ਨਗਰ ਨਿਗਮ ਦੀ ਵੱਡੀ ਉਪਲੱਬਧੀ, 23 ਅਪ੍ਰੈਲ ਨੂੰ ਜਲੰਧਰ ''ਚ ਲੱਗੇਗਾ ਇਹ ਪਲਾਂਟ, ਘੱਟ ਹੋਣਗੇ ਕੂੜੇ ਦੇ ਪਹਾੜ

Wednesday, Apr 16, 2025 - 03:34 PM (IST)

ਨਗਰ ਨਿਗਮ ਦੀ ਵੱਡੀ ਉਪਲੱਬਧੀ, 23 ਅਪ੍ਰੈਲ ਨੂੰ ਜਲੰਧਰ ''ਚ ਲੱਗੇਗਾ ਇਹ ਪਲਾਂਟ, ਘੱਟ ਹੋਣਗੇ ਕੂੜੇ ਦੇ ਪਹਾੜ

ਜਲੰਧਰ (ਖੁਰਾਣਾ)–ਸ਼ਹਿਰ ਵਿਚ ਵੈਸਟ ਵਿਧਾਨ ਸਭਾ ਹਲਕੇ ਤਹਿਤ ਆਉਂਦੇ ਵਰਿਆਣਾ ਡੰਪ ’ਤੇ 32 ਕਰੋੜ ਰੁਪਏ ਦੀ ਲਾਗਤ ਨਾਲ ਲਾਏ ਜਾ ਰਹੇ ਬਾਇਓ-ਮਾਈਨਿੰਗ ਪਲਾਂਟ ਦਾ ਟਰਾਇਲ ਸ਼ੁਰੂ ਹੋ ਚੁੱਕਾ ਹੈ। ਇਸ ਪਲਾਂਟ ਦਾ ਉਦਘਾਟਨ ਇਕ ਹਫਤੇ ਬਾਅਦ ਯਾਨੀ 23 ਅਪ੍ਰੈਲ ਨੂੰ ਹੋਵੇਗਾ। ਹਾਲਾਂਕਿ ਇਸ ਪ੍ਰਾਜੈਕਟ ਨੂੰ ਜਲੰਧਰ ਨਿਗਮ ਇਕ ਉਪਲੱਬਧੀ ਮੰਨ ਕੇ ਚੱਲ ਰਿਹਾ ਹੈ ਕਿ ਪਰ ਫਿਰ ਵੀ ਇਹ ਪਲਾਂਟ ਸ਼ਹਿਰ ਦੀ ਕੂੜੇ ਸਬੰਧੀ ਸਮੱਸਿਆ ਦਾ ਪੂਰਨ ਹੱਲ ਨਹੀਂ ਕਰ ਪਾਵੇਗਾ ਕਿਉਂਕਿ ਵਰਿਆਣਾ ਡੰਪ ’ਤੇ ਮੌਜੂਦ 15 ਲੱਖ ਟਨ ਕੂੜੇ ਵਿਚੋਂ ਸਿਰਫ਼ 8 ਲੱਖ ਟਨ ਕੂੜੇ ਨੂੰ ਹੀ ਪ੍ਰੋਸੈੱਸ ਕਰਨ ਦਾ ਟੈਂਡਰ ਦਿੱਤਾ ਗਿਆ ਹੈ। ਇੰਨਾ ਜ਼ਰੂਰ ਹੈ ਕਿ ਪਲਾਂਟ ਚਾਲੂ ਹੋਣ ਨਾਲ ਵਰਿਆਣਾ ਡੰਪ ’ਤੇ ਕੂੜੇ ਦੇ ਦਿਸ ਰਹੇ ਪਹਾੜ ਘੱਟ ਹੋਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਨਾਕ ਘਟਨਾ, ਗ੍ਰੰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਲਾਹੀ ਪੱਗ ਤੇ ...

ਖ਼ਾਸ ਗੱਲ ਇਹ ਹੈ ਕਿ ਇਸ ਪ੍ਰਾਜੈਕਟ ਵਿਚ ਪਹਿਲਾਂ ਹੀ ਕਾਫ਼ੀ ਦੇਰੀ ਹੋ ਚੁੱਕੀ ਹੈ ਪਰ ਹੁਣ ਵੀ ਜੇਕਰ ਇਹ ਪੂਰੀ ਕੈਪੇਸਿਟੀ ਨਾਲ ਚੱਲੇਗਾ, ਇਸ ਨੂੰ ਲੈ ਕੇ ਵੀ ਸ਼ੰਕੇ ਪ੍ਰਗਟਾਏ ਜਾ ਰਹੇ ਹਨ ਕਿਉਂਕਿ ਮੰਨਿਆ ਜਾਂਦਾ ਹੈ ਕਿ ਜਲੰਧਰ ਵਿਚ ਵਧੇਰੇ ਪ੍ਰਾਜੈਕਟ ਨਿਗਮ ਅਧਿਕਾਰੀਆਂ ਦਾ ਸਹਿਯੋਗ ਨਾ ਮਿਲਣ ਕਾਰਨ ਅਕਸਰ ਲਟਕ ਜਾਂਦੇ ਹਨ।

ਬਾਕੀ 7 ਲੱਖ ਟਨ ਕੂੜਾ ਕਦੋਂ ਪ੍ਰੋਸੈੱਸ ਹੋਵੇਗਾ, ਫਿਲਹਾਲ ਕੋਈ ਯੋਜਨਾ ਨਹੀਂ
ਨਗਰ ਨਿਗਮ ਨੇ ਬਾਇਓ-ਮਾਈਨਿੰਗ ਲਈ ਜੋ ਟੈਂਡਰ ਜਾਰੀ ਕੀਤਾ, ਉਸ ਵਿਚ ਸਿਰਫ 8 ਲੱਖ ਟਨ ਪੁਰਾਣੇ ਕੂੜੇ ਨੂੰ ਪ੍ਰੋਸੈੱਸ ਕਰਨ ਦੀ ਯੋਜਨਾ ਹੈ। ਵਰਿਆਣਾ ਡੰਪ ’ਤੇ ਬਾਕੀ 7 ਲੱਖ ਟਨ ਕੂੜੇ ਦੇ ਨਿਪਟਾਰੇ ਲਈ ਅਜੇ ਕੋਈ ਠੋਸ ਯੋਜਨਾ ਨਹੀਂ ਬਣਾਈ ਗਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਪਹਿਲਾਂ ਹੀ ਕੂੜਾ ਦੀ ਪ੍ਰੋਸੈਸਿੰਗ ਵਿਚ ਦੇਰੀ ਲਈ ਜਲੰਧਰ ਨਗਰ ਨਿਗਮ ’ਤੇ ਕਰੋੜਾਂ ਦਾ ਜੁਰਮਾਨਾ ਲਗਾ ਚੁੱਕਾ ਹੈ। ਟੈਂਡਰ ਲੈਣ ਵਾਲੀ ਕੰਪਨੀ ਅਨੁਸਾਰ ਪਲਾਂਟ ਸਥਾਪਤ ਹੋਣ ਤੋਂ ਬਾਅਦ 26 ਮਹੀਨਿਆਂ ਵਿਚ 8 ਲੱਖ ਟਨ ਕੂੜੇ ਨੂੰ ਪ੍ਰੋਸੈੱਸ ਕੀਤਾ ਜਾਵੇਗਾ। ਇਸ ਤਰ੍ਹਾਂ 2-ਢਾਈ ਸਾਲ ਬਾਅਦ ਵੀ ਵਰਿਆਣਾ ਡੰਪ ’ਤੇ 7 ਲੱਖ ਟਨ ਪੁਰਾਣਾ ਕੂੜਾ ਬਚਿਆ ਰਹੇਗਾ। ਇੰਨਾ ਹੀ ਨਹੀਂ ਇਨ੍ਹਾਂ ਦੋ-ਢਾਈ ਸਾਲਾਂ ਵਿਚ ਸ਼ਹਿਰ ਵਿਚੋਂ ਪ੍ਰਤੀ ਦਿਨ ਆਉਣ ਵਾਲਾ ਲੱਗਭਗ 400 ਟਨ ਨਵਾਂ ਕੂੜਾ ਡੰਪ ’ਤੇ ਪਹੁੰਚੇਗਾ, ਜਿਸ ਨਾਲ ਕੂੜੇ ਦੀ ਮਾਤਰਾ 10 ਲੱਖ ਟਨ ਤਕ ਹੋ ਸਕਦੀ ਹੈ।

ਇਹ ਵੀ ਪੜ੍ਹੋ:  ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਜਾਰੀ, ਇਨ੍ਹਾਂ ਲਈ ਵਧੀ ਮੁਸੀਬਤ

ਖ਼ਾਸ ਗੱਲ ਇਹ ਹੈ ਕਿ ਸ਼ਹਿਰ ਵਿਚੋਂ ਹਰ ਰੋਜ਼ ਨਿਕਲਣ ਵਾਲੇ 500 ਟਨ ਕੂੜੇ ਵਿਚੋਂ ਸਿਰਫ਼ ਥੋੜ੍ਹਾ ਜਿਹਾ ਹਿੱਸਾ ਹੀ ਪ੍ਰੋਸੈੱਸ ਹੋ ਪਾਉਂਦਾ ਹੈ। ਬਾਕੀ ਕੂੜਾ ਵਰਿਆਣਾ ਡੰਪ ’ਤੇ ਜਮ੍ਹਾ ਹੁੰਦਾ ਹੈ। ਨਵੇਂ ਕੂੜੇ ਦੀ ਪ੍ਰੋਸੈਸਿੰਗ ਲਈ ਨਗਰ ਨਿਗਮ ਕੋਲ ਕੋਈ ਖਾਸ ਯੋਜਨਾ ਨਹੀਂ ਹੈ ਅਤੇ ਮੌਜੂਦਾ ਯੋਜਨਾਵਾਂ ਵਿਚ ਵੀ ਕਈ ਅੜਚਨਾਂ ਆ ਸਕਦੀਆਂ ਹਨ।

ਪਲਾਂਟ ਤਕ ਆਉਣ-ਜਾਣ ਵਾਲੇ ਰਸਤਿਆਂ ਨੂੰ ਲੈ ਕੇ ਆਵੇਗੀ ਸਮੱਸਿਆ
ਪਲਾਂਟ ਤਕ ਪਹੁੰਚਣ ਦਾ ਰਸਤਾ ਪਿੰਡ ਵਰਿਆਣਾ ਤੋਂ ਹੋ ਕੇ ਜਾਂਦਾ ਹੈ, ਜੋ ਕਾਫ਼ੀ ਤੰਗ ਹੈ। ਵੱਡੀਆਂ ਗੱਡੀਆਂ ਦੀ ਆਵਾਜਾਈ ਨਾਲ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਜੇਕਰ ਨਗਰ ਨਿਗਮ ਨੇ ਡੰਪ ਦੇ ਵਿਚਕਾਰ ਬਦਲਵਾਂ ਰਸਤਾ ਨਾ ਬਣਾਇਆ ਤਾਂ ਪਿੰਡ ਵਾਲੇ ਵੱਡੇ ਵਾਹਨਾਂ ਨੂੰ ਰੋਕ ਸਕਦੇ ਹਨ। ਵੈਸੇ ਨਿਗਮ ਡੰਪ ਦੇ ਵਿਚਕਾਰੋਂ ਰਸਤਾ ਬਣਾ ਚੁੱਕਾ ਹੈ ਪਰ ਬਰਸਾਤ ਦੇ ਸੀਜ਼ਨ ਵਿਚ ਇਸ ਨੂੰ ਲੈ ਕੇ ਸਮੱਸਿਆ ਆ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਬਾਇਓ-ਮਾਈਨਿੰਗ ਪਲਾਂਟ ਦੀ ਸ਼ੁਰੂਆਤ ਇਕ ਹਾਂ-ਪੱਖੀ ਕਦਮ ਹੈ ਪਰ ਇਹ ਸ਼ਹਿਰ ਦੀ ਕੂੜੇ ਦੀ ਸਮੱਸਿਆ ਦਾ ਪੂਰਨ ਹੱਲ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤਕ ਨਵੇਂ ਕੂੜੇ ਦੀ ਮੈਨੇਜਮੈਂਟ ਅਤੇ ਬਾਕੀ ਪੁਰਾਣੇ ਕੂੜੇ ਦੇ ਨਿਪਟਾਰੇ ਦੀ ਠੋਸ ਯੋਜਨਾ ਨਹੀਂ ਬਣੇਗੀ, ਉਦੋਂ ਤਕ ਜਲੰਧਰ ਦੀ ਕੂੜੇ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹੇਗੀ।

ਇਹ ਵੀ ਪੜ੍ਹੋ:  ਬੰਬਾਂ ਵਾਲੇ ਬਿਆਨ 'ਤੇ ਵਿਵਾਦਾਂ 'ਚ ਘਿਰੇ ਪ੍ਰਤਾਪ ਬਾਜਵਾ ਦੇ ਮਾਮਲੇ 'ਚ ਹਾਈਕੋਰਟ ਵੱਲੋਂ ਸਖ਼ਤ ਹੁਕਮ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News