ਤਿਉਹਾਰੀ ਸੀਜ਼ਨ ਨੇੜੇ, ਸ਼ਹਿਰ ''ਚ ਨਕਲੀ ਦੇਸੀ ਘਿਓ ਤੇ ਮਠਿਆਈਆਂ ਬਣਾਉਣ ਵਾਲੇ ਮੁੜ ਸਰਗਰਮ

08/26/2019 6:32:47 PM

ਜਲੰਧਰ (ਜ. ਬ.)— ਜਿੱਥੇ ਇਕ ਪਾਸੇ ਤਿਉਹਾਰਾਂ ਦੇ ਦਿਨ ਨੇੜੇ ਹਨ, ਉਥੇ ਹੀ ਦੂਜੇ ਪਾਸੇ ਸ਼ਹਿਰ 'ਚ ਨਕਲੀ ਦੇਸੀ ਘਿਓ ਬਣਾਉਣ ਅਤੇ ਵੇਚਣ ਦਾ ਕਾਰੋਬਾਰ ਵੀ ਸਿਖਰਾਂ 'ਤੇ ਚੱਲ ਰਿਹਾ ਹੈ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਕਈ ਹਿੱਸਿਆਂ 'ਚ ਕਈ ਕਾਰੋਬਾਰੀ ਮਠਿਆਈਆਂ ਅਤੇ ਪਰਚੂਨ 'ਚ ਵੇਚਣ ਲਈ ਨਕਲੀ ਦੇਸੀ ਘਿਓ ਬਣਾਉਣ ਲੱਗੇ ਹਨ ਕਿਉਂਕਿ ਤਿਉਹਾਰਾਂ ਦੇ ਸੀਜ਼ਨ 'ਚ ਮਠਿਆਈਆਂ ਦੀ ਵਿੱਕਰੀ ਦੁੱਗਣੀ ਹੋ ਜਾਂਦੀ ਹੈ, ਜਿਸ ਕਾਰਨ ਹੁਣ ਕਈ ਕਾਰੋਬਾਰੀ ਨਕਲੀ ਦੇਸੀ ਘਿਓ ਅਤੇ ਨਕਲੀ ਮਠਿਆਈਆਂ ਬਣਾ ਕੇ ਚੌਗੁਣੀ ਕਮਾਈ ਕਰਨ ਦੇ ਚੱਕਰ 'ਚ ਹਨ।

ਸੂਤਰਾਂ ਦੀ ਮੰਨੀਏ ਤਾਂ ਇਸ ਸਮੇਂ ਸ਼ਹਿਰ ਦੇ ਕਈ ਹਿੱਸਿਆਂ 'ਚ ਕਈ ਕਾਰੋਬਾਰੀਆਂ ਅਤੇ ਕਈ ਲੋਕਾਂ ਨੇ ਘਰ ਦੇ ਅੰਦਰ ਹੀ ਦੇਸੀ ਘਿਓ ਦੀ ਫੈਕਟਰੀ ਬਣਾਈ ਹੈ। ਜਿਸ 'ਚ ਦੇਸੀ ਘਿਓ 'ਚ ਡਾਲਡਾ (ਵਨਸਪਤੀ) ਤੇਲ ਅਤੇ ਉਪਰੋਂ ਸੈਂਸ (ਦੇਸੀ ਘਿਓ ਦੀ ਖੁਸ਼ਬੂ) ਦਾ ਸਪ੍ਰੇਅ ਕਰਕੇ ਨਕਲੀ ਘਿਓ ਬਣਾ ਰਹੇ ਹਨ। ਮਾਰਕਾ ਵੀ ਯੂ. ਪੀ. ਦੀਆਂ ਕੰਪਨੀਆਂ ਦਾ ਲਗਾਇਆ ਜਾ ਰਿਹਾ ਹੈ, ਜੋਕਿ ਮਾਰਕੀਟ 'ਚ ਤਿਆਰ ਕਰਵਾ ਕੇ ਉਸ 'ਤੇ ਲਗਾ ਕੇ ਅਸਲੀ ਦੇਸੀ ਘਿਉ ਦੀ ਪੈਕਿੰਗ ਹੇਠ ਵੇਚਿਆ ਜਾ ਰਿਹਾ ਹੈ।
ਜੇਕਰ ਦੇਸੀ ਘਿਓ ਦੀ ਗੱਲ ਕੀਤੀ ਜਾਏ ਤਾਂ ਦੇਸੀ ਘਿਓ ਨੂੰ ਤਿਉਹਾਰੀ ਸੀਜ਼ਨ 'ਚ ਮਠਿਆਈਆਂ 'ਚ ਪਾਉਂਦੇ ਹੀ ਹਨ, ਉਥੇ ਦੂਜੇ ਪਾਸੇ ਦੇਸੀ ਘਿਓ ਨੂੰ ਪੂਜਾ-ਪਾਠ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ। ਲੋਕਾਂ ਦੀ ਇਸੇ ਡਿਮਾਂਡ ਨੂੰ ਦੇਖਦਿਆਂ ਕੁਝ ਨਕਲੀ ਦੇਸੀ ਘਿਓ ਦਾ ਕਾਰੋਬਾਰ ਕਰਨ ਵਾਲੇ ਚਾਂਦੀ ਕੁੱਟਣ ਦੇ ਚੱਕਰ 'ਚ ਨਕਲੀ ਦੇਸੀ ਘਿਓ ਨੂੰ ਕਈ ਕਾਰੋਬਾਰੀਆਂ ਨੂੰ ਅਸਲੀ ਕਹਿ ਕੇ ਵੇਚ ਰਹੇ ਹਨ, ਜਿਸ ਨੂੰ ਕਈ ਸਵੀਟ ਸ਼ਾਪ ਕਾਰੋਬਾਰੀ ਅਸਲੀ ਸਮਝ ਕੇ ਖਰੀਦ ਰਹੇ ਹਨ ਅਤੇ ਮਠਿਆਈਆਂ 'ਚ ਪਾ ਰਹੇ ਹਨ, ਜੋਕਿ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਹੈ।
ਉਥੇ ਦੂਜੇ ਪਾਸੇ ਕਈ ਸਵੀਟ ਸ਼ਾਪ ਕਾਰੋਬਾਰੀ ਵੀ ਮਠਿਆਈਆਂ ਬਣਾਉਣ ਲਈ ਡਿਟਰਜੈਂਟ ਪਾਊਡਰ (ਸਰਫ) ਦੀ ਵਰਤੋਂ ਵੀ ਕਰ ਰਹੇ ਹਨ। ਖਾਸ ਕਰਕੇ ਉਨ੍ਹਾਂ ਮਠਿਆਈਆਂ 'ਚ ਜਿਨ੍ਹਾਂ ਨੂੰ ਰੰਗਦਾਰ ਕੀਤਾ ਜਾਂਦਾ ਹੈ। ਉਸ 'ਚ ਰੰਗ ਪਾਉਣ ਲਈ ਕਈ ਸਵੀਟ ਸ਼ਾਪ ਕਾਰੋਬਾਰੀ ਉਨ੍ਹਾਂ ਰੰਗਾਂ ਦੀ ਵਰਤੋਂ ਕਰ ਰਹੇ ਹਨ ਜੋ ਰੰਗ ਦਸਤਾਰ ਅਤੇ ਦੁਪੱਟਿਆਂ ਨੂੰ ਰੰਗ ਕਰਨ ਲਈ ਵਰਤਿਆ ਜਾਂਦਾ ਹੈ ਜੋ ਕਿ ਸਿੱਧਾ-ਸਿੱਧਾ ਫੇਫੜਿਆਂ ਅਤੇ ਲਿਵਰ ਨੂੰ ਖਰਾਬ ਕਰਦਾ ਹੈ।

ਬੀਤੇ ਦਿਨੀਂ ਫੜਿਆ ਸੀ ਦੇਸੀ ਘਿਓ ਬਣਾਉਣ ਵਾਲਾ ਕਾਰੋਬਾਰੀ
ਉਥੇ ਦੱਸ ਦੇਈਏ ਕਿ ਬੀਤੇ ਦਿਨੀਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਘਰ 'ਚ ਨਕਲੀ ਦੇਸੀ ਘਿਓ ਦੀ ਫੈਕਟਰੀ ਚਲਾ ਰਹੇ ਕਾਰੋਬਾਰੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੇ ਹੈਲਥ ਡਿਪਾਰਟਮੈਂਟ ਵੱਲੋਂ ਸੈਂਪਲ ਵੀ ਭਰੇ ਗਏ ਸਨ। ਫੜੇ ਗਏ ਦੋਸ਼ੀ ਦੀ ਪਛਾਣ ਪ੍ਰਿੰਸ ਨਿਵਾਸੀ ਹਰਬੰਸ ਨਗਰ ਵਜੋਂ ਹੋਈ ਸੀ, ਜਿਸ ਕੋਲੋਂ ਨਕਲੀ ਪੈਕੇਟ ਅਤੇ ਜਾਅਲੀ ਮਾਰਕਾ ਲਗਾ ਕੇ ਨਕਲੀ ਦੇਸੀ ਘਿਓ ਅਤੇ ਵਨਸਪਤੀ ਦੇ ਪੈਕੇਟ ਬਰਾਮਦ ਕੀਤੇ ਸਨ, ਜਿਸ 'ਚ ਦੋਵਾਂ ਨੂੰ ਮਿਕਸ ਕਰਕੇ ਪਰਚੂਨ 'ਚ ਸ਼ਹਿਰ 'ਚ ਵੇਚ ਰਿਹਾ ਸੀ।

ਵਿਭਾਗ ਆਉਣ ਵਾਲੇ ਦਿਨਾਂ 'ਚ ਕਰੇਗਾ ਕਈ ਜਗ੍ਹਾ ਰੇਡ : ਡੀ. ਐੱਚ. ਓ. ਐੱਸ. ਐੱਸ. ਨਾਂਗਲ
ਇਸ ਸਬੰਧੀ ਜ਼ਿਲਾ ਸਿਹਤ ਅਧਿਕਾਰੀ ਨੇ ਕਿਹਾ ਕਿ ਬੀਤੇ ਦਿਨੀਂ ਜੋ ਥਾਣਾ ਬਸਤੀ ਬਾਵਾ ਖੇਲ 'ਚ ਨਕਲੀ ਦੇਸੀ ਘਿਓ ਦੀ ਫੈਕਟਰੀ ਤੋਂ ਘਿਓ ਫੜਿਆ ਗਿਆ ਸੀ, ਉਸ ਦੇ ਸੈਂਪਲ ਖਰੜ ਲੈਬ 'ਚ ਭੇਜੇ ਗਏ ਹਨ, ਜਿਸ ਦੀ ਰਿਪੋਰਟ ਕੁਝ ਦਿਨਾਂ 'ਚ ਆ ਜਾਏਗੀ। ਰਹੀ ਗੱਲ ਨਕਲੀ ਦੇਸੀ ਘਿਓ ਅਤੇ ਨਕਲੀ ਮਠਿਆਈਆਂ ਬਣਾਉਣ ਦੀ, ਉਸ ਨੂੰ ਲੈ ਕੇ ਸ਼ਹਿਰ ਦੇ ਕਈ ਸਵੀਟ ਸ਼ਾਪ ਅਤੇ ਦੇਸੀ ਘਿਓ ਬਣਾਉਣ ਵਾਲਿਆਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ 'ਚ ਕਈ ਜਗ੍ਹਾ ਰੇਡ ਕੀਤੀ ਜਾਏਗੀ।


shivani attri

Content Editor

Related News