ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਦੋ ਟਰੈਵਲ ਏਜੰਟਾਂ ਨੂੰ ਕਾਬੂ ਕਰਕੇ 14 ਪਾਸਪੋਰਟ ਕੀਤੇ ਬਰਾਮਦ

Saturday, Jul 28, 2018 - 06:19 PM (IST)

ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਦੋ ਟਰੈਵਲ ਏਜੰਟਾਂ ਨੂੰ ਕਾਬੂ ਕਰਕੇ 14 ਪਾਸਪੋਰਟ ਕੀਤੇ ਬਰਾਮਦ

ਫਗਵਾੜਾ (ਹਰਜੋਤ)— ਕਪੂਰਥਲਾ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪੈਸੇ ਠੱਗਣ ਵਾਲੇ ਟਰੈਵਲ ਏਜੰਟਾ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਸ਼ਨੀਵਾਰ ਸਿਟੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲਾਇਸੈਂਸ ਤੋਂ ਬਿਨਾਂ ਇਕ ਟਰੈਵਲ ਏਜੰਸੀ ਜਾ ਰਹੇ ਦੋ ਟਰੈਵਲ ਏਜੰਟਾਂ ਨੂੰ ਪੁਲਸ ਨੇ ਕਾਬੂ ਕਰਕੇ ਉਨ੍ਹਾਂ ਤੋਂ 14 ਪਾਸਪੋਰਟ ਬਰਾਮਦ ਕੀਤੇ। ਪੁਲਸ ਨੇ ਦੋਹਾਂ ਖਿਲਾਫ ਧਾਰਾ 420, 12 ਪਾਸਪੋਰਟ ਐਕਟ 1976, 13 ਪੀ. ਟੀ. ਪੀ. ਆਰ. ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ, ਏ. ਐੱਸ. ਪੀ. ਸੰਦੀਪ ਮਲਿਕ ਅਤੇ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਟਰੈਵਲ ਏਜੰਟਾਂ ਨੇ ਇਕ ਜਾਅਲੀ ਟਰੈਵਲ ਏਜੰਸੀ ਸਿਮਰਨ ਇੰਟਰਪ੍ਰਾਈਜ਼ ਦੇ ਨਾਮ 'ਤੇ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਲਾਇਸੈਂਸੀ ਕੰਪਨੀ ਦੱਸ ਕੇ ਆਪਣੇ ਜਾਲ 'ਚ ਫਸਾਇਆ। ਇਸ ਤੋਂ ਬਾਅਦ ਬਾਹਰ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਵੱਡੀ ਰਕਮ ਠੱਗ ਲੈਂਦੇ ਸਨ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਆਂ ਨੂੰ ਏ. ਐੱਸ. ਆਈ. ਸੁਖਵਿੰਦਰ ਸਿੰਘ ਦੀ ਅਗਵਾਈ 'ਚ ਕਾਬੂ ਕਰਕੇ ਉਨ੍ਹਾਂ ਪਾਸੋਂ 14 ਪਾਸਪੋਰਟ ਬਰਾਮਦ ਕੀਤੇ ਹਨ। ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਬਿੱਕਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਗਲੀ ਨੰਬਰ 5-ਬੀ ਫੈਰਡ ਕਾਲੋਨੀ ਤਾਰੂ ਕਾ ਵਾੜਾ ਥਾਣਾ ਸਿਟੀ ਅਤੇ ਅਮਰਜੀਤ ਸਿੰਘ ਪੁੱਤਰ ਗਰੀਬ ਦਾਸ ਵਾਸੀ ਸਲਾਰਪੁਰ ਥਾਣਾ ਜਮਸ਼ੇਰ ਜ਼ਿਲਾ ਜਲੰਧਰ ਵਜੋਂ ਹੋਈ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀਆਂ ਨੇ ਕਈ ਲੋਕਾਂ ਦੇ ਪਾਸਪੋਰਟ ਰੱਖੇ ਹੋਏ ਹਨ। ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਵੱਲੋਂ ਰੇਡ ਕੀਤੀ ਗਈ ਅਤੇ ਇਹ ਬਰਾਮਦੀ ਹੋਈ। ਉਕਤ ਦੋਸ਼ੀਆਂ ਨੂੰ ਪੁਲਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਅਦਾਲਤ ਵੱਲੋਂ ਇਨ੍ਹਾਂ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ ਗਿਆ ਹੈ। 
65 ਹਜ਼ਾਰ ਤੋਂ ਲੈ ਕੇ 1 ਲੱਖ 20 ਹਜ਼ਾਰ ਤੱਕ ਦੀ ਵਸੂਲਦੇ ਸਨ ਰਕਮ: ਐੱਸ. ਐੱਚ. ਓ
ਐੱਸ. ਐੱਚ. ਓ. ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਲੋਕਾਂ ਨੂੰ ਜੋਰਡਨ, ਕਤਰ ਅਤੇ ਦੁਬਈ ਭੇਜਣ ਦਾ ਮੁੱਖ ਕੰਮ ਕਰਦੇ ਸਨ ਅਤੇ 65 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 20 ਹਜ਼ਾਰ ਰੁਪਏ ਤੱਕ ਦੀ ਰਕਮ ਲੋਕਾਂ ਪਾਸੋਂ ਵਸੂਲ ਲੈਂਦੇ ਸਨ।


Related News