ਰੁਪਏ ਕਿਲੋ ਮਿਲ ਰਹੇ ਸਨ, ਦਾ ਭਾਅ ਇਨ੍ਹੀਂ ਦਿਨੀਂ 80 ਤੋਂ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕਿਆ ਹੈ। ਗੋਭੀ ਵੀ 60 ਤੋਂ 80 ਰੁਪਏ ਕਿਲੋ ਵਿਕ ਰਹੀ ਹੈ।

ਆਉਣ ਵਾਲੇ ਦਿਨਾਂ ’ਚ ਸਬਜ਼ੀਆਂ ਦੇ ਭਾਅ ਹੋਰ ਵਧਣ ਦੇ ਆਸਾਰ

ਹਿਰ ਦੀ ਮੰਡੀ ਵਿਚ ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਬਰਸਾਤਾਂ ਕਾਰਨ ਸਬਜ਼ੀਆਂ ਦੇ ਭਾਅ ਵਿਚ ਉਛਾਲ ਆਇਆ ਹੈ। ਜੇਕਰ ਇੰਝ ਹੀ ਬਰਸਾਤਾਂ ਪੈਂਦੀਆਂ ਰਹੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਸਬਜ਼ੀਆਂ ਦੇ ਭਾਅ ਹੋਰ ਵਧਣ ਦੇ ਆਸਾਰ ਹਨ। ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵੱਖ-ਵੱਖ ਹਿੱਸਿਆਂ ਵਿਚੋਂ ਆਉਣ ਵਾਲੀਆਂ ਸਬਜ਼ੀਆਂ ਨੂੰ ਬਰਸਾਤਾਂ ਦੀ ਭਾਰੀ ਮਾਰ ਪਈ ਹੈ। ਸਮੇਂ ’ਤੇ ਸਬਜ਼ੀਆਂ ਨਾ ਪੁੱਜਣ ਕਾਰਨ ਇਨ੍ਹਾਂ ਦੀ ਮੰਗ ਵਧ ਗਈ ਹੈ।

ਪਿਆਜ਼ ਦੇ ਭਾਅ ’ਚ ਦਿਸ ਰਿਹੈ ਉਤਰਾਅ-ਚਡ਼੍ਹਾਅ

ਬਰਸਾਤੀ ਦਿਨਾਂ ਵਿਚ ਪਿਆਜ਼ ਨੂੰ ਜ਼ਿਆਦਾ ਦੇਰ ਤੱਕ ਸਟੋਰ ਨਾ ਕਰ ਪਾਉਣ ਕਰ ਕੇ ਇਨ੍ਹਾਂ ਦੇ ਭਾਅ ਵਿਚ ਲਗਾਤਾਰ ਉਤਰਾਅ-ਚਡ਼੍ਹਾਅ ਦਿਸ ਰਿਹਾ ਹੈ। ਕੁਝ ਹਫ਼ਤੇ ਪਹਿਲਾਂ 20 ਰੁਪਏ ਪ੍ਰਤੀ ਕਿਲੋ ਵਿਕਣ ਵਾਲੇ ਪਿਆਜ਼ ਦਾ ਭਾਅ ਇਸ ਸਮੇਂ ਮੰਡੀ ਵਿਚ 50 ਤੋਂ 60 ਰੁਪਏ ਕਿਲੋ ਚੱਲ ਰਿਹਾ ਹੈ। ਇਸੇ ਤਰ੍ਹਾਂ 25 ਰੁਪਏ ਕਿਲੋ ਮਿਲਣ ਵਾਲਾ ਪਹਾਡ਼ੀ ਆਲੂ ਹੁਣ 30 ਤੋਂ 40 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ।


Karan Kumar

Content Editor

Related News