ਕ੍ਰਿਸ਼ਨਾ ਨਗਰ ’ਚ ਘਰ ਦੀ ਛੱਤ ’ਤੇ ਘੁੰਮ ਰਿਹਾ ਚੋਰ CCTV ’ਚ ਕੈਦ

Monday, Jan 20, 2025 - 02:37 PM (IST)

ਕ੍ਰਿਸ਼ਨਾ ਨਗਰ ’ਚ ਘਰ ਦੀ ਛੱਤ ’ਤੇ ਘੁੰਮ ਰਿਹਾ ਚੋਰ CCTV ’ਚ ਕੈਦ

ਜਲੰਧਰ (ਮਹੇਸ਼)- ਥਾਣਾ ਬਸਤੀ ਬਾਵਾ ਖੇਲ੍ਹ ਦੇ ਇਲਾਕੇ ’ਚ ਚੋਰਾਂ ਦੀ ਦਹਿਸ਼ਤ ਲਗਾਤਾਰ ਵੱਧ ਰਹੀ ਹੈ, ਜਿਸ ਦੀ ਤਾਜ਼ਾ ਉਦਾਹਰਣ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਕ੍ਰਿਸ਼ਨਾ ਨਗਰ ’ਚ ਇਕ ਘਰ ਦੀ ਛੱਤ ਤੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਘੁੰਮ ਰਿਹਾ ਚੋਰ ਘਰ ’ਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਕਰ ਲਿਆ ਗਿਆ। ਚੋਰ ਨੇ ਪਹਿਲਾਂ ਛੱਤ ਤੋਂ ਦਰਵਾਜ਼ਾ ਖੋਲ੍ਹ ਕੇ ਘਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਰੌਲਾ ਪਿਆ ਤਾਂ ਉਸ ਨੇ ਆਪਣੇ ਹੱਥਾਂ ਨਾਲ ਆਪਣਾ ਮੂੰਹ ਲੁਕਾ ਲਿਆ ਅਤੇ ਫਿਰ ਉੱਥੋਂ ਭੱਜ ਗਿਆ ਅਤੇ ਨਾਲ ਵਾਲੀ ਛੱਤ ’ਤੇ ਚੜ੍ਹ ਕੇ ਫਰਾਰ ਹੋ ਗਿਆ। ਜਦੋਂ ਘਰ ਦੇ ਮਾਲਕ ਵੱਲੋਂ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤਾਂ ਪੀ. ਸੀ. ਆਰ. ਮੁਲਾਜ਼ਮ ਕਾਫ਼ੀ ਸਮੇਂ ਬਾਅਦ ਮੌਕੇ ’ਤੇ ਪਹੁੰਚਿਆ। ਟੀਮ ਨੇ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਬਸਤੀ ਬਾਵਾ ਖੇਲ ਪੁਲਸ ਸਟੇਸ਼ਨ ਜਾਣ ’ਤੇ ਜਾ ਕੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ।

ਇਹ ਵੀ ਪੜ੍ਹੋ : ਸ਼ਰਮਸਾਰ ਹੋਇਆ ਪੰਜਾਬ, ਇਨ੍ਹਾਂ ਪਾਪੀਆਂ ਨੇ ਰੋਲੀ ਕੁੜੀਆਂ ਦੀ ਪੱਤ, ਖੁੱਲ੍ਹੇ ਰਾਜ਼ ਨੇ ਉਡਾ 'ਤੇ ਸਭ ਦੇ ਹੋਸ਼

ਪੀ. ਸੀ. ਆਰ. ਦੀ ਟੀਮ ਦੇ ਉੱਥੋਂ ਚਲੇ ਜਾਣ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਜਾਣਕਾਰੀ ਦਿੱਤੀ ਤਾਂ ਉੱਥੋਂ ਏ. ਐੱਸ. ਆਈ. ਮੰਗਤ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੱਸਿਆ ਸੀ ਕਿ ਚੋਰ ਉਨ੍ਹਾਂ ਦੇ ਘਰ ਦੀ ਛੱਤ ਤੋਂ ਭੱਜ ਕੇ ਨਾਲ ਲੱਗਦੇ 3-4 ਬੰਦ ਘਰਾਂ ਵਿਚੋਂ ਕਿਸੇ ਇਕ ਵਿਚ ਵੀ ਹੋ ਸਕਦਾ ਹੈ ਪਰ ਇਸ ਦੇ ਬਾਵਜੂਦ ਪੁਲਸ ਅਧਿਕਾਰੀ ਉਨ੍ਹਾਂ ਘਰਾਂ ਵਿਚ ਨਹੀਂ ਗਿਆ ਅਤੇ ਕੋਈ ਜਾਂਚ ਨਹੀਂ ਕੀਤੀ ਤੇ ਉਸ ਨੇ ਪੱਲਾ ਝਾੜਦੇ ਹੋਏ ਕਿਹਾ ਕਿ ਉਹ ਕਿਸੇ ਦੇ ਘਰ ਜਾ ਕੇ ਜਾਂਚ ਕਿਵੇਂ ਕਰ ਸਕਦਾ ਹੈ।

ਜਦੋਂ ਘਰ ਦੇ ਮਾਲਕ ਨੇ ਆਪਣੇ-ਆਪ ਨੂੰ ਇਕ ਵੱਡੇ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਵਜੋਂ ਜਾਣ-ਪਛਾਣ ਕਰਵਾਈ ਤਾਂ ਪੁਲਸ ਅਧਿਕਾਰੀ ਕੁਝ ਸਮੇਂ ਲਈ ਮੌਕੇ ’ਤੇ ਰਿਹਾ ਅਤੇ ਖਾਨਾਪੂਰਤੀ ਵਾਲੀ ਜਾਂਚ ਜ਼ਰੂਰ ਕੀਤੀ, ਇਸ ਦੇ ਬਾਵਜੂਦ ਵੀ ਚੋਰ ਨੂੰ ਫੜਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਜਾਂਦੇ ਸਮੇਂ, ਏ. ਐੱਸ. ਆਈ. ਸਾਹਿਬ ਨੇ ਇਹ ਵੀ ਕਿਹਾ ਕਿ ਉਹ ਸਵੇਰੇ ਥਾਣੇ ਆਵੇ ਤੇ ਚੋਰੀ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਏ। ਜਦੋਂ ਪੁਲਸ ਅਫ਼ਸਰ ਦੇ ਜਾਣ ਤੋਂ ਬਾਅਦ ਘਰ ਦੇ ਮਾਲਕ ਨੇ ਖੁਦ ਆਪਣੇ ਪੱਧਰ ’ਤੇ ਪੂਰੀ ਗਲੀ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਛੱਤ ਤੋਂ ਭੱਜਣ ਵਾਲੇ ਚੋਰ ਨੇ ਕਿਸੇ ਹੋਰ ਘਰ ਵਿਚ ਚੋਰੀ ਕੀਤੀ ਹੈ। ਚਰਚਾ ਹੈ ਕਿ ਜੇਕਰ ਪੁਲਸ ਅਧਿਕਾਰੀਆਂ ਨੇ ਤਿੰਨ-ਚਾਰ ਬੰਦ ਘਰਾਂ ਦੀ ਜਾਂਚ ਕੀਤੀ ਹੁੰਦੀ ਤਾਂ ਚੋਰ ਫੜਿਆ ਜਾ ਸਕਦਾ ਸੀ ਅਤੇ ਹੋਰ ਵੀ ਕਈ ਅਪਰਾਧਾਂ ਦਾ ਪਤਾ ਲਾਇਆ ਜਾ ਸਕਦਾ ਸੀ।

ਇਹ ਵੀ ਪੜ੍ਹੋ : ਦੇਸ਼ ਛੱਡ ਗਿਆ ਕੁੱਲ੍ਹੜ ਪਿੱਜ਼ਾ ਕੱਪਲ, ਜਾਣੋ ਕੀ ਹੈ ਨਵਾਂ ਟਿਕਾਣਾ

ਇਲਾਕੇ ਵਿਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਪੁੱਤਰ ਹੋਣ ਦੀ ਚਰਚਾ
ਜਦੋਂ ਐਤਵਾਰ ਨੂੰ ਇਕ ਸੀਨੀਅਰ ਮੀਡੀਆ ਕਰਮਚਾਰੀ ਨੇ ਖੁਦ ਕ੍ਰਿਸ਼ਨਾ ਨਗਰ ਵਿਚ ਚੋਰ ਦੀ ਭਾਲ ਵਿਚ ਪੁੱਛਗਿੱਛ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਲੜਕਾ ਉਸੇ ਇਲਾਕੇ ਵਿਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਹੈ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪੂਰੀ ਤਰ੍ਹਾਂ ਚੁੱਪੀ ਧਾਰ ਲਈ, ਜਿਸ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਚਰਚਾ ਹੈ ਕਿ ਕ੍ਰਿਸ਼ਨਾ ਨਗਰ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਲੋਕ ਰਹਿੰਦੇ ਹਨ ਪਰ ਪੁਲਸ ਨੇ ਉਨ੍ਹਾਂ ਬਾਰੇ ਕਦੇ ਕੋਈ ਜਾਂਚ ਨਹੀਂ ਕੀਤੀ ਜਦਕਿ ਪੁਲਸ ਕਮਿਸ਼ਨਰ ਦੇ ਕਈ ਵਾਰ ਇਹ ਹੁਕਮ ਆ ਚੁੱਕੇ ਹਨ ਕਿ ਪ੍ਰਵਾਸੀਆਂ, ਪੀ. ਜੀ. ਸਮੇਤ ਹੋਰ ਕਿਰਾਏਦਾਰਾਂ ਅਤੇ ਨੌਕਰਾਂ ਦੀ ਵੈਰੀਫਿਕੇਸ਼ਨ ਨੂੰ ਸਬੰਧਤ ਥਾਣਿਆਂ ਦੀ ਪੁਲਸ ਵੱਲੋਂ ਕਰਵਾਇਆ ਜਾਵੇ ਪਰ ਇਨ੍ਹਾਂ ਹੁਕਮਾਂ ਦੀ ਥਾਣਾ ਪੁਲਸ ਵੱਲੋਂ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ : ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਦਾ ਹੋਇਆ ਐਨਕਾਊਂਟਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News