ਠੰਡ ਤੋਂ ਬਚਣ ਲਈ ਅੰਗੀਠੀ ਤੇ ਰੂਮ ਹੀਟਰ ਦੀ ਵਰਤੋਂ ਬਣ ਸਕਦੀ ਹੈ ਮੌਤ ਦਾ ਕਾਰਨ

Wednesday, Jan 02, 2019 - 06:18 AM (IST)

ਠੰਡ ਤੋਂ ਬਚਣ ਲਈ ਅੰਗੀਠੀ ਤੇ ਰੂਮ ਹੀਟਰ ਦੀ ਵਰਤੋਂ ਬਣ ਸਕਦੀ ਹੈ ਮੌਤ ਦਾ ਕਾਰਨ

 ਸੁਲਤਾਨਪੁਰ ਲੋਧੀ,   (ਧੀਰ)-  ਠੰਡ ਤੋਂ ਬਚਣ ਲਈ ਮਜ਼ਦੂਰਾਂ ਦੇ ਘਰਾਂ ’ਚ ਅੰਗੀਠੀ ਤੇ ਉੱਚ ਵਰਗ ਦੇ ਘਰਾਂ ’ਚ ਰੂਮ ਹੀਟਰ ਦੀ ਕੀਤੀ ਜਾਂਦੀ ਵਰਤੋਂ ਕਈ ਵਾਰ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਇਹ ਦੋਵੇਂ ਹੀ ਸਰੀਰ ’ਤੇ ਹਾਨੀਕਾਰਕ ਪ੍ਰਭਾਵ ਪਾਉਂਦੇ ਹਨ। ਲੋਕਾਂ ਵਲੋਂ ਠੰਡ ਤੋਂ ਬਚਣ ਲਈ ਬੰਦ ਕਮਰੇ ’ਚ ਅੰਗੀਠੀ ਬਾਲੀ ਜਾਂਦੀ ਹੈ ਪਰ ਇਹ ਦਿਲ ਦੀ ਬੀਮਾਰੀ ਨੂੰ ਸੱਦਾ ਦਿੰਦੀ ਹੈ। ਅੰਗੀਠੀ ਬਾਲਣ ਨਾਲ ਪੈਦਾ ਹੋਣ ਵਾਲੀ ਕਾਰਬਨ ਗੈਸ ਸਾਹ ਰਾਹੀਂ ਖੂਨ ’ਚ ਪਹੁੰਚ ਕੇ ਆਕਸੀਜਨ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ, ਜਿਸ ਨਾਲ ਕਈ ਵਾਰ ਹਾਰਟ ਅਟੈਕ ਵੀ ਹੋ ਸਕਦਾ ਹੈ। ਉੱਚ ਵਰਗ ਦੇ ਘਰਾਂ ਦੇ ਲੋਕਾਂ ਵੱਲੋਂ ਠੰਡ ਤੋਂ ਬਚਣ ਲਈ ਹੀਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਹੀਟਰ ਦੀ ਵਰਤੋਂ ਵੀ ਸਿਹਤ ਲਈ ਕਈ ਵਾਰ ਜਾਨਲੇਵਾ ਸਾਬਤ ਹੋ ਜਾਂਦੀ ਹੈ। ਜੇਕਰ ਰੂਮ ਹੀਟਰ ਨੂੰ ਸਾਵਧਾਨੀ ਨਾਲ ਇਸਤੇਮਾਲ ਨਾ ਕੀਤਾ ਜਾਵੇ ਤਾਂ ਇਹ ਸਿੱਧਾ ਮੌਤ ਨੂੰ ਸੱਦਾ ਵੀ ਦੇ ਸਕਦਾ ਹੈ। ਕਦੇ ਵੀ ਬੰਦ ਕਮਰੇ ’ਚ ਰੂਮ ਹੀਟਰ ਜਾਂ ਅੰਗੀਠੀ ਲਾ ਕੇ ਨਹੀਂ ਸੌਣਾ ਚਾਹੀਦਾ। ਬੰਦ ਕਮਰੇ ’ਚ ਅੰਗੀਠੀ ਤੇ ਹੀਟਰ ਇਸ ਕਰ ਕੇ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਅੰਗੀਠੀ ’ਚ ਵਰਤੀ ਜਾਣ ਵਾਲੀ ਲੱਕਡ਼ੀ ਜਾਂ ਕੋਲੇ ਦੇ ਬਲਣ ਨਾਲ ਕਾਰਬਨ ਮੋਨੋਆਕਸਾਈਡ ਤੋਂ ਇਲਾਵਾ ਹੋਰ ਵੀ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਤੇ ਇਹੀ ਗੈਸਾਂ ਜਾਨਲੇਵਾ ਸਾਬਤ ਹੁੰਦੀਆਂ ਹਨ। ਇਹ ਗੈਸਾਂ ਫੇਫਡ਼ਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਉਥੇ ਹੀ ਆਕਸੀਜਨ ਦੀ ਮਾਤਰਾ ਘੱਟ ਕਰ ਦਿੰਦੀਆਂ ਹਨ।
 ਕਈ ਵਾਰ ਜਦੋਂ ਬੰਦ ਕਮਰੇ ’ਚ ਰੂਮ ਹੀਟਰ ਜਾਂ ਅੰਗੀਠੀ ਬਾਲੀ ਜਾਂਦੀ ਹੈ ਤਾਂ ਇਸ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਸਾਡੇ ਸਰੀਰ ’ਚ ਪ੍ਰਵੇਸ਼ ਕਰ ਜਾਂਦੀਆਂ ਹਨ, ਜਿਸ ਨਾਲ ਆਕਸੀਜਨ ਦੀ ਸਹੀ ਮਾਤਰਾ ਸਰੀਰ ਨੂੰ ਨਹੀਂ ਮਿਲ ਪਾਉਂਦੀ ਤੇ ਬੰਦ ਕਮਰੇ ’ਚ ਸੌਂ ਰਹੇ ਵਿਅਕਤੀ ਦੀ ਇਸ ਕਾਰਨ ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਇਸ ਲਈ ਸਾਨੂੰ ਅੰਗੀਠੀ ਤੇ ਰੂਮ ਹੀਟਰ ਤੋਂ ਪੈਣ ਵਾਲੇ ਪ੍ਰਭਾਵਾਂ ਤੋਂ ਬਚਣ ਲਈ ਕਦੇ ਵੀ ਬੰਦ ਕਮਰੇ ’ਚ ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਘਰ ਦੀਆਂ ਖਿਡ਼ਕੀਆਂ ਦਰਵਾਜ਼ੇ ਖੋਲ੍ਹ ਕੇ ਰੂਮ ਹੀਟਰ ਚਲਾਉਣਾ ਚਾਹੀਦਾ ਹੈ, ਰੂਮ ਹੀਟਰਾਂ ਲਈ ਕਮਰੇ ’ਚ ਹੀ ਸਹੀ ਵੈਂਟੀਲੇਸ਼ਨ ਦੀ ਵਰਤੋਂ ਕਰਨੀ ਚਾਹੀਦਾ ਹੈ। 
 


Related News