ਸਰਕਾਰ ਦੀ ਨਲਾਇਕੀ ਕਾਰਨ ਦੂਜੀ ਵਾਰ ਹੋਈ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਭੰਨ੍ਹ-ਤੋੜ : ਨਿਮਿਸ਼ਾ ਮਹਿਤਾ
Tuesday, Mar 31, 2026 - 08:00 PM (IST)
ਹੁਸ਼ਿਆਰਪੁਰ- ਹਲਕਾ ਗੜ੍ਹਸ਼ੰਕਰ ਦੇ ਪਿੰਡ ਨੂਰਪੂਰ ਜੱਟਾਂ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਦੂਜੀ ਵਾਰੀ ਹੋਈ ਭੰਨ-ਤੋੜ ਦੀ ਘਟਨਾ ਦੀ ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਸਖਤ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰ ਜਦੋਂ ਨੂਰਪੁਰ ਜੱਟਾਂ ਵਿੱਚ ਡਾਕਟਰ ਭੀਮ ਰਾਓ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਉਸ ਵੇਲੇ ਗੁਨਾਹਗਾਰਾਂ ਨੂੰ ਫੜ ਕੇ ਸੀਖਾਂ ਪਿੱਛੇ ਸੁੱਟਿਆ ਹੁੰਦਾ ਤਾਂ ਸ਼ਾਇਦ ਅੱਜ ਇਹ ਹਾਦਸਾ ਨਾ ਵਾਪਰਦਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ, ਡਾਕਟਰ ਭੀਰ ਰਾਓ ਅੰਬੇਡਕਰ ਜੀ ਦੀਆਂ ਮੂਰਤੀਆਂ ਨਾਲ ਕੀਤੀ ਜਾ ਰਹੀ ਇਸ ਬੇਅਦਬੀ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਜ਼ਰ ਨਹੀਂ ਆ ਰਹੀ।
ਨਿਮਿਸ਼ਾ ਮਹਿਤਾ ਨੇ ਪੰਜਾਬ ਪੁਲਸ ਨੂੰ ਵੀ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਪੁਲਸ ਵਿਭਾਗ ਕੋਲ ਵੀ.ਆਈ.ਪੀ. ਬੰਦਿਆਂ ਨੂੰ ਗੰਨਮੈਨ ਦੇਣ ਲਈ ਤਾਂ ਨਫਰੀ ਬਹੁਤ ਹੈ ਪਰ ਜਦੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਦੀ ਸੁਰੱਖਿਆ ਦੀ ਜਾਂ ਆਮ ਲੋਕਾਂ ਨਾਲ ਹੋ ਰਹੇ ਅਪਰਾਧਾਂ ਦੀ ਗੱਲ ਆਉਂਦੀ ਹੈ ਤਾਂ ਪੁਲਸ ਕੋਲ ਨਫਰੀ ਦੀ ਕਮੀ ਆ ਜਾਂਦੀ ਹੈ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਾਕਟਰ ਭੀਮ ਰਾਓ ਦੀਆਂ ਤਸਵੀਰਾਂ ਸਿਰਫ ਦਿਖਾਵੇ ਲਈ ਦਫਤਰਾਂ ਵਿੱਚ ਲਗਾਈਆਂ ਹੋਈਆਂ ਹਨ ਅਤੇ ਜੇਕਰ ਇਹ ਸੱਚਮੁੱਚ ਉਸ ਸਖਸ਼ੀਅਤ ਨੂੰ ਲੈ ਕੇ ਗੰਭੀਰ ਹੁੰਦੇ ਤਾਂ ਪਹਿਲੀ ਬੇਅਦਬੀ ਤੋਂ ਬਾਅਦ ਪੁਲਸ ਮੁਲਜ਼ਮਾਂ ਨੂੰ ਪੁਲਸ ਫੜ ਕੇ ਜੇਲ੍ਹਾਂ 'ਚ ਜ਼ਰੂਰ ਡਕਦੀ ਅਤੇ ਅੱਜ ਦੂਜੀ ਵਾਰ ਉਸੇ ਸਥਾਨ ਅਤੇ ਉਸੇ ਪਿੰਡ ਵਿੱਚ ਇਹ ਹਾਦਸਾ ਨਾ ਵਾਪਰਦਾ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬੇਸ਼ੱਕ ਇਹ ਸ਼ਰਾਰਤ ਦੂਜੀ ਵਾਰ ਗੁਰਪਤਵੰਤ ਪੰਨੂ ਵੱਲੋਂ ਪੰਜਾਬ ਵਿਚ ਪੰਜਾਬ ਦਾ ਮਾਹੌਲ ਖਰਾਬ ਕਰਾਉਣ ਲਈ ਕੀਤੀ ਗਈ ਹੈ ਪਰ ਜੇਕਰ ਗੜ੍ਹਸ਼ੰਕਰ ਪੁਲਸ ਨੇ ਪਿੱਛਲੇ ਸਾਲ ਹੋਈ ਇਸੇ ਸਥਾਨ 'ਤੇ ਇਹ ਘਟਨਾ ਨੂੰ ਗੰਭੀਰਤਾ ਨਾ ਲੈ ਕੇ ਅਪਰਾਧੀਆਂ ਨੂੰ ਫੜ ਕੇ ਅੰਦਰ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ। ਉਨ੍ਹਾਂ ਕਿਹਾ ਕਿ ਗੁਰਪਤਵੰਤ ਪੰਨੂ ਵਰਗੇ ਅੱਤਵਾਦੀ ਪੁਲਸ ਦੀ ਢਿੱਲੀ ਕਰਗੁਜ਼ਾਰੀ ਕਾਰਨ ਇੱਥੇ ਆਪਣੇ ਪੈਰ ਪਸਾਰ ਰਹੇ ਹਨ। ਭਾਜਪਾ ਆਗੂ ਨਮੀਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਪੰਜਾਬ ਪੁਲਸ ਨੇ 5 ਦਿਨਾਂ ਅੰਦਰ ਮੁਲਜ਼ਮਾਂ ਨੂੰ ਨਾ ਫੜਿਆ ਤਾਂ ਗੜ੍ਹਸ਼ੰਕਰ ਭਾਜਪਾ ਸੜਕਾਂ 'ਤੇ ਉਤਰੇਗੀ।
