ਦੇਹਰਾਦੂਨ ਜਾ ਰਹੇ ਜਲੰਧਰ ਦੇ ਵਪਾਰੀਆਂ ਨਾਲ ਯੂ. ਪੀ. ਪੁਲਸ ਵੱਲੋਂ ਗੁੰਡਾਗਰਦੀ

06/02/2019 12:58:27 PM

ਜਲੰਧਰ (ਵਰੁਣ)— ਜਲੰਧਰ ਤੋਂ ਦੇਹਰਾਦੂਨ ਘੁੰਮਣ ਲਈ ਨਿਕਲੇ ਜਲੰਧਰ ਦੇ 3 ਵਪਾਰੀਆਂ ਨਾਲ ਸਹਾਰਨਪੁਰ ਨਜ਼ਦੀਕ ਸਥਿਤ ਸਰਸਾਵਾ ਇਲਾਕੇ 'ਚ ਯੂ. ਪੀ. ਪੁਲਸ ਨੇ ਜੰਮ ਕੇ ਗੁੰਡਾਗਰਦੀ ਕੀਤੀ। ਸਰਚ ਕਰਨ 'ਤੇ ਪੁਲਸ ਦੇ ਹੱਥ 3 ਸਕੌਚ ਦੀਆਂ ਬੋਤਲਾਂ ਲੱਗੀਆਂ ਤਾਂ ਪੁਲਸ ਦੀਆਂ ਲਾਰਾਂ ਟਪਕ ਗਈਆਂ ਅਤੇ ਸਾਰੇ ਦਸਤਾਵੇਜ਼ ਹੋਣ ਦੇ ਬਾਵਜੂਦ ਗੱਡੀ ਨੂੰ ਜ਼ਬਤ ਕਰਨ ਦੀ ਧਮਕੀ ਦਿੱਤੀ ਪਰ ਜਦੋਂ ਵਪਾਰੀਆਂ ਨੇ ਤਿੰਨੋਂ ਸਕੌਚ ਦੀਆਂ ਬੋਤਲਾਂ ਆਪਣੀ ਗੱਡੀ 'ਚ ਰੱਖ ਕੇ ਫਿਰ ਗੱਡੀ ਨੂੰ ਰਵਾਨਾ ਕੀਤਾ।
ਮਾਡਲ ਟਾਊਨ ਰਹਿੰਦੇ ਵਪਾਰੀ ਅਜੇ ਚੱਢਾ, ਰਾਜੇਸ਼ ਸਹਿਗਲ ਅਤੇ ਅਨਿਲ ਚੋਪੜਾ ਨੇ ਦੱਸਿਆ ਕਿ ਉਹ ਤਿੰਨੋਂ ਡਰਾਈਵਰ ਨੂੰ ਨਾਲ ਲੈ ਕੇ ਦੇਹਰਾਦੂਨ ਲਈ ਨਿਕਲੇ ਸਨ। ਸ਼ਨੀਵਾਰ ਨੂੰ ਉਹ ਸਹਾਰਨਪੁਰ ਕੋਲ ਸਥਿਤ ਸਰਸਾਵਾ ਇਲਾਕੇ 'ਚ ਪਹੁੰਚੇ ਤਾਂ ਉੱਥੇ ਇਕ ਮਹਿਲਾ ਪੁਲਸ ਕਰਮਚਾਰੀ ਨੇ ਆਪਣੇ 2 ਨਕਾਬਪੋਸ਼ ਪੁਲਸ ਮੁਲਾਜ਼ਮਾਂ ਦੇ ਨਾਲ ਨਾਕਾ ਲਾ ਰੱਖਿਆ ਸੀ। ਉਨ੍ਹਾਂ ਨੂੰ ਗੱਡੀ ਦੇ ਕਾਗਜ਼ ਚੈੱਕ ਕਰਵਾਏ ਜੋ ਸਹੀ ਸਨ ਪਰ ਗੱਡੀ ਦੀ ਤਲਾਸ਼ੀ ਲੈਣ 'ਤੇ 3 ਸਕੌਚ ਦੀਆਂ ਬੋਤਲਾਂ ਮਿਲੀਆਂ ਤਾਂ ਉਨ੍ਹਾਂ ਦੇ ਤੇਵਰ ਹੀ ਬਦਲ ਗਏ। ਮਹਿਲਾ ਪੁਲਸ ਦਾ ਕਹਿਣਾ ਹੈ ਕਿ ਉਹ ਪੰਜਾਬ ਦੀ ਸ਼ਰਾਬ ਅੱਗੇ ਨਹੀਂ ਲਿਜਾਣ ਦੇਵੇਗੀ ਅਤੇ ਸ਼ਰਾਬ ਉਨ੍ਹਾਂ ਨੂੰ ਯੂ. ਪੀ. ਤੋਂ ਹੀ ਖਰੀਦਣੀ ਪਵੇਗੀ। ਤਿੰਨਾਂ ਵਪਾਰੀਆਂ ਨੇ ਹਵਾਲਾ ਦਿੱਤਾ ਕਿ ਇਕ ਵਿਅਕਤੀ ਇਕ ਬੋਤਲ ਲਿਜਾ ਸਕਦਾ ਹੈ ਪਰ ਪੁਲਸ ਨੇ ਇਕ ਨਾ ਸੁਣੀ ਅਤੇ ਗੱਡੀ ਜ਼ਬਤ ਕਰਨ ਦੀ ਧਮਕੀ ਦੇ ਦਿੱਤੀ। ਪੁਲਸ ਦੇ ਇਸ ਰਵੱਈਏ ਕਾਰਨ ਵਪਾਰੀਆਂ ਨੇ ਸਕੌਚ ਦੀਆਂ ਤਿੰਨੋਂ ਬੋਤਲਾਂ ਦੇਣਾ ਹੀ ਸਹੀ ਸਮਝਿਆ। ਅਜੇ ਚੱਢਾ ਨੇ ਯੂ. ਪੀ. ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਪੁਲਸ ਮੁਲਾਜ਼ਮਾਂ ਨੂੰ ਪਬਲਿਕ ਡੀਲਿੰਗ ਤੋਂ ਦੂਰ ਰੱਖਿਆ ਜਾਵੇ।


shivani attri

Content Editor

Related News