PAP ਦੇ ਗੇਟ ਨੰਬਰ 4 ਦੇ ਸਾਹਮਣੇ ਕਮਾਨੀ ਟੁੱਟਣ ’ਤੇ ਪਲਟਿਆ ਟਰੱਕ, 2 ਘੰਟੇ ਜਾਮ ਰਿਹਾ ਅੰਮ੍ਰਿਤਸਰ ਹਾਈਵੇਅ
Sunday, Dec 11, 2022 - 02:42 PM (IST)
ਜਲੰਧਰ (ਵਰੁਣ)–ਪੀ. ਏ. ਪੀ. ਦੇ ਗੇਟ ਨੰਬਰ 4 ਦੇ ਸਾਹਮਣੇ ਪਾਮ ਦੇ ਦਰੱਖਤ ਲਿਜਾ ਰਹੇ ਟਰੱਕ ਦੀ ਕਮਾਨੀ ਟੁੱਟਣ ਕਾਰਨ ਟਰੱਕ ਹਾਈਵੇਅ ’ਤੇ ਹੀ ਪਲਟ ਗਿਆ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਸਪੋਰਟਸਮੈਨ ਵੀ ਟਰੱਕ ਦੀ ਲਪੇਟ ਵਿਚ ਆਉਣ ਨਾਲ ਜ਼ਖ਼ਮੀ ਹੋ ਗਏ, ਜਦਕਿ ਟਰੱਕ ਪਲਟਣ ਨਾਲ ਦਰੱਖ਼ਤ ਵੀ ਹਾਈਵੇਅ ’ਤੇ ਖਿੱਲਰ ਗਏ। ਹਾਈਵੇਅ ਬਲਾਕ ਹੋਣ ਕਾਰਨ ਅੰਮ੍ਰਿਤਸਰ ਰੋਡ ’ਤੇ ਲੰਮਾ ਜਾਮ ਲੱਗ ਗਿਆ, ਜਿਸ ਨੂੰ ਖੁੱਲ੍ਹਵਾਉਣ ਵਿਚ 2 ਘੰਟੇ ਲੱਗ ਗਏ।
ਸ਼ਨੀਵਾਰ ਸਵੇਰੇ 8 ਵਜੇ ਪਾਮ ਦੇ ਦਰੱਖ਼ਤ ਲਿਜਾ ਰਿਹਾ ਉਕਤ ਟਰੱਕ ਪਲਟਿਆ ਤਾਂ ਟਰੈਫਿਕ ਪੁਲਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਟਰੱਕ ਪਲਟਣ ਨਾਲ ਪੀ. ਏ. ਪੀ. ਵਿਚ ਚੱਲ ਰਹੀਆਂ ਖੇਡਾਂ ਵਿਚ ਹਿੱਸਾ ਲੈਣ ਆਏ ਮੋਟਰਸਾਈਕਲ ਸਵਾਰ 2 ਸਪੋਰਟਸਮੈਨ ਵੀ ਉਸ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਇਕ ਸਪੋਰਟਸਮੈਨ ਦੀ ਲੱਤ ਦੀ ਹੱਡੀ ਟੁੱਟ ਗਈ। ਜਦੋਂ ਤੱਕ ਟਰੈਫਿਕ ਪੁਲਸ ਮੌਕੇ ’ਤੇ ਪੁੱਜੀ, ਉਦੋਂ ਤੱਕ ਜਾਮ ਲੱਗ ਚੁੱਕਾ ਸੀ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਦਾ ਸਰਕਾਰੀ ਅਧਿਆਪਕ ਬਣਿਆ ਕਿਸਾਨਾਂ ਲਈ ਮਿਸਾਲ, ਘਰ ਦੀ ਛੱਤ 'ਤੇ ਸਬਜ਼ੀਆਂ ਉਗਾ ਇੰਝ ਕਰ ਰਿਹੈ ਖੇਤੀ
ਟਰੈਫਿਕ ਪੁਲਸ ਨੇ ਕਰੇਨ ਬੁਲਾ ਕੇ ਹਾਈਵੇ ਕਲੀਅਰ ਕਰਵਾਉਣ ਦੇ ਯਤਨ ਕੀਤੇ ਪਰ ਦਰੱਖਤ ਭਾਰੇ ਅਤੇ ਵੱਡੀ ਗਿਣਤੀ ਵਿਚ ਸਨ, ਜਿਸ ਕਾਰਨ ਉਨ੍ਹਾਂ ਨੂੰ ਸਾਈਡ ’ਤੇ ਕਰਨ ਵਿਚ ਸਮਾਂ ਲੱਗ ਗਿਆ ਅਤੇ ਫਿਰ ਕਰੇਨ ਨਾਲ ਟਰੱਕ ਨੂੰ ਵੀ ਹਾਈਵੇ ਤੋਂ ਹਟਾਇਆ ਗਿਆ। ਲਗਭਗ 2 ਘੰਟੇ ਬਾਅਦ ਜਾ ਕੇ ਹਾਈਵੇਅ ਕਲੀਅਰ ਹੋਇਆ ਪਰ ਉਦੋਂ ਤੱਕ ਅੰਮ੍ਰਿਤਸਰ-ਜਲੰਧਰ ਰੋਡ ਪੂਰੀ ਤਰ੍ਹਾਂ ਨਾਲ ਜਾਮ ਹੋ ਗਿਆ ਸੀ। ਇਸ ਜਾਮ ਦਾ ਅਸਰ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਵੀ ਦੇਖਣ ਨੂੰ ਮਿਲਿਆ। ਹਾਦਸੇ ਵਿਚ ਟਰੱਕ ਚਾਲਕ ਦਾ ਵਾਲ-ਵਾਲ ਬਚਾਅ ਹੋਇਆ ਪਰ ਜ਼ਖ਼ਮੀ ਹੋਏ ਦੋਵੇਂ ਸਪੋਰਟਸਮੈਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਜਾਂਚ ਲਈ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ : ਲਤੀਫਪੁਰਾ ’ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਦੂਜੇ ਦਿਨ ਵੀ ਰਹੀ ਜਾਰੀ, ਲੋਕ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ