ਟਰਾਂਸਪੋਰਟ ਨਗਰ ’ਚ ਟਰੱਕ ਦੀ ਲਪੇਟ ’ਚ ਆਈ ਬਜ਼ੁਰਗ ਔਰਤ, ਦਰਦਨਾਕ ਮੌਤ
Thursday, Jan 28, 2021 - 11:10 AM (IST)

ਜਲੰਧਰ (ਵਰੁਣ)– ਟਰਾਂਸਪੋਰਟ ਨਗਰ ਵਿਚ ਟਰਨ ਲੈਂਦੇ ਹੋਏ ਬਾਈਕ ਦੇ ਪਿੱਛੇ ਬੈਠੀ ਬਜ਼ੁਰਗ ਔਰਤ ਟਰੱਕ ਦੀ ਲਪੇਟ ਵਿਚ ਆ ਗਈ। ਟਰੱਕ ਦਾ ਅਗਲਾ ਟਾਇਰ ਔਰਤ ਦੇ ਸਰੀਰ ’ਤੇ ਰੁਕ ਗਿਆ ਅਤੇ ਤੜਫਦੇ ਹੋਏ ਔਰਤ ਨੇ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਵਾਲਾ ਵੀ ਔਰਤ ਦੇ ਉਪਰ ਹੀ ਟਾਇਰ ਚੜ੍ਹਿਆ ਛੱਡ ਕੇ ਫਰਾਰ ਹੋ ਗਿਆ ਪਰ ਲੋਕਾਂ ਨੇ ਇਕੱਠੇ ਹੋ ਕੇ ਟਰੱਕ ਨੂੰ ਧੱਕਾ ਮਾਰ ਕੇ ਲਾਸ਼ ਨੂੰ ਬਾਹਰ ਕੱਢਿਆ। ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਨੰਬਰ 8 ਦੇ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਦਮ ਤੋੜਨ ਵਾਲੀ ਔਰਤ ਦੀ ਪਛਾਣ ਪਰਮਜੀਤ ਕੌਰ ਪਤਨੀ ਗੁਲਜਾਰ ਸਿੰਘ ਵਾਸੀ ਨੰਗਲ ਸਲੇਮਪੁਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪਰਮਜੀਤ ਕੌਰ ਆਪਣੇ ਰਿਸ਼ਤੇਦਾਰ ਨਾਲ ਬਾਈਕ ’ਤੇ ਮਕਸੂਦਾਂ ਤੋਂ ਟਰਾਂਸਪੋਰਟ ਨਗਰ ਵੱਲ ਆ ਰਹੀ ਸੀ। ਜਿਵੇਂ ਹੀ ਉਨ੍ਹਾਂ ਦਾ ਬਾਈਕ ਟਰਾਂਸਪੋਰਟ ਨਗਰ ਵੱਲ ਟਰਨ ਹੋਇਆ ਤਾਂ ਅਚਾਨਕ ਇਕ ਟਰੱਕ ਨੇ ਵੀ ਮੁੜਦੇ ਹੋਏ ਬਾਈਕ ਨੂੰ ਟੱਕਰ ਮਾਰ ਦਿੱਤੀ। ਬਾਈਕ ਦੇ ਪਿੱਛੇ ਬੈਠੀ ਪਰਮਜੀਤ ਕੌਰ ਟਰੱਕ ਦੇ ਅੱਗੇ ਆ ਡਿੱਗੀ ਅਤੇ ਟਰੱਕ ਦੇ ਕੰਡਕਟਰ ਸਾਈਡ ਵਾਲਾ ਟਾਇਰ ਪਰਮਜੀਤ ਉੱਪਰ ਚੜ੍ਹ ਗਿਆ।
ਰੌਲਾ ਪੈਣ ’ਤੇ ਟਰੱਕ ਚਾਲਕ ਨੇ ਉਸੇ ਸਮੇਂ ਬ੍ਰੇਕ ਲਗਾ ਦਿੱਤੀ ਅਤੇ ਖੁਦ ਫਰਾਰ ਹੋ ਗਿਆ। ਟਰੱਕ ਦਾ ਟਾਇਰ ਪਰਮਜੀਤ ਕੌਰ ਦੇ ਉਪਰ ਹੀ ਰਹਿ ਗਿਆ ਸੀ, ਜਿਸ ਕਾਰਨ ਉਸ ਨੇ ਵੇਖਦੇ ਹੀ ਵੇਖਦੇ ਦਮ ਤੋੜ ਦਿੱਤਾ। ਮੌਕੇ ’ਤੇ ਪਹੁੰਚੀ ਥਾਣਾ ਨੰਬਰ 8 ਦੀ ਪੁਲਸ ਨੇ ਪਰਮਜੀਤ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਏ. ਐੱਸ. ਆਈ. ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।