ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ 2 ਗ੍ਰਿਫਤਾਰ

Wednesday, Dec 12, 2018 - 06:35 AM (IST)

ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ 2 ਗ੍ਰਿਫਤਾਰ

ਸੁਲਤਾਨਪੁਰ ਲੋਧੀ, (ਧੀਰ)- ਪੁਲਸ ਨੇ ਪਿੰਡ ਜੱਬੋਵਾਲ ਵਿਖੇ ਆਪਸੀ ਰੰਜਿਸ਼ ਕਾਰਨ ਇਕ ਵਿਅਕਤੀ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ’ਚ ਮੁਕੱਦਮਾ ਨੰ. 317 ’ਚ ਨਾਮਜ਼ਦ ਤਿੰਨ ਮੁਲਜ਼ਮਾਂ ’ਚੋਂ 2 ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। 
 ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਜੱਬੋਵਾਲ ਦੇ ਬੂਟਾ ਸਿੰਘ ਪੁੱਤਰ ਅਵਤਾਰ ਸਿੰਘ ਨੇ ਇਕ ਬਿਆਨ ’ਚ ਕਿਹਾ ਕਿ ਜੱਬੋਵਾਲ ਪਿੰਡ ’ਚ ਉਸਦੇ ਤਾਇਆ ਸੁਰਜੀਤ ਸਿੰਘ ਪੁੱਤਰ ਭਗਤ ਸਿੰਘ ਦੇ ਘਰ ਦੀ ਦੀਵਾਰ ਪਿੰਡ ’ਚ ਰਹਿਣ ਵਾਲੇ ਦੋ ਲਡ਼ਕਿਆਂ ਜਗਦੀਪ ਸਿੰਘ ਤੇ ਗੁਰਦੀਪ ਸਿੰਘ ਤੇ ਇਕ ਅੌਰਤ ਭੋਲੀ ਨੇ ਜ਼ਬਰਦਸਤੀ ਢਾਹ ਕੇ ਉਸ ’ਤੇ ਬਾਥਰੂਮ ਬਣਾ ਲਿਅਾ ਤੇ ਪਾਣੀ ਉਸਦੇ ਤਾਇਆ ਦੇ ਘਰ ਨੂੰ ਮੋਡ਼ ਦਿੱਤਾ, ਜਿਸ ਕਾਰਨ ਮਕਾਨ ਦੀ ਦੀਵਾਰ ਬੈਠ ਗਈ। ਇਸ ਸਬੰਧੀ ਪੰਚਾਇਤ ’ਚ ਸ਼ਿਕਾਇਤ ਕਰਨ ’ਤੇ ਪੰਚਾਇਤ ਵੱਲੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਪਰ ਉਕਤ ਵਿਅਕਤੀਆਂ ’ਤੇ ਇਸਦਾ ਕੋਈ ਅਸਰ ਨਹੀਂ ਹੋਇਆ। 
ਬੀਤੇ ਕੁਝ ਦਿਨ ਪਹਿਲਾਂ ਜਦੋਂ ਉਸਦੇ ਤਾਇਆ ਘਰ ਨਹੀਂ ਸਨ ਤਾਂ ਉਕਤ ਵਿਅਕਤੀਅਾਂ ਨੇ ਬਿਨਾਂ ਦੱਸੇ ਬੂਟਾ ਸਿੰਘ ਦੇ ਘਰ ਦੀ ਕੰਧ ਉੱਪਰੋਂ ਇੱਟਾਂ ਪੁੱਟਣੀਅਾਂ ਸ਼ੁਰੂ ਕਰ ਦਿੱਤੀਆਂ । ਜਦੋਂ  ਬੂਟਾ ਸਿੰਘ ਤੇ ਉਸਦੇ ਪਿਤਾ ਅਵਤਾਰ ਸਿੰਘ ਉਨ੍ਹਾਂ ਨੂੰ ਰੋਕਣ ਗਏ ਤਾਂ ਉਨ੍ਹਾਂ ਗਾਲੀ-ਗਲੋਚ ਤੇ ਧਮਕੀਆਂ ਦਿੱਤੀਅਾਂ ਤੇ ਕੁਝ ਸਮੇਂ ਬਾਅਦ ਉਕਤ ਵਿਅਕਤੀ ਜਗਦੀਪ, ਗੁਰਪ੍ਰੀਤ ਸਿੰਘ ਤੇ ਉਸਦੀ ਮਾਤਾ ਭੋਲੀ ਨੇ ਤੇਜ਼ਧਾਰ ਹਥਿਆਰ ਦਾਤਰ ਨਾਲ  ਬੂਟਾ ਸਿੰਘ ਦੇ ਸਿਰ ’ਚ ਵਾਰ  ਕਰ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਰੌਲਾ ਪੈਣ ’ਤੇ ਗੰਭੀਰ ਰੂਪ ’ਚ ਜ਼ਖਮੀ ਹੋਏ ਬੂਟਾ ਸਿੰਘ ਨੂੰ ਪਿੰਡ ਦੇ ਕੁਝ ਮੋਹਤਬਰ ਸੱਜਣਾਂ ਨੇ ਹਸਪਤਾਲ ਦਾਖਲ ਕਰਵਾਇਆ, ਜਿਸ ਸਬੰਧੀ ਕੇਸ ਦੀ ਜਾਂਚ ਏ. ਐੱਸ. ਆਈ. ਠਾਕੁਰ ਸਿੰਘ ਨੂੰ ਦਿੱਤੀ ਗਈ, ਜਿਸ ਨੇ ਹਸਪਤਾਲ ’ਚ ਗੰਭੀਰ ਰੂਪ ਵਿਚ ਜ਼ਖਮੀ ਬੂਟਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੈਡੀਕਲ ਰਿਪੋਰਟ ’ਤੇ ਉਕਤ ਤਿੰਨੋਂ ਮੁਲਜ਼ਮਾਂ ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਦੋਵੇਂ ਪੁੱਤਰ ਬਲਜਿੰਦਰ ਸਿੰਘ ਤੇ ਭੋਲੀ  ਖਿਲਾਫ ਧਾਰਾ 307, 324, 323, 452, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਕੇਸ ’ਚ ਨਾਮਜ਼ਦ ਲੋਡ਼ੀਂਦੇ ਤਿੰਨ ਮੁਲਜ਼ਮਾਂ ’ਚੋਂ ਦੋ ਭੋਲੀ ਪਤਨੀ ਬਲਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਤੀਸਰੇ ਮੁਲਜ਼ਮ ਜਗਦੀਪ ਸਿੰਘ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ। 
 


Related News