ਤੰਬਾਕੂ ਪਦਾਰਥਾਂ ਦੇ ਸੇਵਨ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ

10/26/2019 11:54:55 AM

ਹੁਸ਼ਿਆਰਪੁਰ (ਘੁੰਮਣ)— ਤੰਬਾਕੂ ਪਦਾਰਥਾਂ ਦੇ ਸੇਵਨ ਅਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧੇ ਨੂੰ ਕੰਟਰੋਲ ਕਰਨ ਅਤੇ ਇਸ ਦੇ ਸੇਵਨ ਨਾਲ ਹੋਣ ਵਾਲੀਆਂ ਸਿਹਤ ਸਬੰਧੀ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਬਣਾਏ ਗਏ ਕੋਟਪਾ ਐਕਟ ਅਧੀਨ ਬਲਾਕ ਚੱਕੋਵਾਲ ਦੀ ਟੀਮ ਵੱਲੋਂ ਚਲਾਨ ਕੱਟੇ ਗਏ। ਸਿਵਲ ਸਰਜਨ ਡਾ. ਜਸਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਓ. ਪੀ. ਗੋਜਰਾ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ 'ਚ ਬਲਾਕ ਚੱਕੋਵਾਲ ਅਧੀਨ ਪੈਂਦੇ ਦੋਸੜਕਾ, ਪਥਰਾਲੀਆਂ, ਚੱਕੋਵਾਲ, ਬੁੱਲ੍ਹੋਵਾਲ 'ਚ ਵੱਖ-ਵੱਖ ਥਾਵਾਂ 'ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ।

ਕੋਟਪਾ ਐਕਟ ਤਹਿਤ ਬਣਾਈ ਟੀਮ 'ਚ ਹੈਲਥ ਇੰਸਪੈਕਟਰ ਮਨਜੀਤ ਸਿੰਘ, ਮਲਟੀਪਰਪਜ਼ ਹੈਲਥ ਵਰਕਰ (ਮੇਲ) ਦਿਲਬਾਗ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਅਤੇ ਹਰਭਜਨ ਸਿੰਘ ਸ਼ਾਮਲ ਸਨ। ਟੀਮ ਵੱਲੋਂ ਕੀਤੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੈਲਥ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੋਟਪਾ ਐਕਟ ਤਹਿਤ 10 ਵਿਅਕਤੀਆਂ ਦੇ ਚਲਾਨ ਕੱਟੇ ਗਏ। ਇਨ੍ਹਾਂ ਕੀਤੇ ਗਏ ਕੁੱਲ 10 ਚਲਾਨਾਂ ਤੋਂ 2000 ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਨਾ ਕਰਨ ਅਤੇ ਤੰਬਾਕੂ ਪਦਾਰਥ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ। 
ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਸਿਗਰਟਨੋਸ਼ੀ ਦਾ ਪ੍ਰਭਾਵ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਨਾਲ-ਨਾਲ ਨਾ ਕਰਨ ਵਾਲਿਆਂ ਦੀ ਸਿਹਤ 'ਤੇ ਵੀ ਪੈਂਦਾ ਹੈ। ਸਿਗਰਟ ਵਿਚ 4 ਹਜ਼ਾਰ ਰਸਾਇਣਕ ਤੱਤ ਅਤੇ 60 ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ। ਲਗਭਗ 90 ਫੀਸਦੀ ਮੂੰਹ ਦੇ ਕੈਂਸਰ ਤੰਬਾਕੂ ਖਾਣ ਵਾਲੇ ਵਿਅਕਤੀਆਂ ਵਿਚ ਹੁੰਦੇ ਹਨ। ਇਸ ਨਾਲ ਹੋਰ ਬੀਮਾਰੀਆਂ ਜਿਵੇਂ ਫੇਫੜੇ ਦਾ ਕੈਂਸਰ, ਸਮੋਕਰ ਗੈਂਗਰੀਨ, ਦਿਲ ਦੇ ਰੋਗ, ਦਮਾ, ਵਾਰ-ਵਾਰ ਛਾਤੀ 'ਚ ਇਨਫੈਕਸ਼ਨ ਅਤੇ ਨਿਪੁੰਸਕਤਾ ਆਦਿ ਹੋ ਸਕਦੀਆਂ ਹਨ। ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਦਾ ਇਕ ਵੱਡਾ ਕਾਰਣ ਤੰਬਾਕੂ ਦਾ ਇਸਤੇਮਾਲ ਵੀ ਹੈ।

ਉਕਤ ਤੋਂ ਇਲਾਵਾ ਸਬਜ਼ੀਆਂ ਅਤੇ ਫਲਾਂ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਗਲੇ-ਸੜੇ ਅਤੇ ਜ਼ਿਆਦਾ ਪੱਕੇ ਹੋਏ ਫਲਾਂ ਨੂੰ ਨਸ਼ਟ ਕਰਵਾਇਆ ਗਿਆ ਅਤੇ ਅੱਗੇ ਤੋਂ ਅਜਿਹੇ ਫਲ ਅਤੇ ਸਬਜ਼ੀਆਂ ਨਾ ਵੇਚਣ ਦੀ ਹਦਾਇਤ ਕੀਤੀ ਗਈ।


shivani attri

Content Editor

Related News