ਕਿਰਾਏ ’ਤੇ ਦਿੱਤੇ ਹਸਪਤਾਲ ਨੂੰ ਮਾਲਕਾਂ ਨੇ ਜਬਰੀ ਠੋਕੇ ਜਿੰਦਰੇ

Wednesday, Sep 11, 2019 - 10:50 PM (IST)

ਫਗਵਾਡ਼ਾ, (ਹਰਜੋਤ)- ਚਾਹਲ ਨਗਰ ਇਲਾਕੇ ’ਚ ਇਕ ਹਸਪਤਾਲ ਜੋ 5 ਸਾਲਾਂ ਲਈ ਕਿਰਾਏ ’ਤੇ ਦਿੱਤਾ ਹੋਇਆ ਸੀ, ਨੂੰ ਮਾਲਕਾਂ ਵੱਲੋਂ ਸਟਾਫ਼ ਨੂੰ ਬਾਹਰ ਕੱਢ ਕੇ ਜਬਰੀ ਜਿੰਦਰੇ ਲਗਾਉਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਇਲਾਕੇ ’ਚ ਮਾਹੌਲ ਤਣਾਅਪੂਰਣ ਹੋ ਗਿਆ। ਜਾਣਕਾਰੀ ਦਿੰਦਿਆਂ ਹਸਪਤਾਲ ਚਲਾ ਰਹੀ ਡਾਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਉਕਤ ਹਸਪਤਾਲ ਉਸ ਨੇ ਕੁੱਝ ਮਹੀਨੇ ਪਹਿਲਾਂ 62500 ਰੁਪਏ ਪ੍ਰਤੀ ਮਹੀਨਾ ਕਿਰਾਏ ’ਤੇ ਲਿਆ ਸੀ, ਜਿਸ ਦਾ ਪੰਜ ਸਾਲਾਂ ਦਾ ਇਕਰਾਰਨਾਮਾ ਹੋਇਆ ਹੈ ਪਰ ਹਸਪਤਾਲ ਦਾ ਮਾਲਕ ਅਤੇ ਉਸ ਦੇ ਕੁੱਝ ਸਾਥੀ ਹਸਪਤਾਲ ’ਚ ਨਾਜਾਇਜ਼ ਦਖ਼ਲਅੰਦਾਜ਼ੀ ਕਰ ਕੇ ਇਸ ਨੂੰ ਖਾਲੀ ਕਰਵਾਉਣਾ ਚਾਹੁੰਦੇ ਹਨ ਪਰ ਬੀਤੀ ਰਾਤ ਉਨ੍ਹਾਂ ਹਸਪਤਾਲ ’ਚ ਮੌਜੂਦ ਨਰਸਾਂ ਅਤੇ ਸਟਾਫ਼ ਨੂੰ ਬਾਹਰ ਕੱਢ ਕੇ ਜਬਰੀ ਜਿੰਦਰੇ ਲਾ ਦਿੱਤੇ। ਇਸ ਦੌਰਾਨ ਜਦੋਂ ਉਕਤ ਮਹਿਲਾ ਡਾਕਟਰ ਆਪਣੇ ਹਸਪਤਾਲ ਪੁੱਜੀ ਤਾਂ ਦੇਖਿਆ ਕਿ ਹਸਪਤਾਲ ਦੇ ਗੇਟ ਨੂੰ ਜਿੰਦਰੇ ਲੱਗੇ ਸਨ ਅਤੇ ਹਸਪਤਾਲ ਦੇ ਬੋਰਡ ਪਾਡ਼ੇ ਹੋਏ ਸਨ ਜਿਸ ਦੀ ਸੂਚਨਾ ਉਸ ਨੇ ਪੁਲਸ ਨੂੰ ਦਿੱਤੀ ਹੈ।

ਹਸਪਤਾਲ ਦੇ ਚੇਅਰਮੈਨ ਸਿਮਰਨਜੀਤ ਸਿੰਘ ਬਡ਼ੈਚ ਨੇ ਦੱਸਿਆ ਕਿ ਹਸਪਤਾਲ ਦੇ ਮਾਲਕ ਦਾ ਡਰਾਈਵਰ ਉਨ੍ਹਾਂ ਨੂੰ ਲਗਾਤਾਰ ਧਮਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਨੂੰ ਕੁੱਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਪੀਡ਼ਤ ਪਾਰਟੀ ਦਾ ਦੋਸ਼ ਹੈ ਕਿ ਪੁਲਸ ਵੱਲੋਂ ਕਾਰਗੁਜ਼ਾਰੀ ਢਿੱਲੀ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਵੱਲੋਂ ਸ਼ਰੇਆਮ ਧੱਕਾ ਕੀਤਾ ਗਿਆ ਹੈ ਪਰ ਪੁਲਸ ਫ਼ਿਲਹਾਲ ਕਾਰਵਾਈ ਕਰਨ ਨੂੰ ਤਿਆਰ ਨਹੀਂ। ਇਸ ਦੌਰਾਨ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਵਿਜੈਕੰਵਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਦੋਵਾਂ ਧਿਰਾਂ ਦਾ ਪੱਖ ਸੁਣਿਆ ਅਤੇ ਉਨ੍ਹਾਂ ਨੂੰ ਗੱਲਬਾਤ ਲਈ ਥਾਣੇ ਬੁਲਾਇਆ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦਾ ਪੱਖ ਸੁਣ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


Bharat Thapa

Content Editor

Related News