‘ਟਰੱਕ ਵੇਚ ਕੇ ਟਿੱਪਰ ਲਏ ਸੀ, ਲੱਗਦੈ ਹੁਣ ਘਰ ਵਿਕ ਜਾਣਗੇ’

Sunday, Jan 19, 2020 - 08:29 PM (IST)

‘ਟਰੱਕ ਵੇਚ ਕੇ ਟਿੱਪਰ ਲਏ ਸੀ, ਲੱਗਦੈ ਹੁਣ ਘਰ ਵਿਕ ਜਾਣਗੇ’

ਗਡ਼੍ਹਸ਼ੰਕਰ, (ਸ਼ੋਰੀ)- ਪੰਜਾਬ ਸਰਕਾਰ ਨੇ ਜਦੋਂ ਟਰੱਕ ਯੂਨੀਅਨਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਸੀ ਤਾਂ ਟਰੱਕ ਆਪ੍ਰੇਟਰਾਂ ਨੇ ਆਪਣਾ ਕਾਰੋਬਾਰ ਜਾਰੀ ਰੱਖਣ ਲਈ ਟਰੱਕ ਵੇਚ ਕੇ ਟਿੱਪਰ ਖਰੀਦ ਕੇ ਨਵਾਂ ਕੰਮ-ਧੰਦਾ ਸ਼ੁਰੂ ਕੀਤਾ ਸੀ। ਟਿੱਪਰ ਆਪ੍ਰੇਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਿਮਾਚਲ ਤੋਂ ਪੰਜਾਬ ਰੇਤ-ਬੱਜਰੀ ਲਿਆਉਣ ਦਾ ਕੰਮ ਮਿਲਣ ਲੱਗ ਪਿਆ ਸੀ ਕਿਉਂਕਿ ਪੰਜਾਬ ਵਿਚ ਰੇਤ-ਬੱਜਰੀ ਦੀਆਂ ਖੱਡਾਂ ਵਿਚੋਂ ਮਾਲ ਕੱਢਣ ’ਤੇ ਰੋਕ ਸੀ।

ਟਿੱਪਰ ਆਪ੍ਰੇਟਰ ਕਮਲਜੀਤ ਸਿੰਘ, ਬਲਵਿੰਦਰ ਸਿੰਘ, ਕਮਲ, ਪਵਨ, ਜੋਗਿੰਦਰ ਸਿੰਘ, ਸਰਬਜੀਤ, ਕੈਲਾਸ਼, ਬਲਵੀਰ, ਲਹਿੰਬਰ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਟਿੱਪਰ ਬੈਂਕ ਲੋਨ ’ਤੇ ਹਨ ਅਤੇ ਘਰ ਗਹਿਣੇ ਰੱਖ ਕੇ ਉਨ੍ਹਾਂ ਲੋਨ ਲਿਆ ਹੋਇਆ ਹੈ। ਉਕਤ ਅਨੁਸਾਰ ਜਿਸ ਤਰ੍ਹਾਂ ਰੇਤ-ਬੱਜਰੀ ਦੇ ਕਾਰੋਬਾਰ ਸਬੰਧੀ ਕਦੇ ਠੇਕੇਦਾਰਾਂ ਦੀ ਪਰਚੀ, ਕਦੇ ਕੰਡੇ ਲੱਗਣ ਕਾਰਣ ਹੋਣ ਵਾਲੀ ਪ੍ਰੇਸ਼ਾਨੀ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ, ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਜਿਵੇਂ ਉਨ੍ਹਾਂ ਦਾ ਟਰੱਕਾਂ ਦਾ ਕਾਰੋਬਾਰ ਬੰਦ ਹੋ ਗਿਆ ਸੀ, ਕਿਤੇ ਉਸੇ ਤਰ੍ਹਾਂ ਹੁਣ ਉਨ੍ਹਾਂ ਦੇ ਟਿੱਪਰ ਵੀ ਨਾ ਖੜ੍ਹ ਜਾਣ। ਉਨ੍ਹਾਂ ਵਿਚ ਭਵਿੱਖ ਨੂੰ ਲੈ ਕੇ ਬਡ਼ੀ ਬੇਚੈਨੀ ਹੈ ਅਤੇ ਆਰਥਕ ਸੰਕਟ ਦਾ ਡਰ ਉਨ੍ਹਾਂ ਨੂੰ ਸਤਾਉਣ ਲੱਗ ਪਿਆ ਹੈ।

ਪੰਜਾਬ ’ਚ ਕਾਂਗਰਸ ਜਾਂ ਗੁੰਡਾ ਮਾਫੀਆ ਸਰਕਾਰ? : ਠੇਕੇਦਾਰ

ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਸੂਬੇ ਵਿਚ ਕਹਿਣ ਨੂੰ ਤਾਂ ਕਾਂਗਰਸ ਦੀ ਸਰਕਾਰ ਹੈ ਪਰ ਅਸਲ ਵਿਚ ਸੂਬੇ ਨੂੰ ਗੁੰਡਾ ਮਾਫੀਆ ਚਲਾ ਰਿਹਾ ਹੈ, ਜਿਸ ਦੀ ਮਿਸਾਲ ਇਹ ਹੈ ਕਿ ਰੋਪਡ਼ ਜ਼ਿਲੇ ਵਿਚ ਕਰੈਸ਼ਰ ਚਲਾਉਣ ਵਾਲੇ ਲੋਕਾਂ ਨੇ ਹਾਲ ਹੀ ਵਿਚ ਮਾਈਨਿੰਗ ਦੀ ਗੁੰਡਾ ਪਰਚੀ ਖ਼ਿਲਾਫ਼ ਜਦੋਂ ਆਪਣਾ ਰੋਸ ਧਰਨਾ ਦਿੱਤਾ ਤਾਂ ਸਰਕਾਰ ਨੇ ਜਬਰੀ ਪਰਚੀ ਕੱਟਣ ਵਾਲਿਆਂ ਖਿਲਾਫ਼ ਕੇਸ ਦਰਜ ਕਰਨ ਦੀ ਬਜਾਏ ਉਲਟਾ ਕਰੈਸ਼ਰ ਆਪ੍ਰੇਟਰਾਂ ਨੂੰ ਦੂਸਰੀ ਧਿਰ ਨਾਲ ਗੱਲਬਾਤ ਕਰ ਕੇ ਮਾਮਲਾ ਨਿਪਟਾ ਲੈਣ ਨੂੰ ਕਿਹਾ। ਠੇਕੇਦਾਰ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਮਾਪਦੰਡ ਪੂਰੇ ਨਾ ਕਰਨ ਕਾਰਣ ਜਦੋਂ ਰੋਪਡ਼ ਜ਼ਿਲੇ ਦੀ ਕਿਸੇ ਵੀ ਖੱਡ ਤੋਂ ਖੋਦਾਈ ਨਹੀਂ ਹੋ ਸਕਦੀ ਤਾਂ ਫਿਰ ਪੰਜਾਬ ਦੇ ਮਾਈਨਿੰਗ ਠੇਕੇਦਾਰ ਕਿਸ ਤਰਜ਼ ’ਤੇ ਕਰੈਸ਼ਰ ਆਪ੍ਰੇਟਰਾਂ ਤੋਂ ਰਾਇਲਟੀ ਦੀ ਮੰਗ ਕਰ ਰਹੇ ਹਨ।


author

Bharat Thapa

Content Editor

Related News