ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ: ਗੁਆਂਢੀਆਂ ਦੇ ਝਗੜੇ ’ਚ ਦੋ ਘਰਾਂ ’ਚ ਭੰਨ-ਤੋੜ
Friday, May 15, 2026 - 03:17 AM (IST)
ਜਲੰਧਰ - ਕਬੀਰ ਨਗਰ ਵਿਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਗੁਆਂਢੀਆਂ ਦੇ ਝਗੜੇ ਵਿਚ ਇਕ ਨੌਜਵਾਨ ਨੇ ਆਪਣੇ ਲੱਗਭਗ ਇਕ ਦਰਜਨ ਹਥਿਆਰਬੰਦ ਸਾਥੀਆਂ ਨੂੰ ਬੁਲਾ ਕੇ ਦੋ ਘਰਾਂ ਵਿਚ ਜੰਮ ਕੇ ਭੰਨ-ਤੋੜ ਕੀਤੀ। ਹਮਲਾਵਰਾਂ ਨੇ ਇਕ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ। ਹਮਲਾਵਰ ਨੌਜਵਾਨ ਨੂੰ ਉਸ ਦੇ ਪਰਿਵਾਰ ਵਾਲੇ ਸਮਝਾਉਂਦੇ ਵੀ ਰਹੇ, ਪਰ ਨਸ਼ੇ ਦੀ ਹਾਲਤ ਵਿਚ ਉਕਤ ਨੌਜਵਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਧੱਕਾਮੁੱਕੀ ਕਰ ਕੇ ਉਨ੍ਹਾਂ ਨੂੰ ਘਰ ਅੰਦਰ ਵਾਪਸ ਭੇਜ ਦਿੱਤਾ ਅਤੇ ਫਿਰ ਤੋਂ ਭੰਨ-ਤੋੜ ਵਿਚ ਜੁਟ ਗਿਆ। ਇਸੇ ਦੌਰਾਨ ਅਫਵਾਹ ਫੈਲ ਗਈ ਕਿ ਇਲਾਕੇ ਵਿਚ ਗੋਲੀ ਵੀ ਚੱਲੀ ਹੈ, ਜਿਸ ਤੋਂ ਬਾਅਦ ਥਾਣਾ ਨੰ. 1 ਦੀ ਪੁਲਸ, ਏ. ਐੱਸ. ਪੀ. ਨਾਰਥ ਅਸ਼ੋਕ ਮੀਣਾ ਅਤੇ ਸੀ. ਆਈ. ਏ. ਸਟਾਫ਼ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ।
ਜਾਣਕਾਰੀ ਅਨੁਸਾਰ ਦੋ ਗੁਆਂਢੀਆਂ ਵਿਚ ਕੰਡੋਮ ਸੁੱਟਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਇਕ ਧਿਰ ਦੇ ਨੌਜਵਾਨ ਨੇ ਆਪਣੇ ਸਾਥੀ ਬੁਲਾ ਕੇ ਗੁਆਂਢੀ ਦੇ ਘਰ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉੱਥੇ ਜੰਮ ਕੇ ਖੌਰੂ ਪਾਇਆ। ਗੁਆਂਢ ਦੇ ਦੋ ਘਰਾਂ ’ਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕੀਤਾ ਗਿਆ, ਜਦਕਿ ਸਾਹਮਣੇ ਵਾਲੇ ਘਰ ਦੇ ਸੀ. ਸੀ. ਟੀ. ਵੀ. ਕੈਮਰੇ ਤੱਕ ਤੋੜ ਦਿੱਤੇ ਗਏ। ਨਸ਼ੇ ਵਿਚ ਧੁੱਤ ਨੌਜਵਾਨ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਨੌਜਵਾਨ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਧੱਕੇ ਮਾਰ ਕੇ ਘਰ ਦੇ ਅੰਦਰ ਭੇਜਦਾ ਦਿਖਾਈ ਦਿੱਤਾ। ਗੁੰਡਾਗਰਦੀ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਦੇਰ ਰਾਤ ਪੁਲਸ ਹਮਲਾਵਰਾਂ ਦੀ ਪਛਾਣ ਕਰਨ ਵਿਚ ਜੁਟੀ ਹੋਈ ਸੀ।
