ਸ਼ਹਿਰ ਵਿਚ ਬਿਨਾਂ ਨੰਬਰ ਪਲੇਟਾਂ ਦੇ ਦੌੜਾਏ ਜਾ ਰਹੇ ਆਟੋਜ਼, ਪੁਲਸ ਬੇਖਬਰ

02/06/2020 6:05:48 PM

ਜਲੰਧਰ (ਵਰੁਣ)— ਸ਼ਹਿਰ ਵਿਚ ਕੁਝ ਮਾਫੀਆ ਵਾਲੇ ਆਪਣਾ ਮਾਫੀਆ ਚਲਾ ਰਹੇ ਹਨ। ਇਨ੍ਹਾਂ ਨੂੰ ਨਾ ਤਾਂ ਟ੍ਰੈਫਿਕ ਪੁਲਸ ਦਾ ਡਰ ਹੈ ਤੇ ਨਾ ਹੀ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਸ਼ਹਿਰ ਵਿਚ ਬਿਨਾਂ ਨੰਬਰ ਪਲੇਟਾਂ ਦੇ ਆਟੋਜ਼ ਦੌੜਾਏ ਜਾ ਰਹੇ ਹਨ ਪਰ ਟ੍ਰੈਫਿਕ ਪੁਲਸ ਇਸ ਤੋਂ ਬੇਖਬਰ ਹੈ। ਕੁਝ ਸਮੇਂ ਤੋਂ ਟ੍ਰੈਫਿਕ ਪੁਲਸ ਨੇ ਆਊਟ ਆਫ ਰੂਟ ਵਾਲੇ ਆਟੋਜ਼ ਦੇ ਚਲਾਨ ਕੱਟੇ ਤੇ ਇੰਪਾਊਂਡ ਕਰਨਾ ਸ਼ੁਰੂ ਕੀਤਾ ਤਾਂ ਕੁਝ ਆਟੋਜ਼ ਵਾਲਿਆਂ ਨੇ ਨੰਬਰ ਪਲੇਟ ਤੋਂ ਰਜਿਸਟ੍ਰੇਸ਼ਨ ਨੰਬਰ ਹੀ ਮਿਟਾਉਣਾ ਸ਼ੁਰੂ ਕਰ ਦਿੱਤਾ ਸੀ। ਟ੍ਰੈਫਿਕ ਪੁਲਸ ਅਜਿਹੇ 100 ਆਟੋਜ਼ ਦੇ ਚਲਾਨ ਕੱਟ ਚੁੱਕੀ ਹੈ ਜੋ ਆਊਟ ਆਫ ਰੂਟ ਦੇ ਸਿਟੀ ਵਿਚ ਚੱਲ ਰਹੇ ਸਨ। 

ਇਸ ਦੇ ਬਾਵਜੂਦ ਬਿਨਾਂ ਕਿਸੇ ਡਰ ਦੇ ਸ਼ਹਿਰ ਵਿਚ ਬਿਨਾਂ ਨੰਬਰ ਵਾਲੇ ਆਟੋਜ਼ ਚੱਲ ਰਹੇ ਹਨ ਜੋ ਸ਼ਹਿਰ ਦੀ ਸਕਿਓਰਿਟੀ ਲਈ ਖਤਰਾ ਬਣ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਬਿਨਾਂ ਨੰਬਰ ਪਲੇਟਾਂ ਦੇ ਚੱਲ ਰਹੇ ਆਟੋਜ਼ ਜੇਕਰ ਨਾਕੇ 'ਤੇ ਪਹੁੰਚ ਜਾਣ ਤਾਂ ਟ੍ਰੈਫਿਕ ਪੁਲਸ ਦੀ ਨਜ਼ਰ ਤੋਂ ਬਚਣ ਲਈ ਸੜਕ 'ਤੇ ਬਿਨਾਂ ਦੇਖੇ ਹੀ ਆਟੋ ਮੋੜ ਲੈਂਦੇ ਹਨ ਜਿਸ ਨਾਲ ਐਕਸੀਡੈਂਟ ਵੀ ਹੋ ਸਕਦਾ ਹੈ। ਜ਼ਿਆਦਾਤਰ ਅਜਿਹੇ ਆਟੋ ਨਹਿਰੂ ਗਾਰਡਨ ਸਕੂਲ 'ਚ ਛੁੱਟੀ ਦੇ ਸਮੇਂ ਖੜ੍ਹੇ ਹੁੰਦੇ ਹਨ। ਬਿਨਾਂ ਨੰਬਰ ਪਲੇਟਾਂ ਦੇ ਚੱਲ ਰਹੇ ਆਟੋਜ਼ ਦੀ ਵੀਡੀਓ ਫੇਸਬੁੱਕ 'ਤੇ ਬਣੇ ਨੋਟਿਸ ਬੋਰਡ ਵਿਚ ਇਕ ਜਾਗਰੂਕ ਨਾਗਰਿਕ ਵਲੋਂ ਅਪਡੇਟ ਕੀਤੀ ਗਈ ਸੀ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਨੰਬਰ ਪਲੇਟ ਦੇ ਆਟੋ ਚੱਲ ਰਹੇ ਹਨ ਤਾਂ ਟ੍ਰੈਫਿਕ ਪੁਲਸ ਦੀਆਂ ਵੱਖ-ਵੱਖ ਟੀਮਾਂ ਨੂੰ ਅਜਿਹੇ ਆਟੋਜ਼ ਨੂੰ ਇੰਪਾਊਂਡ ਕਰਨ ਕਰਨ ਦੇ ਹੁਕਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਪਹਿਲਾਂ ਹੀ ਪ੍ਰਦੂਸ਼ਣ ਫੈਲਾਉਣ ਵਾਲੇ, ਓਵਰਲੋਡ, ਬਿਨਾਂ ਨੰਬਰ ਤੇ ਆਊਟ ਆਫ ਰੂਟ ਵਾਲੇ ਆਟੋਜ਼ ਦੇ ਚਲਾਨ ਕੱਟ ਰਹੀ ਹੈ ਪਰ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਸਕੂਲ ਦੇ ਬਾਹਰ ਖੜ੍ਹੇ ਹੋਣ ਵਾਲੇ ਆਟੋ ਚਾਲਕ ਜ਼ਿਆਦਾਤਰ ਨਾਬਾਲਗ
ਨਹਿਰੂ ਗਾਰਡਨ ਸਕੂਲ ਦੀਆਂ ਵਿਦਿਆਰਥਣਾਂ ਨੂੰ ਘਰ ਤੱਕ ਛੱਡਣ ਲਈ ਖੜ੍ਹੇ ਹੋਣ ਵਾਲੇ ਜ਼ਿਆਦਾਤਰ ਆਟੋ ਚਾਲਕ ਨਾਬਾਲਗ ਹਨ। ਕੁਝ ਆਟੋਜ਼ ਵਾਲੇ ਤਾਂ ਵਿਦਿਆਰਥਣਾਂ ਨਾਲ ਛੇੜਖਾਨੀ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ ਅਤੇ ਆਟੋ ਿਵਚ ਉੱਚੀ ਆਵਾਜ਼ ਿਵਚ ਗਾਣੇ ਲਾ ਕੇ ਰੈਸ਼ ਡਰਾਈਵਿੰਗ ਕਰਦੇ ਹਨ ਜਿਸ ਨਾਲ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਟ੍ਰੈਫਿਕ ਪੁਲਸ ਦਾ ਕਹਿਣਾ ਹੈ ਕਿ ਉਹ ਸਕੂਲ ਦੇ ਬਾਹਰ ਜਾ ਕੇ ਆਟੋ ਚਾਲਕਾਂ ਦੇ ਲਾਇਸੈਂਸ ਚੈੱਕ ਕਰਨਗੇ। ਜੇਕਰ ਕੋਈ ਵੀ ਚਾਲਕ ਨਾਬਾਲਗ ਨਿਕਲਿਆ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ।

ਰੈਸ਼ ਡਰਾਈਵਿੰਗ ਤੇ ਰੌਂਗ ਪਾਰਕਿੰਗ ਦਾ ਵਿਰੋਧ ਕਰਨ 'ਤੇ ਕਰਦੇ ਹਨ ਗੁੰਡਾਗਰਦੀ
ਸਵਾਰੀ ਲੈਣ ਲਈ ਰੌਂਗ ਪਾਰਕਿੰਗ 'ਚ ਖੜ੍ਹੇ ਹੋਣ ਵਾਲੇ ਕੁਝ ਆਟੋ ਚਾਲਕ ਵਿਰੋਧ ਕਰਨ 'ਤੇ ਰਾਹਗੀਰਾਂ ਨਾਲ ਗੁੰਡਾਗਰਦੀ ਕਰਨ ਲੱਗਦੇ ਹਨ। ਬੁੱਧਵਾਰ ਨੂੰ ਅਜਿਹੀ ਹੀ ਘਟਨਾ ਕੰਪਨੀ ਬਾਗ ਚੌਕ 'ਤੇ ਹੋਈ। ਅਸਲ ਵਿਚ ਇਕ ਆਟੋ ਵਾਲੇ ਨੇ ਸੜਕ ਵਿਚਕਾਰ ਹੀ ਆਟੋ ਖੜ੍ਹਾ ਕਰ ਲਿਆ ਸੀ। ਇਕ ਬਾਈਕ ਚਾਲਕ ਨੇ ਉਸ ਨੂੰ ਸਹੀ ਢੰਗ ਨਾਲ ਆਟੋ ਖੜ੍ਹਾ ਕਰਨ ਲਈ ਕਿਹਾ ਤਾਂ ਉਹ ਝਗੜਾ ਕਰਨ ਲੱਗਾ। ਇਹ ਹੀ ਹਾਲ ਰੈਸ਼ ਡਰਾਈਵਿੰਗ ਕਰਨ ਵਾਲੇ ਆਟੋ ਚਾਲਕਾਂ ਦਾ ਵੀ ਹੈ।


shivani attri

Content Editor

Related News