ਬਿਕਰਮ ਮਜੀਠੀਆ ਦੀ ਜ਼ਮਾਨਤ ''ਤੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ: ਚੌਧਰੀ ਮਿਆਣੀ, ਲੱਖੀ ਗਿਲਜੀਆਂ
Tuesday, Feb 03, 2026 - 08:17 PM (IST)
ਟਾਂਡਾ ਉੜਮੁੜ, (ਪਰਮਜੀਤ ਸਿੰਘ ਮੋਮੀ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਵੱਡੀ ਰਾਹਤ ਇੱਕ ਸਚਾਈ ਦੀ ਜਿੱਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਰੱਬ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ, ਭਾਵੇਂ ਕਿ ਫੈਸਲਾ ਆਉਣ 'ਚ ਦੇਰ ਲੱਗੀ ਪਰ ਇਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਝੂਠ ਜਿੰਨ੍ਹਾਂ ਮਰਜ਼ੀ ਜ਼ੋਰ ਲਗਾ ਲਵੇ ਪਰ ਝੂਠ ਨੂੰ ਇਕ ਨਾ ਇਕ ਦਿਨ ਹਾਰ ਦਾ ਮੂੰਹ ਹੀ ਨਸੀਬ ਹੁੰਦਾ ਹੈ।
ਚੌਧਰੀ ਮਿਆਣੀ ਤੇ ਲੱਖੀ ਗਿਲਜੀਆਂ ਨੇ ਹੋਰ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਿਕਰਮ ਸਿੰਘ ਮਜੀਠੀਆ 'ਤੇ ਰੰਜਿਸ਼ ਤਹਿਤ ਆਮਦਨ ਤੋਂ ਵਧੇਰੇ ਜਾਇਦਾਦ ਸਬੰਧੀ 2 ਝੂਠੇ ਪਰਚੇ ਦਰਜ ਕਰਵਾਏ, ਜਿਸ ਤਹਿਤ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਿਆ।
ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਰਾਜਨੀਤਿਕ ਬਦਲਾਖੋਰੀ ਤਹਿਤ ਝੂਠੇ ਕੇਸਾਂ 'ਚ ਫਸਾਇਆ ਗਿਆ ਸੀ ਪਰ ਅਦਾਲਤ ਦੇ ਫ਼ੈਸਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਜ਼ਮਾਨਤ ਉਨ੍ਹਾਂ ਲੋਕਾਂ ਲਈ ਵੀ ਸਖ਼ਤ ਸੁਨੇਹਾ ਹੈ ਜੋ ਸਰਕਾਰੀ ਏਜੰਸੀਆਂ ਦਾ ਗਲਤ ਇਸਤੇਮਾਲ ਕਰਕੇ ਵਿਰੋਧੀਆਂ ਦੀ ਆਵਾਜ਼ ਦਬਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਮਜੀਠੀਆ ਨੇ ਹਮੇਸ਼ਾਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜੀ ਹੈ ਅਤੇ ਭਵਿੱਖ 'ਚ ਵੀ ਉਹ ਹੋਰ ਵੱਧ ਜੋਸ਼ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਨੇ ਮਾਣਯੋਗ ਅਦਾਲਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਸਾਫ਼ ਪ੍ਰਣਾਲੀ 'ਤੇ ਲੋਕਾਂ ਦਾ ਵਿਸ਼ਵਾਸ ਅਜੇ ਵੀ ਕਾਇਮ ਹੈ। ਇਸ ਮੌਕੇ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਅਤੇ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਬਿਕਰਮ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਜਿਆਦਾ ਮਜਬੂਤ ਹੋ ਕੇ ਉਭਰੇਗਾ ਅਤੇ ਮੌਜੂਦਾ ਸਰਕਾਰ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਫਿਰ ਤੋਂ ਤਿਆਰ ਬਰ ਤਿਆਰ ਰਹੇਗਾ।
