5 ਦਿਨ ਪਹਿਲਾਂ ਉਦਘਾਟਨ ਕੀਤੇ ਟਿਊਬਵੈੱਲ ਦੀਆਂ ਪਾਈਪਾਂ ''ਚੋਂ ਲੀਕੇਜ ਸ਼ੁਰੂ

03/05/2018 12:15:23 PM

ਫਗਵਾੜਾ (ਰੁਪਿੰਦਰ ਕੌਰ)— ਮੁਹੱਲਾ ਗੋਬਿੰਦਪੁਰਾ ਵਾਰਡ ਨੰਬਰ 41 'ਚ ਬੀਤੇ 5 ਦਿਨ ਪਹਿਲਾਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵੱਲੋਂ ਇਕ ਮੋਟਰ ਦਾ ਬਟਨ ਦਬਾ ਕੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਸੀ ਪਰ ਅਗਲੇ ਦਿਨ ਤੋਂ ਹੀ ਲੋਕਾਂ ਵੱਲੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਕਤ ਟਿਊਬਵੈੱਲ ਦੀਆਂ ਜ਼ਿਆਦਾਤਰ ਪਾਈਪਾਂ ਲੀਕ ਕਰ ਰਹੀਆਂ ਹਨ। ਜਿਸ ਕਾਰਨ ਕਈ ਗਲੀਆਂ 'ਚ ਪਾਣੀ ਹੀ ਪਾਣੀ ਹੋਇਆ ਪਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਸੁਖਦੇਵ, ਦਿਲਬਾਗ, ਸੁੱਖੀ ਅਤੇ ਰਾਜੂ ਆਦਿ ਨੇ ਦੱਸਿਆ ਕਿ ਜੋ ਪਾਣੀ ਦੇ ਪਾਈਪ ਗਲੀਆਂ ਵਿਚ ਪਾਏ ਹੋਏ ਹਨ, ਉਹ ਲੀਕ ਕਰਨ ਲੱਗ ਪਏ ਹਨ ਤੇ ਗਲੀਆਂ 'ਚ ਪਾਣੀ ਫੈਲਿਆ ਹੋਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਲੀਆਂ 'ਚ ਖੜ੍ਹੇ ਪਾਣੀ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਕਈ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਟੁੱਟੇ ਹੋਏ ਪਾਈਪ ਠੀਕ ਨਹੀਂ ਕੀਤੇ ਜਾਂਦੇ, ਉਸ ਸਮੇਂ ਤਕ ਮੋਟਰ ਨੂੰ ਬੰਦ ਹੀ ਰਹਿਣ ਦਿੱਤਾ ਜਾਵੇ। ਕਿਉਂਕਿ ਗਲੀਆਂ 'ਚ ਖੜ੍ਹੇ ਪਾਣੀ ਕਾਰਨ ਬੀਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। 
ਕੀ ਕਹਿੰਦੇ ਹਨ ਕੌਂਸਲਰ ਰਵਿੰਦਰ ਰਵੀ 
ਇਸ ਸਬੰਧੀ ਜਦੋਂ ਅਸੀਂ ਵਾਰਡ ਨੰ. 41 ਦੇ ਕੌਂਸਲਰ ਰਵਿੰਦਰ ਰਵੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਾਰਡ ਵਿਚ ਪੀਣ ਵਾਲੇ ਪਾਣੀ ਦੀ ਸੱਮਸਿਆ ਹੈ। ਮੈਂ ਪਿਛਲੇ ਕਈ ਮਹੀਨਿਆਂ ਤੋਂ ਟੈਂਕਰ ਮੰਗਵਾ ਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਵਾ ਰਿਹਾ ਸੀ। ਪੂਰੇ ਵਾਰਡ 41 ਦੇ ਲੋਕਾਂ ਵਿਚ ਬੜਾ ਉਤਸ਼ਾਹ ਸੀ ਕਿ ਮੋਟਰ ਚਾਲੂ ਹੋਣ ਨਾਲ ਪਾਣੀ ਦੀ ਸੱਮਸਿਆ ਦਾ ਹੱਲ ਹੋ ਜਾਵੇਗਾ ਪਰ ਹੁਣ ਲੋਕ ਆਪ ਕਹਿ ਰਹੇ ਹਨ ਕਿ ਮੋਟਰ ਬੰਦ ਹੀ ਰੱਖੋ, ਜਦੋਂ ਤਕ ਪਾਈਪ ਠੀਕ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਇਹ ਗਰੀਬ ਇਲਾਕਾ ਹੈ ਅਤੇ ਲੋਕਾਂ ਦੇ ਘਰਾਂ ਦੀਆਂ ਨੀਂਹਾਂ ਵਿਚ ਪਾਣੀ ਪੈਣ ਨਾਲ ਪਰੇਸ਼ਾਨੀ ਹੋਰ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਮੋਹਨ ਡਿਪੂ ਵਾਲੀ ਸੜਕ ਬਣੇ ਕੁਝ ਸਮਾਂ ਹੀ ਹੋਇਆ ਹੈ, ਉਹ ਸੜਕ ਵੀ ਪਾਣੀ ਦੀ ਲੀਕੇਜ ਕਾਰਨ ਬੈਠ ਗਈ ਹੈ।
ਕੱਲ ਹੀ ਸ਼ਿਕਾਇਤ ਆਈ ਹੈ ਹੱਲ ਜਲਦ ਕਰਾਂਗੇ: ਪ੍ਰਦੀਪ ਚੋਟਾਣੀ
ਪਾਈਪਾਂ ਦੀ ਲੀਕੇਜ ਕਰਨ ਦੀ ਸ਼ਿਕਾਇਤ ਸਬੰਧਿਤ ਅਧਿਕਾਰੀ ਨੂੰ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਵਾਰਡ ਦੇ ਕੌਂਸਲਰ ਰਵਿੰਦਰ ਰਵੀ ਨੇ ਕੀਤੀ ਹੈ ਅਤੇ ਜਦੋਂ ਅਸੀਂ ਅਧਿਕਾਰੀ ਪ੍ਰਦੀਪ ਚੋਟਾਣੀ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੱਲ ਹੀ ਸ਼ਿਕਾਇਤ ਆਈ ਹੈ, ਜਲਦ ਹੱਲ ਕਰਾਂਗੇ। 
ਕੀ ਕਹਿਣਾ ਹੈ ਮੇਅਰ ਖੋਸਲਾ ਦਾ
ਉਕਤ ਮਾਮਲੇ ਸਬੰਧੀ ਜਦੋਂ ਮੇਅਰ ਖੋਸਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਨਾਲ ਗੱਲ ਕਰਨ ਦੀ ਬਜਾਏ ਤੁਸੀਂ ਮਾਨ ਸਾਹਿਬ ਨਾਲ ਗੱਲ ਕਰੋ। ਉਨ੍ਹਾਂ ਨੂੰ ਪੁਛੋ ਕਿ ਸਿਰਫ ਬਟਨ ਦੱਬਣ ਦੀ ਹੀ ਕਾਹਲੀ ਸੀ, ਜਨਤਾ ਦੀਆਂ ਮੁਸ਼ਕਿਲਾਂ ਨੂੰ ਵੀ ਸੁਣ ਲੈਂਦੇ ਉਸ ਦਿਨ। ਮੈਂ ਫਿਰ ਵੀ ਮੁਹੱਲਾ ਵਾਸੀਆਂ ਦੀ ਮੁਸ਼ਕਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ।


Related News