ਨਵੇਂ ਕਮਿਸ਼ਨਰ ਦੇ ਆਉਂਦੇ ਹੀ ਪ੍ਰਾਈਵੇਟ ਠੇਕੇਦਾਰ ਨੇ ਠੱਪ ਕਰ ਦਿੱਤਾ ਅੱਧੇ ਸ਼ਹਿਰ ’ਚੋਂ ਕੂੜਾ ਚੁੱਕਣ ਦਾ ਕੰਮ

Sunday, Feb 04, 2024 - 12:06 PM (IST)

ਨਵੇਂ ਕਮਿਸ਼ਨਰ ਦੇ ਆਉਂਦੇ ਹੀ ਪ੍ਰਾਈਵੇਟ ਠੇਕੇਦਾਰ ਨੇ ਠੱਪ ਕਰ ਦਿੱਤਾ ਅੱਧੇ ਸ਼ਹਿਰ ’ਚੋਂ ਕੂੜਾ ਚੁੱਕਣ ਦਾ ਕੰਮ

ਜਲੰਧਰ (ਖੁਰਾਣਾ)–ਸਵੱਛ ਭਾਰਤ ਮੁਹਿੰਮ ਅਤੇ ਸਮਾਰਟ ਸਿਟੀ ਮਿਸ਼ਨ ਤੋਂ ਕਰੋੜਾਂ ਰੁਪਏ ਦੀ ਗ੍ਰਾਂਟ ਆਉਣ ਦੇ ਬਾਵਜੂਦ ਕਿਸੇ ਵੀ ਸਰਕਾਰ ਤੋਂ ਹੁਣ ਤਕ ਜਲੰਧਰ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਹੋਇਆ। ਜਿੰਦਲ ਕੰਪਨੀ ਦੇ ਜਾਣ ਤੋਂ ਬਾਅਦ ਸ਼ਹਿਰ ਵਿਚ ਕੂੜੇ ਦੀ ਪ੍ਰੋਸੈਸਿੰਗ ਦਾ ਨਾ ਕੋਈ ਪਲਾਨ ਬਣਿਆ ਅਤੇ ਨਾ ਕੋਈ ਪ੍ਰਾਜੈਕਟ ਕਾਮਯਾਬ ਹੀ ਹੋਇਆ। ਅਜਿਹੀ ਹਾਲਤ ਵਿਚ ਜਲੰਧਰ ਨਗਰ ਨਿਗਮ ਸ਼ਹਿਰ ਦੇ ਕੂੜੇ ਨੂੰ ਇਕ ਥਾਂ ਤੋਂ ਚੁੱਕ ਕੇ ਦੂਜੀ ਥਾਂ ’ਤੇ ਸੁੱਟਣ ਦੇ ਕੰਮ ਵਿਚ ਹੀ ਲੱਗਾ ਹੋਇਆ ਹੈ, ਜਿਸ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼ਹਿਰ ਦੀ ਸਾਫ-ਸਫਾਈ ਲਈ ਜਿਥੇ ਨਿਗਮ ਕੋਲ ਅਣਗਿਣਤ ਗੱਡੀਆਂ ਸਨ, ਉਥੇ ਹੀ ਕੂੜੇ ਦੀ ਲਿਫਟਿੰਗ ਲਈ ਨਗਰ ਨਿਗਮ ਪ੍ਰਾਈਵੇਟ ਠੇਕੇਦਾਰਾਂ ਦੀਆਂ ਸੇਵਾਵਾਂ ਵੀ ਲੈਂਦਾ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਕੰਮ ’ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।
ਹੁਣ ਮੌਜੂਦਾ ਕਮਿਸ਼ਨਰ ਗੌਤਮ ਜੈਨ ਨੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਦਰੁੱਸਤ ਕਰਨ ਅਤੇ ਸਿਸਟਮ ਨੂੰ ਸਹੀ ਕਰਨ ਦਾ ਪਲਾਨ ਤਾਂ ਬਣਾਇਆ ਹੈ ਪਰ ਉਨ੍ਹਾਂ ਦੇ ਆਉਂਦੇ ਹੀ ਸ਼ਹਿਰ ਵਿਚ ਅਜੀਬ ਹਾਲਾਤ ਬਣ ਗਏ ਹਨ। ਪਤਾ ਲੱਗਾ ਹੈ ਕਿ ਸ਼ਹਿਰ ਦੀ ਸਾਫ਼-ਸਫ਼ਾਈ ਵਿਚ ਲੱਗੇ 2 ਵਿਚੋਂ ਇਕ ਪ੍ਰਾਈਵੇਟ ਠੇਕੇਦਾਰ ਨੇ ਤੁਰੰਤ ਪ੍ਰਭਾਵ ਨਾਲ ਸ਼ਹਿਰ ਵਿਚੋਂ ਕੂੜੇ ਦੀ ਲਿਫਟਿੰਗ ਦਾ ਕੰਮ ਠੱਪ ਕਰਨ ਦਾ ਐਲਾਨ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਸਮੇਂ ਇਸ ਠੇਕੇਦਾਰ ਆਕਾਸ਼ ਅਤੇ ਸਤਪਾਲ ਆਦਿ ਵੱਲੋਂ ਸ਼ਹਿਰ ਵਿਚ 13 ਟਰੈਕਟਰ-ਟਰਾਲੀਆਂ ਜ਼ਰੀਏ ਲਗਭਗ 30-35 ਵਾਰਡਾਂ ਦਾ ਕੂੜਾ ਚੁੱਕਿਆ ਜਾ ਰਿਹਾ ਹੈ ਅਤੇ 6-7 ਵੱਡੇ ਡੰਪ ਸਥਾਨਾਂ ਦਾ ਕੂੜਾ ਵੀ ਇਸੇ ਠੇਕੇਦਾਰ ਦੇ ਟਿੱਪਰ ਚੁੱਕਦੇ ਹਨ, ਜਿਨ੍ਹਾਂ ਵਿਚ ਰਾਮਾ ਮੰਡੀ, ਰੇਡੀਓ ਸਟੇਸ਼ਨ ਡੰਪ, ਮਾਡਲ ਟਾਊਨ ਡੰਪ ਆਦਿ ਸ਼ਾਮਲ ਹਨ। ਠੇਕੇਦਾਰ ਦਾ ਕਹਿਣਾ ਹੈ ਕਿ ਉਸ ਨੇ ਕਈ ਵਾਰ ਅਧਿਕਾਰੀਆਂ ਨੂੰ ਮੰਗ-ਪੱਤਰ ਦਿੱਤੇ ਤੇ ਉਸਨੂੰ ਪੇਮੈਂਟ ਦਿੱਤੀ ਜਾਵੇ, ਜੋ ਲਗਭਗ ਡੇਢ ਕਰੋੜ ਰੁਪਏ ਬਣ ਚੁੱਕੀ ਹੈ ਪਰ ਇਸ ਮਾਮਲੇ ਵਿਚ ਕੋਈ ਐਕਸ਼ਨ ਨਹੀਂ ਹੋਇਆ, ਜਿਸ ਕਾਰਨ ਉਸਨੇ ਕੰਮ ਬੰਦ ਕਰ ਦਿੱਤਾ ਹੈ। ਠੇਕੇਦਾਰ ਨੇ ਦੱਸਿਆ ਿਕ ਉਸਨੇ ਵੀਰਵਾਰ ਤੋਂ ਹੀ ਡੰਪ ਸਥਾਨਾਂ ਤੋਂ ਕੂੜੇ ਦੀ ਲਿਫਟਿੰਗ ਦਾ ਕੰਮ ਬੰਦ ਕਰ ਦਿੱਤਾ ਹੈ ਅਤੇ ਹੁਣ ਐਤਵਾਰ ਤੋਂ ਟਰੈਕਟਰ-ਟਰਾਲੀਆਂ ਵੀ ਨਹੀਂ ਚੱਲਣਗੀਆਂ।
ਹੁਣ ਵੇਖਣਾ ਹੋਵੇਗਾ ਕਿ ਨਵੇਂ ਕਮਿਸ਼ਨਰ ਗੌਤਮ ਜੈਨ ਇਸ ਸਮੱਸਿਆ ਦਾ ਕਿਸ ਤਰ੍ਹਾਂ ਸਾਹਮਣਾ ਕਰਦੇ ਹਨ ਕਿਉਂਕਿ ਜੇਕਰ ਅੱਧੇ ਸ਼ਹਿਰ ਵਿਚੋਂ ਕੂੜਾ ਨਹੀਂ ਚੁੱਕਿਆ ਜਾਂਦਾ ਤਾਂ ਸਾਫ-ਸਫਾਈ ਦੇ ਹਾਲਾਤ ਬਹੁਤ ਵਿਗੜ ਸਕਦੇ ਹਨ, ਜੋ ਆਉਣ ਵਾਲੀਆਂ ਚੋਣਾਂ ਵਿਚ ਸੱਤਾ ਧਿਰ ਲਈ ਖਤਰਨਾਕ ਵੀ ਸਾਬਿਤ ਹੋ ਸਕਦੇ ਹਨ।

ਇਹ ਵੀ ਪੜ੍ਹੋ:  ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਡਰੋਨ ਜ਼ਰੀਏ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

ਅਜੇ ਤਾਂ ਹੜਤਾਲ ਅਤੇ ਅੰਦੋਲਨਾਂ ਦੀ ਨੌਬਤ ਵੀ ਆਵੇਗੀ
ਪਿਛਲੇ ਕੁਝ ਸਾਲਾਂ ਤੋਂ ਜਲੰਧਰ ਸ਼ਹਿਰ ਦੀ ਸਫ਼ਾਈ ਵਿਵਸਥਾ ਲਗਾਤਾਰ ਵਿਗੜਦੀ ਚਲੀ ਜਾ ਰਹੀ ਹੈ, ਜਿਸ ਕਾਰਨ ਮਾਡਲ ਟਾਊਨ ਡੰਪ, ਫੋਲੜੀਵਾਲ ਡੰਪ ਅਤੇ ਜੋਤੀ ਨਗਰ ਡੰਪ ਨੂੰ ਲੈ ਕੇ ਜਨ-ਅੰਦੋਲਨ ਤਕ ਹੋਏ। ਇਸ ਵਿਚ ਨਿਗਮ ਵਿਚ ਆਏ ਦਿਨ ਹੁੰਦੀਆਂ ਰਹੀਆਂ ਹੜਤਾਲਾਂ ਦਾ ਵੀ ਯੋਗਦਾਨ ਰਿਹਾ। ਸ਼ਨੀਵਾਰ ਵੀ ਸ਼ਹਿਰ ਦੇ ਅੰਦਰ ਸਥਿਤ ਡੰਪ ਸਥਾਨ ਨਾ ਸਿਰਫ਼ ਸਾਰਾ-ਸਾਰਾ ਦਿਨ ਭਰੇ ਰਹਿੰਦੇ ਹਨ, ਸਗੋਂ ਮੇਨ ਸੜਕਾਂ ’ਤੇ ਵੀ ਕੂੜੇ ਦੇ ਢੇਰ ਆਮ ਵੇਖੇ ਜਾ ਸਕਦੇ ਹਨ। ਇਸੇ ਕਾਰਨ ਪਿਛਲੇ ਸਾਲਾਂ ਦੌਰਾਨ ਸਵੱਛਤਾ ਸਰਵੇਖਣ ਵਿਚ ਜਲੰਧਰ ਨਿਗਮ ਦੀ ਰੈਂਕਿੰਗ ਲਗਾਤਾਰ ਡਿੱਗਦੀ ਜਾ ਰਹੀ ਹੈ। ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੀ ਨਿਗਮ ਦੀ ਕਾਰਗੁਜ਼ਾਰੀ ਤੋਂ ਕਾਫੀ ਨਾਰਾਜ਼ ਹਨ। ਨਿਗਮ ਤੋਂ ਅਜੇ ਤਕ ਵਰਿਆਣਾ ਡੰਪ ਦੀ ਸਮੱਸਿਆ ਦਾ ਵੀ ਕੋਈ ਹੱਲ ਨਹੀਂ ਹੋ ਸਕਿਆ ਅਤੇ ਕੂੜੇ ਨੂੰ ਮੈਨੇਜ ਕਰਨ ਲਈ ਬਾਇਓ-ਮਾਈਨਿੰਗ ਪਲਾਂਟ ਲਾਉਣ ਦੇ ਨਾਂ ’ਤੇ ਵੀ ਕੁਝ ਨਹੀਂ ਹੋਇਆ।

PunjabKesari

ਹੁਣ ਜਦੋਂ ਕਿ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਨਿਗਮ ਦੇ ਸਫਾਈ ਕਰਮਚਾਰੀਆਂ ਦੀ ਪੱਕੀ ਭਰਤੀ ਸਬੰਧੀ ਪ੍ਰਸਤਾਵ ’ਤੇ ਕੋਈ ਫੈਸਲਾ ਨਹੀਂ ਹੋਇਆ। ਅਜਿਹੇ ਵਿਚ ਯੂਨੀਅਨਾਂ ਦੀ ਹੜਤਾਲ ਆਉਣ ਵਾਲੇ ਸਮੇਂ ਵਿਚ ਨਿਸ਼ਚਿਤ ਹੈ। ਦੂਜੇ ਪਾਸੇ ਨਿਗਮ ਵੱਲੋਂ ਫੋਲੜੀਵਾਲ ਵਿਚ ਕੂੜੇ ਤੋਂ ਖਾਦ ਬਣਾਉਣ ਵਾਲਾ ਜਿਹੜਾ ਕਾਰਖਾਨਾ ਲਾਇਆ ਜਾ ਰਿਹਾ ਹੈ, ਉਸਨੂੰ ਲੈ ਕੇ ਵੀ ਐਕਸ਼ਨ ਕਮੇਟੀ ਬਣ ਗਈ ਹੈ ਅਤੇ ਵਿਰੋਧ ਸ਼ੁਰੂ ਹੋ ਗਿਆ ਹੈ।

ਨਿਗਮ ਕਮਿਸ਼ਨਰ ਵੱਲੋਂ ਐੱਨ. ਜੀ. ਟੀ. ਨੂੰ ਭੇਜਿਆ ਗਿਆ ਐਫੀਡੇਵਿਟ ਝੂਠਾ ਸਾਬਿਤ ਹੋਣ ਲੱਗਾ
ਕੁਝ ਦਿਨ ਪਹਿਲਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੂੰ ਭੇਜੇ ਗਏ ਇਕ ਐਫੀਡੇਵਿਟ ਵਿਚ ਉਸ ਸਮੇਂ ਦੇ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਨੇ ਸਾਫ ਸ਼ਬਦਾਂ ਵਿਚ ਕਿਹਾ ਸੀ ਕਿ ਹੁਣ ਸ਼ਹਿਰ ਵਿਚ ਕੂੜੇ ਨਾਲ ਲੱਦੀਆਂ ਸਾਰੀਆਂ ਗੱਡੀਆਂ ਤਰਪਾਲ ਨਾਲ ਢਕ ਕੇ ਚੱਲਦੀਆਂ ਹਨ। ਆਪਣੇ ਦਾਅਵੇ ਦੀ ਪੁਸ਼ਟੀ ਵਿਚ ਸਾਬਕਾ ਕਮਿਸ਼ਨਰ ਨੇ ਤਰਪਾਲ ਨਾਲ ਢਕੇ ਵਾਹਨਾਂ ਦੀ ਫੋਟੋ ਵੀ ਭੇਜੀ ਸੀ ਅਤੇ ਨਗਰ ਨਿਗਮ ਦੇ ਕੂੜਾ ਢੋਣ ਵਾਲੇ ਵਾਹਨਾਂ ਅਤੇ ਪ੍ਰਾਈਵੇਟ ਠੇਕੇਦਾਰਾਂ ਦੀਆਂ ਗੱਡੀਆਂ ਦਾ ਵੱਖ-ਵੱਖ ਜ਼ਿਕਰ ਕੀਤਾ ਸੀ। ਹੁਣ ਸਾਹਮਣੇ ਆ ਰਿਹਾ ਹੈ ਕਿ ਨਿਗਮ ਕਮਿਸ਼ਨਰ ਨੇ ਐੱਨ. ਜੀ. ਟੀ. ਨੂੰ ਜੋ ਐਫੀਡੇਵਿਟ ਭੇਜਿਆ ਸੀ, ਉਹ ਝੂਠਾ ਸਾਬਿਤ ਹੋ ਰਿਹਾ ਹੈ ਕਿਉਂਕਿ ਨਿਗਮ ਦੀ ਕੋਈ ਵੀ ਗੱਡੀ ਤਰਪਾਲ ਨਾਲ ਢਕ ਕੇ ਨਹੀਂ ਨਿਕਲਦੀ।

ਇਹ ਵੀ ਪੜ੍ਹੋ:  ਕੈਨੇਡਾ 'ਚੋਂ ਆਈ ਕਬੱਡੀ ਖਿਡਾਰੀ ਤਲਵਿੰਦਰ ਦੀ ਲਾਸ਼, ਭੈਣਾਂ ਨੇ ਸਿਹਰਾ ਸਜਾ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਜ਼ਿਕਰਯੋਗ ਹੈ ਕਿ ਇਸ ਸਮੇਂ ਜਲੰਧਰ ਸ਼ਹਿਰ ਵਿਚੋਂ ਹਰ ਰੋਜ਼ 500 ਟਨ ਦੇ ਲਗਭਗ ਕੂੜਾ ਨਿਕਲਦਾ ਹੈ, ਜਿਸ ਨੂੰ ਵਰਿਆਣਾ ਅਤੇ ਹੋਰ ਡੰਪ ਸਥਾਨਾਂ ’ਤੇ ਪਹੁੰਚਾਉਣ ਲਈ ਨਿਗਮ ਆਪਣੀਆਂ 100 ਅਤੇ ਪ੍ਰਾਈਵੇਟ ਠੇਕੇਦਾਰਾਂ ਦੀਆਂ ਲਗਭਗ 50 ਗੱਡੀਆਂ ਦੀ ਵਰਤੋਂ ਕਰਦਾ ਹੈ। ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਿਗਮ ਸ਼ਹਿਰ ਦਾ ਕੂੜਾ ਢੋਣ ਲਈ ਜੋ ਗੱਡੀਆਂ ਵਰਤਦਾ ਰਿਹਾ ਹੈ, ਉਹ ਬਹੁਤ ਖਸਤਾ ਹਾਲਤ ਵਿਚ ਹਨ। ਵਧੇਰੇ ਗੱਡੀਆਂ ਦੇ ਪਿੱਛੇ ‘ਡਾਲਾ’ ਤਕ ਨਹੀਂ ਹੁੰਦਾ ਅਤੇ ਕੋਈ ਵੀ ਗੱਡੀ ਤਰਪਾਲ ਨਾਲ ਢਕੀ ਹੋਈ ਨਹੀਂ ਹੁੰਦੀ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਇਹ ਗੱਡੀਆਂ ਕੂੜਾ ਖਿਲਾਰਦੇ ਹੋਏ ਜਾਂਦੀਆਂ ਹਨ। ਮੌਜੂਦਾ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਧਰਮਪਤਨੀ ਮੈਡਮ ਸੁਨੀਤਾ ਰਿੰਕੂ ਜਦੋਂ ਨਿਗਮ ਵਿਚ ਕੌਂਸਲਰ ਸਨ, ਉਦੋਂ ਉਨ੍ਹਾਂ ਲਗਭਗ 3 ਸਾਲ ਪਹਿਲਾਂ ਕੌਂਸਲਰ ਹਾਊਸ ਵਿਚ ਇਹ ਮੁੱਦਾ ਉਠਾਇਆ ਸੀ ਪਰ 3 ਸਾਲਾਂ ਵਿਚ ਨਿਗਮ ਇਕ ਵੀ ਕੂੜੇ ਨਾਲ ਭਰੀ ਗੱਡੀ ਨੂੰ ਤਰਪਾਲ ਨਾਲ ਨਹੀਂ ਢਕ ਸਕਿਆ। ਹਾਲਾਂਕਿ ਉਸ ਸਮੇਂ ਕਾਂਗਰਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ।

ਇਹ ਵੀ ਪੜ੍ਹੋ:   ਸੁਲਤਾਨਪੁਰ ਲੋਧੀ 'ਚ ਛੱਪੜ 'ਚੋਂ ਮਿਲਿਆ ਨਵਜੰਮੀ ਬੱਚੀ ਦਾ ਭਰੂਣ, ਫੈਲੀ ਸਨਸਨੀ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


author

shivani attri

Content Editor

Related News