ਜਲੰਧਰ ''ਚ ਹਾਈਟੈੱਕ ਚੋਰੀ, ਬਗਲਾਮੁਖੀ ਮੰਦਰ ’ਚੋਂ 5 ਮਿੰਟਾਂ ’ਚ 6 ਲੱਖ ਦੇ ਗਹਿਣਿਆਂ ਸਣੇ 4 ਲੱਖ ਦੀ ਉਡਾਈ ਨਕਦੀ
Wednesday, May 22, 2024 - 11:54 AM (IST)
ਜਲੰਧਰ (ਪੁਨੀਤ)–ਸ਼੍ਰੀ ਸ਼ਿਵ ਸ਼ਕਤੀ ਮਾਂ ਬਗਲਾਮੁਖੀ ਮੰਦਰ ਦਿਲਬਾਗ ਨਗਰ ਐਕਸਟੈਨਸ਼ਨ ਵਿਚ ਸ਼ਾਮ 4.13 ਵਜੇ ਦਾਖਲ ਹੋਏ ਚੋਰ ਨੇ 5 ਮਿੰਟਾਂ ਵਿਚ 4 ਲੱਖ ਰੁਪਏ ਦੀ ਨਕਦੀ ਅਤੇ 6 ਲੱਖ ਦੇ ਗਹਿਣਿਆਂ ’ਤੇ ਹੱਥ ਸਾਫ਼ ਕਰ ਦਿੱਤਾ। ਮੰਦਰ ਦੇ ਪੁਜਾਰੀ ਅਤੇ ਪ੍ਰਬੰਧਕਾਂ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਚਕਮਾ ਦੇ ਕੇ ਭੱਜ ਗਿਆ। ਪੂਰਾ ਘਟਨਾਕ੍ਰਮ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਿਆ ਹੈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮੌਕਾ ਵੇਖਿਆ, ਜਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਜ਼ਰੀਏ ਅਜਿਹਾ ਜਾਪ ਰਿਹਾ ਹੈ ਕਿ ਚੋਰੀ ਕਰਨ ਵਾਲੇ ਨੂੰ ਪੂਰਾ ਭੇਤ ਸੀ, ਜਿਸ ਕਾਰਨ ਉਹ ਸਿਰਫ਼ 5 ਮਿੰਟਾਂ ਵਿਚ ਚੋਰੀ ਕਰਨ ਵਿਚ ਕਾਮਯਾਬ ਹੋ ਗਿਆ। ਚੋਰੀ ਹਾਈਟੈੱਕ ਢੰਗ ਨਾਲ ਹੋਈ ਹੈ। ਸਾਫ਼ ਪਤਾ ਲੱਗ ਰਿਹਾ ਹੈ ਕਿ ਚੋਰ ਨੂੰ ਨਕਦੀ ਹੋਣ ਅਤੇ ਗਹਿਣਿਆਂ ਬਾਰੇ ਪਤਾ ਸੀ, ਜਿਸ ਕਾਰਨ ਉਹ ਸਿੱਧਾ ਤੀਜੀ ਮੰਜ਼ਿਲ ’ਤੇ ਗਿਆ ਅਤੇ ਚੋਰੀ ਨੂੰ ਅੰਜਾਮ ਦਿੱਤਾ।
ਚੋਰੀ ਕੀਤੇ ਗਏ ਸੋਨੇ ਦੇ ਗਹਿਣਿਆਂ ਵਿਚ ਲਕਸ਼ਮੀ-ਨਾਰਾਇਣ ਭਗਵਾਨ ਦੇ ਗਹਿਣੇ, ਮਾਂ ਬਗਲਾਮੁਖੀ, ਦੁਰਗਾ ਮਾਤਾ, ਕਾਲਕਾ ਮਾਤਾ ਦੇ ਸ਼ਿੰਗਾਰ ਦਾ ਸਾਮਾਨ, ਮੱਥੇ ਦਾ ਟਿੱਕਾ, ਝੁਮਕੇ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਚਾਂਦੀ ਦੇ ਗਹਿਣਿਆਂ ਵਿਚ ਮਾਂ ਧੂਮਾਵਤੀ ਦਾ 25 ਤੋਲੇ ਦੇ ਕਮਰਬੰਦ ਸਮੇਤ ਹੋਰਨਾਂ ਗਹਿਣਿਆਂ ਸਬੰਧੀ ਦੱਸਿਆ ਗਿਆ ਹੈ। ਕੈਮਰੇ ਵਿਚ ਕੈਦ ਹੋਏ ਚੋਰ ਬਾਰੇ ਜਾਣਕਾਰੀ ਜੁਟਾਉਣ ਲਈ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਉਥੇ ਹੀ, ਕੁਝ ਦਿਨ ਪਹਿਲਾਂ ਮੰਦਰ ਵਿਚ ਹੋਏ ਜੈਅੰਤੀ ਪ੍ਰੋਗਰਾਮ ਦੀ ਵੀਡੀਓ ਕੱਢੀ ਜਾਵੇਗੀ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਕਤ ਚੋਰ ਦਾ ਕੁਝ ਪਤਾ ਲੱਗ ਸਕੇ।
ਇਹ ਵੀ ਪੜ੍ਹੋ- ਜਲੰਧਰ 'ਚ ਪੈਸੇਂਜਰ ਟਰੇਨ ਸਾਹਮਣੇ ਟਰੈਕਟਰ ਆਉਣ ਕਾਰਨ ਪਈਆਂ ਭਾਜੜਾਂ, ਫ਼ਿਲਮੀ ਸਟਾਈਲ 'ਚ ਟਲਿਆ ਵੱਡਾ ਹਾਦਸਾ
ਮੰਦਰ ਦੇ ਪ੍ਰਧਾਨ ਪ੍ਰਵੀਨ ਕਲਿਆਣ ਸੋਨੂੰ ਨੇ ਦੱਸਿਆ ਕਿ ਮੰਗਲਵਾਰ ਹੋਣ ਕਾਰਨ ਉਹ ਮੰਦਰ ਵਿਚ ਰਹਿਣ ਵਾਲੇ ਬਾਬਾ ਜੀ ਦੇ ਨਾਲ ਹਨੂਮਾਨ ਜੀ ਨੂੰ ਚੋਲਾ ਚੜ੍ਹਾ ਰਹੇ ਸਨ। ਇਸ ਦੌਰਾਨ ਚੋਰ ਮੰਦਰ ਦੀ ਤੀਜੀ ਮੰਜ਼ਿਲ ’ਤੇ ਜਾ ਕੇ ਸਾਮਾਨ ਚੋਰੀ ਕਰ ਕੇ ਲੈ ਆਇਆ। ਮੰਦਰ ਵਿਚ ਇਕ ਔਰਤ ਨੇ ਚੋਰ ਨੂੰ ਦੇਖਿਆ ਅਤੇ ਰੌਲਾ ਪਾਇਆ। ਇਸ ’ਤੇ ਮੰਦਰ ਦੇ ਪੰਡਿਤ ਅਖਿਲੇਸ਼ ਮਿਸ਼ਰਾ ਅਤੇ ਮੰਦਰ ਦੇ ਬਾਬਾ ਜੀ ਚੋਰ ਦੇ ਪਿੱਛੇ ਦੌੜੇ ਪਰ ਚੋਰ ਉਨ੍ਹਾਂ ਦੇ ਹੱਥ ਨਹੀਂ ਲੱਗ ਸਕਿਆ। ਥਾਣਾ ਬਸਤੀ ਬਾਵਾ ਖੇਲ ਦੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਮੌਕੇ ’ਤੇ ਆ ਕੇ ਬਿਆਨ ਦਰਜ ਕੀਤੇ।
7 ਮਿੰਟ ਤਕ ਮੋਟਰਸਾਈਕਲ ਰੱਖਿਆ ਸਟਾਰਟ
ਚੋਰ ਜਦੋਂ ਮੰਦਰ ਵਿਚ ਦਾਖਲ ਹੋਇਆ ਤਾਂ ਬਾਹਰ ਉਸਦਾ ਮੋਟਰਸਾਈਕਲ ਸਟਾਰਟ ਖੜ੍ਹਾ ਸੀ। ਚੋਰ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਤਾਂ ਕਿ ਉਹ ਆਸਾਨੀ ਨਾਲ ਭੱਜ ਸਕੇ। ਉਕਤ ਪੁਰਾਣੇ ਮੋਟਰਸਾਈਕਲ ਦੇ ਪਿੱਛੇ ਮੱਡ-ਗਾਰਡ ਅਤੇ ਫੜਨ ਵਾਲਾ ਸਟੈਂਡ ਵੀ ਨਹੀਂ ਲੱਗਾ ਸੀ। ਮੋਟਰਸਾਈਕਲ ਨੂੰ ਖੜ੍ਹਾ ਕਰ ਕੇ ਅੰਦਰ ਆਉਣ ਤੇ ਤੀਜੀ ਮੰਜ਼ਿਲ ਤੋਂ ਵਾਪਸ ਹੇਠਾਂ ਆਉਣ ਵਿਚ ਚੋਰ ਨੂੰ ਕੁੱਲ 7 ਮਿੰਟ ਲੱਗੇ। ਇਸ ਪੂਰੇ ਸਮੇਂ ਦੌਰਾਨ ਮੋਟਰਸਾਈਕਲ ਸਟਾਰਟ ਹੀ ਖੜ੍ਹਾ ਰਿਹਾ।
ਛੈਣੀ ਬਣ ਸਕਦੀ ਹੈ ਚੋਰ ਤਕ ਪਹੁੰਚਣ ਦਾ ਜ਼ਰਿਆ
ਉਕਤ ਚੋਰ 4.13 ਵਜੇ ਚੋਰੀ ਕਰਨ ਲਈ ਮੰਦਰ ਵਿਚ ਦਾਖਲ ਹੋਇਆ, ਜਦਕਿ ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਉਕਤ ਵਿਅਕਤੀ 4.01 ਵਜੇ ਵੀ ਮੰਦਰ ਵਿਚ ਆਇਆ ਸੀ। ਇਸ ਦੌਰਾਨ ਉਕਤ ਵਿਅਕਤੀ ਚੋਰੀ ਕਰਨ ਵਿਚ ਸਫਲ ਨਹੀਂ ਹੋ ਸਕਿਆ, ਜਿਸ ਕਾਰਨ ਦੁਬਾਰਾ ਆਉਣਾ ਿਪਆ। ਮੰਦਰ ਵਿਚ ਤੀਜੀ ਮੰਜ਼ਿਲ ’ਤੇ ਚੋਰੀ ਵਾਲੀ ਥਾਂ ਤੋਂ ਇਕ ਛੈਣੀ ਬਰਾਮਦ ਹੋਈ ਹੈ। ਉਕਤ ਛੈਣੀ ਬਿਲਕੁਲ ਨਵੀਂ ਹੈ, ਿਜਸ ਕਾਰਨ ਅਜਿਹਾ ਜਾਪ ਰਿਹਾ ਹੈ ਕਿ ਵਾਪਸ ਜਾ ਕੇ ਉਕਤ ਚੋਰ ਛੈਣੀ ਲੈ ਕੇ ਆਇਆ ਹੋਵੇਗਾ। ਅਜਿਹੇ ਵਿਚ ਮੰਦਰ ਕਮੇਟੀ ਵੱਲੋਂ ਨੇੜਲੀਆਂ ਹਾਰਡਵੇਅਰ ਦੀਆਂ ਦੁਕਾਨਾਂ ਦੀ ਸੀ. ਸੀ. ਟੀ. ਵੀ. ਫੁਟੇਜ ਕਢਵਾਈ ਜਾ ਰਹੀ ਹੈ। ਮੰਦਰ ਕਮੇਟੀ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਛੈਣੀ ਜ਼ਰੀਏ ਚੋਰ ਤਕ ਪਹੁੰਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਸ਼ਰਮਨਾਕ! ਕੜਾਕੇ ਦੀ ਧੁੱਪ 'ਚ ਫੈਕਟਰੀ ਦੀ ਕੰਧ 'ਤੇ ਛੱਡ ਗਏ ਨਵਜੰਮੀ ਬੱਚੀ, ਹਾਲਤ ਵੇਖ ਹਰ ਕੋਈ ਹੋਇਆ ਹੈਰਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8