ਜੇਲ੍ਹ ਤੋਂ ਆਇਆ ਕਤਲ ਕੇਸ ਦਾ ਮੁਲਜ਼ਮ ਤੇ ਉਸ ਦਾ ਸਾਥੀ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
Monday, Dec 25, 2023 - 03:14 PM (IST)
ਜਲੰਧਰ (ਮਹੇਸ਼)-ਕਰਾਈਮ ਬਰਾਂਚ ਕਮਿਸ਼ਨਰਰੇਟ ਜਲੰਧਰ ਨੇ ਜੇਲ੍ਹ ਤੋਂ ਆਏ ਕਤਲ ਕੇਸ ਦੇ ਮੁਲਜ਼ਮ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਨਾਜਾਇਜ਼ ਅਸਲਾ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਅਕਾਸ਼ਦੀਪ ਸਿੰਘ ਅਕਾਸ਼ ਪੁੱਤਰ ਹਰਿੰਦਰ ਸਿੰਘ ਵਾਸੀ ਨੱਥੂ ਦੀ ਦੁਕਾਨ ਨੇੜੇ ਮਕਾਨ ਨੰ: 331/6 ਸ਼ਹੀਦ ਬਾਬੂ ਲਾਭ ਸਿੰਘ ਨਗਰ ਦਾਣਾ ਮੰਡੀ ਨੇੜੇ ਵਰਕਸ਼ਾਪ ਚੌਂਕ ਆਪਣੇ ਡੱਬ 'ਚ ਨਾਜਾਇਜ਼ ਹਥਿਆਰ ਛੁਪਾ ਕੇ ਕਿਸੇ ਦੀ ਉਡੀਕ ਕਰ ਰਿਹਾ ਹੈ, ਜਿਸ ’ਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਥੇ ਛਾਪਾ ਮਾਰ ਕੇ ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਕ੍ਰਾਈਮ ਬ੍ਰਾਂਚ ਨੇ ਉਸ ਦੇ ਕਬਜ਼ੇ 'ਚੋਂ 32 ਬੋਰ ਦੇ 2 ਦੇਸੀ ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਹਨ।
ਪੁੱਛਗਿੱਛ ਦੇ ਆਧਾਰ ’ਤੇ ਉਸ ਦੇ ਸਾਥੀ ਗੁਰਵਿੰਦਰ ਸਿੰਘ ਗਿੰਦਾ ਮੱਲੀ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰ: 7ਬੀ ਨਿਊ ਦਸਮੇਸ਼ ਨਗਰ ਜਲੰਧਰ, ਮਾਨ ਨਗਰ ਨੇੜੇ ਵਡਾਲਾ ਚੌਂਕ ਜਲੰਧਰ ਨੂੰ ਵੀ ਕਾਬੂ ਕੀਤਾ ਗਿਆ। ਕ੍ਰਾਈਮ ਬਰਾਂਚ ਨੇ ਉਸ ਕੋਲੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ ਤਿੰਨ ਰੌਂਦ ਬਰਾਮਦ ਕੀਤੇ ਹਨ। ਦੋਵਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 2 ਵਿਚ ਅਸਲਾ ਐਕਟ 25/54/59 ਤਹਿਤ ਮੁਕੱਦਮਾ ਨੰਬਰ 158 ਦਰਜ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।
ਇਹ ਵੀ ਪੜ੍ਹੋ : ਆਈਲੈਟਸ ਪਾਸ 2 ਕੁੜੀਆਂ ਦਾ ਸ਼ਰਮਨਾਕ ਕਾਰਾ, ਪਹਿਲਾਂ ਕੀਤੀ ਕੰਟਰੈਕਟ ਮੈਰਿਜ, ਫਿਰ ਵਿਦੇਸ਼ ਜਾ ਕੇ ਵਿਖਾਏ ਅਸਲੀ ਰੰਗ
22 ਸਾਲਾ ਅਕਾਸ਼ ਵਿਰੁੱਧ 13 ਕੇਸ ਦਰਜ
ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ 22 ਸਾਲਾ ਅਕਾਸ਼ਦੀਪ ਸਿੰਘ ਅਕਾਸ਼ ਅਵਤਾਰ ਨਗਰ ਦੇ ਖ਼ਿਲਾਫ਼ 5 ਜੁਲਾਈ 2020 ਨੂੰ ਥਾਣਾ ਭਾਰਗਵ ਕੈਂਪ ਵਿਖੇ ਨਿਤਿਨ ਡੇਲੋਂ ਦੇ ਕਤਲ ਦੇ ਮਾਮਲੇ ਵਿਚ ਆਈ. ਪੀ. ਸੀ. ਦੀ ਧਾਰਾ 302 ਤਹਿਤ 130 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। 3 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਵਾਪਸ ਆਇਆ ਹੈ। ਆਕਾਸ਼ ਦੀ ਸ਼ਹਿਰ ਦੇ ਕਈ ਅਪਰਾਧਿਕ ਕਿਸਮ ਦੇ ਲੋਕਾਂ ਨਾਲ ਦੁਸ਼ਮਣੀ ਹੋਣ ਕਾਰਨ ਉਹ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖਦਾ ਹੈ। ਸੰਗਰੂਰ ਜੇਲ੍ਹ ਵਿੱਚ ਬੰਦ ਫਤਿਹ ਗੈਂਗਸਟਰ ਨਾਲ ਵੀ ਉਸ ਦੀ ਦੁਸ਼ਮਣੀ ਹੈ।
ਅਕਾਸ਼ ਖਿਲਾਫ ਵੱਖ-ਵੱਖ ਥਾਣਿਆਂ 'ਚ 13 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ 2 ਮਾਮਲੇ ਥਾਣਾ ਸਿਟੀ ਹੁਸ਼ਿਆਰਪੁਰ ਦੇ ਹਨ। 10ਵੀਂ ਜਮਾਤ ਤੱਕ ਪੜ੍ਹੇ ਮੁਲਜ਼ਮ ਆਕਾਸ਼ ਦੇ ਪਿਤਾ ਰੇਤ-ਬੱਜਰੀ ਦੀ ਦੁਕਾਨ 'ਤੇ ਕੰਮ ਕਰਦੇ ਹਨ।
ਗਿੰਦਾ ਮੱਲੀ ਨੇ ਭਰਾ ਦੇ ਕਾਤਲ ਤੋਂ ਬਦਲਾ ਲੈਣ ਲਈ ਰੱਖੇ ਨਾਜਾਇਜ਼ ਹਥਿਆਰ
ਕਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਅਨੁਸਾਰ 35 ਸਾਲਾ ਗੁਰਵਿੰਦਰ ਸਿੰਘ ਗਿੰਦਾ ਮੱਲੀ ਦੇ ਭਰਾ ਜੌਨ ਮੱਲੀ ਦਾ 2013 ’ਚ ਰੌਕੀ ਬਸਤੀ ਬਾਵਾ ਖੇਲ ਨਿਵਾਸੀ ਨੇ ਕਤਲ ਕਰ ਦਿੱਤਾ ਸੀ। ਰੌਕੀ ਤੋਂ ਬਦਲਾ ਲੈਣ ਲਈ ਗਿੰਦਾ ਮੱਲੀ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖਦਾ ਸੀ। ਇਸ ਤੋਂ ਇਲਾਵਾ ਉਸ ਦੀ ਹੋਰ ਲੋਕਾਂ ਨਾਲ ਵੀ ਦੁਸ਼ਮਣੀ ਹੈ। ਗਿੰਦਾ ਮੱਲੀ ਖ਼ਿਲਾਫ਼ ਥਾਣਾ-2, ਥਾਣਾ ਮਕਸੂਦਾਂ, ਥਾਣਾ-5 ਅਤੇ ਥਾਣਾ ਭਾਰਗਵ ਕੈਂਪ ਵਿਚ ਕੇਸ ਦਰਜ ਹਨ। ਉਹ ਕਈ ਵਾਰ ਜੇਲ੍ਹ ਜਾ ਚੁੱਕਾ ਹੈ। ਮੁਲਜ਼ਮ ਅਪਰਾਧ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ ਖੇਤੀ ਕਰਦਾ ਸੀ। ਉਸ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਵਿਆਹਿਆ ਹੋਇਆ ਹੈ।
ਇਹ ਵੀ ਪੜ੍ਹੋ : ਜਲਦੀ ਵਿਆਹ ਕਰਵਾਉਣਾ ਚਾਹੁੰਦਾ ਸੀ ਪ੍ਰੇਮੀ, ਪ੍ਰੇਮਿਕਾ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਰਿਵਾਰ ਦੇ ਵੀ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।