ਦੇਰ ਰਾਤ ਹਸਪਤਾਲ ’ਤੇ ਅਣਪਛਾਤਿਆਂ ਨੇ ਚਲਾਈ ਗੋਲੀਆਂ

Tuesday, May 12, 2026 - 10:10 PM (IST)

ਦੇਰ ਰਾਤ ਹਸਪਤਾਲ ’ਤੇ ਅਣਪਛਾਤਿਆਂ ਨੇ ਚਲਾਈ ਗੋਲੀਆਂ

ਕਰਤਾਰਪੁਰ (ਸਾਹਨੀ) - ਬੀਤੀ ਰਾਤ ਜੀ. ਟੀ. ਰੋਡ ਸਰਵਿਸ ਲਾਇਨ ’ਤੇ ਸਥਿਤ ਗੁਰੂ ਤੇਗ ਬਹਾਦਰ ਹਸਪਤਾਲ ਦੇ ਬਾਹਰ ਮੋਟਰਸਾਈਕਲ ਸਵਾਰ ਹੋ ਕੇ ਆਏ ਦੋ ਨੌਜਵਾਨਾਂ ’ਚੋਂ ਇਕ ਨੌਜਵਾਨ ਨੇ ਹਸਪਤਾਲ ਦੇ ਮੇਨ ਗੇਟ ਦੇ ਸ਼ੀਸ਼ੇ ਦੇ ਦਰਵਾਜ਼ੇ ’ਤੇ ਫਾਇਰਿੰਗ ਕਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਸਬੰਧੀ ਹਸਪਤਾਲ ਦੇ ਪ੍ਰਬੰਧਕ ਹਰਮਨ ਸਿੰਘ ਸਮਰਾ ਪੁਤਰ ਸਵ. ਗੁਰਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਵਾ 12 ਵਜੇ ਹਸਪਤਾਲ ਦੇ ਅੰਦਰ ਜਾਣ ਲਈ ਲਾਏ ਗਏ ਸ਼ੀਸ਼ੇ ਦੇ ਗੇਟ ’ਤੇ ਇਕ ਨੌਜਵਾਨ ਨੇ ਫਾਇਰਿੰਗ ਕੀਤੀ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਪੁਲਸ ਨੂੰ ਦਿਤੀ ਜਾਣਕਾਰੀ ਵਿਚ ਹਰਮਨ ਸਿੰਘ ਸਮਰਾ ਨੇ ਦੱਸਿਆ ਕਿ ਬੀਤੀ 30 ਅਪ੍ਰੈਲ ਨੂੰ ਸਵੇਰੇ ਕਰੀਬ ਸਾਡੇ 10 ਵਜੇ ਉਸ ਨੂੰ ਇਕ ਵ੍ਹਟਸਅਪ ਕਾਲ ਆਈ, ਜਿਸ ’ਚ ਅਣਪਛਾਤੇ ਵੱਲੋਂ ਧਮਕੀ ਦਿੰਦੇ ਉਸ ਪਾਸੋਂ 5 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਤੇ ਨਾ ਦੇਣ ’ਤੇ ਵੱਡੇ ਨੁਕਸਾਨ ਦੀ ਧਮਕੀ ਵੀ ਦਿੱਤੀ। ਇਸ ਨੂੰ ਉਨ੍ਹਾਂ ਨੇ ਸੰਜੀਦਗੀ ਨਾਲ ਨਹੀਂ ਲਿਆ ਪਰ ਪੁਲਸ ਨੂੰ ਜਾਣਕਾਰੀ ਜ਼ਰੂਰ ਦਿੱਤੀ ਸੀ। ਸਮਰਾ ਦੇ ਦੱਸਿਆ ਕਿ ਇਸ ਕਾਲ ਤੋਂ ਬਾਅਦ ਬੀਤੀ 11 ਮਈ ਦੀ ਦੇਰ ਰਾਤ ਕਰੀਬ ਸਵਾ 12 ਵਜੇ ਅੰਮ੍ਰਿਤਸਰ ਵੱਲੋਂ ਇਕ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨ ਆਏ। ਇਸ ’ਚੋਂ ਇਕ ਨੌਜਵਾਨ ਮੋਟਰਸਾਈਕਲ ਤੋਂ ਉੱਤਰ ਆਇਆ ਅਤੇ ਦੂਸਰੇ ਨੇ ਦੌਬਾਰਾ ਮੋਟਰਸਾਈਕਲ ਅੰਮ੍ਰਿਤਸਰ ਵੱਲ ਨੂੰ ਮੋੜ ਲਿਆ ਤੇ ਮੋਟਰਸਾਈਕਲ ਤੋਂ ਉਤਰੇ ਨੌਜਵਾਨ ਨੇ ਹਸਪਤਾਲ ਦੇ ਬਾਹਰ ਲਗੇ ਬੂਟਿਆਂ ਵਿਚੋਂ ਹਸਪਤਾਲ ਦੇ ਸ਼ਿਸ਼ੇ ਦੇ ਮੇਨ ਗੇਟ ’ਤੇ 2 ਗੋਲੀਆਂ ਦਾ ਫਾਇਰ ਕਰ ਕੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ।

ਇਸ ਸਬੰਧੀ ਥਾਣਾ ਮੁੱਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਸਬੰਧਤ ਮਾਮਲੇ ਸਬੰਧੀ ਹਰਮਨ ਸਿੰਘ ਸਮਰਾ ਦੇ ਬਿਆਨ ਲੈ ਲਏ ਗਏ ਹਨ ਤੇ ਇਸ ਰਾਤ ਦੀ ਘਟਨਾ ਨੂੰ ਵੱਖ-ਵੱਖ ਐਂਗਲਾਂ ਨਾਲ ਵੇਖ ਕੇ ਤਫਦੀਸ਼ ਕੀਤੀ ਜਾ ਰਹੀ ਹੈ।


author

Inder Prajapati

Content Editor

Related News