ਟਿੰਕੂ ਮਰਡਰ ਕੇਸ: ਫਿਰੋਜ਼ਪੁਰ ਦੇ ਸ਼ੂਟਰ ਜੀਤਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਪੁਲਸ

08/01/2022 10:59:23 AM

ਜਲੰਧਰ (ਵਰੁਣ)–ਬੀਤੇ ਸਾਲ ਪ੍ਰੀਤ ਨਗਰ ਰੋਡ ’ਤੇ ਪੀ. ਵੀ. ਸੀ. ਕਾਰੋਬਾਰੀ ਟਿੰਕੂ ਮਰਡਰ ਕੇਸ ਵਿਚ ਕਮਿਸ਼ਨਰੇਟ ਪੁਲਸ ਫਿਰੋਜ਼ਪੁਰ ਜੇਲ ਵਿਚ ਬੰਦ ਸ਼ੂਟਰ ਗੁਰਜੀਤ ਸਿੰਘ ਉਰਫ਼ ਜੀਤਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ। ਗੈਂਗਸਟਰ ਪੁਨੀਤ ਸ਼ਰਮਾ ਨੇ ਹੀ ਆਪਣੇ ਨਜ਼ਦੀਕੀ ਹੈਪੀ ਭੁੱਲਰ ਜ਼ਰੀਏ ਜੀਤਾ ਅਤੇ 2 ਹੋਰ ਸ਼ੂਟਰਾਂ ਨੂੰ ਹਾਇਰ ਕੀਤਾ ਸੀ। ਥਾਣਾ ਨੰਬਰ 8 ਦੀ ਪੁਲਸ ਨੇ ਜੀਤਾ ਨੂੰ 3 ਦਿਨਾਂ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰਬਰ 8 ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਉਰਫ਼ ਜੀਤਾ ਨਿਵਾਸੀ ਫਿਰੋਜ਼ਪੁਰ ਉਥੋਂ ਦੇ ਹੀ ਰਹਿਣ ਵਾਲੇ ਹੈਪੀ ਭੁੱਲਰ ਦਾ ਜਾਣਕਾਰ ਸੀ। ਟਿੰਕੂ ਦੀ ਹੱਤਿਆ ਲਈ ਗੈਂਗਸਟਰ ਪੁਨੀਤ ਸ਼ਰਮਾ ਨੇ ਹੈਪੀ ਭੁੱਲਰ ਨਾਲ ਗੱਲ ਕੀਤੀ ਸੀ। ਹੈਪੀ ਨੇ ਫਿਰ ਜੀਤਾ ਅਤੇ 2 ਹੋਰ ਸ਼ੂਟਰ ਤਿਆਰ ਕੀਤੇ, ਜਿਸ ਤੋਂ ਬਾਅਦ 3 ਮਾਰਚ 2021 ਨੂੰ ਉਹ ਜਲੰਧਰ ਆ ਗਏ।

ਟਿੰਕੂ ਦੀ ਹੱਤਿਆ ਕਰਨ ਵਾਲੇ 4 ਮੁਲਜ਼ਮ ਫਿਰੋਜ਼ਪੁਰ ਦੇ ਅਤੇ 4 ਜਲੰਧਰ ਦੇ ਸਨ, ਜਿਨ੍ਹਾਂ ਵਿਚ ਪੁਨੀਤ ਵੀ ਸ਼ਾਮਲ ਹੈ। ਪੁਨੀਤ ਨੇ ਫਿਰੋਜ਼ਪੁਰ ਤੋਂ ਆਏ ਚਾਰਾਂ ਮੁਲਜ਼ਮਾਂ ਨੂੰ ਕਿਸੇ ਦੇ ਘਰ ਰੁਕਵਾਇਆ ਸੀ। ਹਾਲਾਂਕਿ ਜੀਤਾ ਉਹ ਏਰੀਆ ਨਹੀਂ ਜਾਣਦਾ ਪਰ ਉਕਤ ਘਰ ਪੁਨੀਤ ਦੇ ਨਜ਼ਦੀਕੀ ਦਾ ਸੀ। ਇੰਸ. ਸੁਖਬੀਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਸ਼ੂਟਰਾਂ ਨੇ ਪੁਨੀਤ ਦੇ ਸਾਥੀਆਂ ਨਾਲ ਮਿਲ ਕੇ 3 ਦਿਨ ਰੇਕੀ ਕੀਤੀ ਅਤੇ ਫਿਰ 6 ਮਾਰਚ 2021 ਨੂੰ ਟਿੰਕੂ ਦੀ ਹੱਤਿਆ ਕਰ ਕੇ ਫ਼ਰਾਰ ਹੋ ਗਏ। ਜੀਤਾ ਨੇ ਦੱਸਿਆ ਕਿ ਹੱਤਿਆ ਤੋਂ ਬਾਅਦ ਉਹ ਪੁਨੀਤ ਨੂੰ ਨਹੀਂ ਮਿਲੇ ਅਤੇ ਉਸੇ ਦਿਨ ਵੱਖ-ਵੱਖ ਹੋ ਗਏ ਸਨ। ਹਾਲਾਂਕਿ ਹੈਪੀ ਭੁੱਲਰ ਪੁਨੀਤ ਦੇ ਲਿੰਕ ਵਿਚ ਹੈ ਪਰ ਉਹ ਫਿਲਹਾਲ ਫ਼ਰਾਰ ਹੈ।

ਬਰਸਾਤ ਨੇ ਵਧਾਇਆ ਭਾਖੜਾ ਡੈਮ 'ਚ ਪਾਣੀ ਦਾ ਪੱਧਰ, ਪਿਛਲੇ ਸਾਲ ਦੇ ਮੁਕਾਬਲੇ 19.71 ਫੁੱਟ ਤੋਂ ਰਿਹਾ ਵੱਧ

ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਟਿੰਕੂ ਨੂੰ ਮਾਰਨ ਲਈ ਜਿਹੜੇ ਹਥਿਆਰ ਵਰਤੇ ਗਏ, ਉਹ ਪੁਨੀਤ ਨੇ ਹੀ ਦਿੱਤੇ ਸਨ, ਜਿਹੜੇ ਕਿ ਬਾਅਦ ਵਿਚ ਉਸਨੂੰ ਵਾਪਸ ਕਰ ਦਿੱਤੇ ਗਏ ਸਨ। ਜੀਤਾ ਨੂੰ ਪੁਨੀਤ ਬਾਰੇ ਕੋਈ ਜਾਣਕਾਰੀ ਨਹੀਂ। ਪੁਲਸ ਦਾ ਕਹਿਣਾ ਹੈ ਕਿ ਹੈਪੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਨੀਤ ਬਾਰੇ ਕੁਝ ਪਤਾ ਲੱਗ ਸਕਦਾ ਹੈ।
ਜ਼ਿਕਰਯੋਗ ਹੈ ਕਿ 6 ਮਾਰਚ 2021 ਨੂੰ ਦਿਨ-ਦਿਹਾੜੇ ਪੁਨੀਤ ਨੇ ਆਪਣੇ ਸਾਥੀਆਂ ਸਮੇਤ ਪੀ. ਵੀ. ਸੀ. ਕਾਰੋਬਾਰੀ ਟਿੰਕੂ ਦੀ ਦੁਕਾਨ ਵਿਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਸੀ। ਉਸ ਤੋਂ ਬਾਅਦ ਡਿਪਟੀ ਹੱਤਿਆ ਕਾਂਡ ਵਿਚ ਵੀ ਪੁਨੀਤ ਸ਼ਾਮਲ ਸੀ, ਜਦੋਂ ਕਿ ਹੋਰ ਹੱਤਿਆਵਾਂ ਵਿਚ ਵੀ ਉਸਦਾ ਨਾਂ ਸਾਹਮਣੇ ਆਇਆ ਸੀ।

10 ਕਰੋੜ ਦੀ ਹੈਰੋਇਨ ਨਾਲ ਗ੍ਰਿਫ਼ਤਾਰ ਹੋਇਆ ਸੀ ਜੀਤਾ
ਗੁਰਜੀਤ ਸਿੰਘ ਜੀਤਾ ਨੂੰ ਫਿਰੋਜ਼ਪੁਰ ਪੁਲਸ ਨੇ ਪਿਛਲੇ ਮਹੀਨੇ 10 ਕਰੋੜ ਦੀ ਕੀਮਤ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। 2 ਕਿਲੋ ਹੈਰੋਇਨ ਨਾਲ ਫੜੇ ਜੀਤਾ ਦੇ ਲਿੰਕ ਵੀ ਨਸ਼ਿਆਂ ਦੇ ਕਾਰੋਬਾਰ ਵਿਚ ਫੈਲ ਚੁੱਕੇ ਸਨ। ਫਿਰੋਜ਼ਪੁਰ ਪੁਲਸ ਦੀ ਪੁੱਛਗਿੱਛ ਵਿਚ ਪਤਾ ਲੱਗਾ ਸੀ ਕਿ ਜੀਤਾ ਜਲੰਧਰ ਪੁਲਸ ਨੂੰ ਹੱਤਿਆ ਦੇ ਕੇਸ ਵਿਚ ਲੋੜੀਂਦਾ ਹੈ। ਜਿਉਂ ਹੀ ਇਸਦੀ ਸੂਚਨਾ ਜਲੰਧਰ ਪੁਲਸ ਨੂੰ ਦਿੱਤੀ ਗਈ ਤਾਂ ਸਿਟੀ ਪੁਲਸ ਉਸ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲੈ ਆਈ।

ਇਹ ਵੀ ਪੜ੍ਹੋ: ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਗੈਂਗਸਟਰਾਂ ਦਾ ਛੇਤੀ ਹੀ ਪੰਜਾਬ 'ਚੋਂ ਹੋਵੇਗਾ ਸਫ਼ਾਇਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News